Nabaz-e-punjab.com

ਗਿਆਨ ਦਾ ਸੋਮਾ ਬਣ ਰਹੀਆਂ ਪੰਜਾਬ ਦੇ ਸਰਕਾਰੀ ਸਮਾਰਟ ਸਕੂਲਾਂ ਦੀਆਂ ਖੂਬਸੂਰਤ ਇਮਾਰਤਾਂ

ਵਿਦਿਆਰਥੀ ਸਿਰਫ਼ ਜਮਾਤ ਵਿੱਚ ਹੀ ਨਹੀਂ ਸਗੋਂ ਸਕੂਲ ਇਮਾਰਤ ਦਾ ਹਰ ਕੋਨਾ ਵੀ ਕੁਝ ਨਾ ਕੁਝ ਸਿਖਾ ਰਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਕੋਈ ਸਮਾਂ ਸੀ ਜਦੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਸਧਾਰਨ ਦਿੱਖ ਵਾਲੀਆਂ ਸਨ। ਇੱਕਾ-ਦੁੱਕਾ ਕੰਧਾਂ ਉੱਤੇ ਲੋੜ ਅਨੁਸਾਰ ਨੈਤਿਕ ਕਦਰਾਂ-ਕੀਮਤਾਂ ਦੇ ਮਾਟੋ ਲਿਖ ਕੇ ਵਿਦਿਆਰਥੀਆਂ ਦੇ ਸਿਰਫ਼ ਪੜ੍ਹਨ ਕੌਸ਼ਲ ਦਾ ਵਿਕਾਸ ਕੀਤਾ ਜਾਂਦਾ ਸੀ। ਲੱਖਾਂ ਰੁਪਏ ਦੀ ਮਲਕੀਅਤ ਦੀ ਯੋਗ ਵਰਤੋਂ ਦੀ ਕਮੀ ਕਰਕੇ ਅਜਾਈਂ ਜਾਣਾ ਆਮ ਵਰਤਾਰਾ ਸੀ ਪਰ ਪਿਛਲੇ ਦੋ ਸਾਲਾਂ ਤੋਂ ਜਿੱਥੇ ਸਕੂਲ ਮੁਖੀਆਂ ਅਤੇ ਮਿਹਨਤੀ ਅਧਿਆਪਕਾਂ ਨੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਿੱਖਿਆ ਸਕੱਤਰ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਦੀ ਪ੍ਰੇਰਨਾ ਸਦਕਾ ਸਰਕਾਰੀ ਸਕੂਲਾਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ, ਚਾਰਦੀਵਾਰੀਆਂ, ਦਰਵਾਜ਼ਿਆਂ, ਛੱਤਾਂ, ਥੰਮ੍ਹਾਂ ਅਤੇ ਸਕੂਲ ਵਿੱਚ ਮੌਜੂਦ ਪੁਰਾਤਨ ਵਸਤਾਂ ਦੀ ਸਿੱਖਣ-ਸਿਖਾਉਣ ਸਮੱਗਰੀ ਵਜੋਂ ਬਾਖ਼ੂਬੀ ਵਰਤੋਂ ਕਰਕੇ ਸਰਕਾਰੀ ਸਕੂਲਾਂ ਦੀ ਦਿੱਖ ਬਦਲੀ ਗਈ, ਉੱਥੇ ਵਿਦਿਆਰਥੀਆਂ ਅੰਦਰ ਸਿੱਖਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੱਤਾ ਹੈ। ਬਾਲਾ (ਬਿਲਡਿੰਗ ਐਜ ਲਰਨਿੰਗ ਏਡ) ਨੇ ਸਕੂਲਾਂ ਦੀਆਂ ਇਮਾਰਤਾਂ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ। ਲੱਖਾਂ-ਕਰੋੜਾਂ ਰੁਪਏ ਦੀਆਂ ਸਕੂਲੀ ਇਮਾਰਤਾਂ ‘ਤੇ ਕੇਵਲ ਹਜ਼ਾਰਾਂ ਰੁਪਏ ਲਗਾ ਕੇ ਸਿੱਖਣ-ਸਿਖਾਉਣ ਸਮੱਗਰੀ ਦਾ ਵੱਡਾ ਸਰੋਤ ਤਿਆਰ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸਟੇਟ ਕੋਆਰਡੀਨੇਟਰ ਸਮਾਰਟ ਸਕੂਲ ਅਤੇ ਬਾਲਾ ਵਿਸ਼ੇ ਦੇ ਮਾਹਰ ਅਮਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਦਰਜਨਾਂ ਫੋਨ ਇਸੇ ਵਿਸ਼ੇ ਨਾਲ ਸਬੰਧਤ ਆ ਰਹੇ ਹਨ। ਕਈ ਅਧਿਆਪਕ ਉਨ੍ਹਾਂ ਤੋਂ ਬਾਲਾ ਦੇ ਕੰਮ ਸਬੰਧੀ ਸੁਝਾਅ ਲੈਂਦੇ ਹਨ ਅਤੇ ਬਹੁਤ ਸਾਰੇ ਅਧਿਆਪਕਾਂ ਤੋਂ ਉਨ੍ਹਾਂ ਨੂੰ ਨਵੇਂ ਰਚਨਾਤਮਿਕ ਵਿਚਾਰ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਸਕੂਲ ਦਾ ਵਿਦਿਆਰਥੀ ਸਿਰਫ਼ ਜਮਾਤ ਵਿੱਚ ਹੀ ਨਹੀਂ ਸਿੱਖਦਾ ਸਗੋਂ ਇਮਾਰਤ ਦਾ ਹਰ ਕੋਨਾ ਉਨ੍ਹਾਂ ਨੂੰ ਕੁਝ ਨਾ ਕੁਝ ਸਿਖਾ ਰਿਹਾ ਹੈ।
ਇਸ ਸਬੰਧੀ ਇੱਥੋਂ ਦੇ ਫੇਜ਼-9 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਸਕੂਲ ਦੀ ਦਿੱਖ ਬਹੁਤ ਚੰਗੀ ਨਹੀਂ ਸੀ ਹੁਣ ਉਨ੍ਹਾਂ ਨੇ ਸਮਾਜ ਸੇਵੀ ਵਿਅਕਤੀਆਂ ਦੇ ਸਹਿਯੋਗ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੱਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਹਰਾ ਦੇ ਪ੍ਰਿੰਸੀਪਲ ਭਰਪੂਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਸਕੂਲ ਵਿੱਚ ਸਿਰਫ਼ ਸਫ਼ੈਦੀ ਹੀ ਕਰਵਾਉਂਦੇ ਸੀ ਪਰ ਹੁਣ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਤੋਂ ਮਿਲੀ ਯੋਗ ਅਗਵਾਈ ਅਤੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ’ ਤਹਿਤ ਸਾਡੇ ਸਕੂਲ ਦੀ ਹਰ ਦੀਵਾਰ, ਛੱਤ ਅਤੇ ਥੰਮ੍ਹ ਹਰ ਸਮੇਂ ਸਿੱਖਿਆ ਪ੍ਰਦਾਨ ਕਰਨ ਦਾ ਸਾਧਨ ਬਣ ਗਏ ਹਨ। ਵਿਦਿਆਰਥੀ ਸਕੂਲ ਸਮੇਂ ਵਿੱਚ ਤਾਂ ਇਸ ਸਿੱਖਣ ਸਹਾਇਕ ਸਮੱਗਰੀ ਤੋਂ ਸਿੱਖਦੇ ਹੀ ਹਨ ਸਗੋਂ ਸਕੂਲ ਸਮੇਂ ਤੋਂ ਬਾਅਦ ਵੀ ਸ਼ਾਮ ਨੂੰ ਸਕੂਲ ਵਿੱਚ ਖੇਡਦੇ ਸਮੇਂ ਉਨ੍ਹਾਂ ਨੂੰ ਵੱਖ-ਵੱਖ ਵਿਸ਼ਿਆਂ ਦੇ ਵਿਸ਼ਾ-ਵਸਤੂ ਨੂੰ ਰੋਚਕਤਾ ਨਾਲ ਸਿੱਖਣ ਵਿੱਚ ਸਹਾਇਤਾ ਮਿਲਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਮਾਰਤ ਇੱਕ ਅਜਿਹੀ ਸਿੱਖਣ ਸਿਖਾਉਣ ਸਮੱਗਰੀ ਹੈ ਜੋ ਸਾਲਾਂ-ਬੱਧੀ ਟਿਕਾਊ ਹੈ ਅਤੇ ਸਮੇਂ-ਸਮੇਂ ‘ਤੇ ਥੋੜ੍ਹੀ ਮਿਹਨਤ ਕਰਕੇ ਲੰਮੇ ਸਮੇਂ ਤੱਕ ਇਸ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਸਰਕਾਰੀ ਹਾਈ ਸਕੂਲ ਉੱਗੀ, ਜਲੰਧਰ ਦੇ ਮੁੱਖ ਅਧਿਆਪਕ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਾਲਾ ਵਰਕ ਨਾਲ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਹੈ। ਉਨ੍ਹਾਂ ਦੱਸਿਆ ਕਿ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਅਗਵਾਈ ਅਤੇ ਸਹਾਇਤਾ ਸਦਕਾ ਵਿਦਿਆਰਥੀ ਕਿਤਾਬਾਂ ਵਿੱਚ ਸ਼ਾਮਿਲ ਪਾਠਕ੍ਰਮ ਦੇ ਵਿਸ਼ਾ-ਵਸਤੂ ਨੂੰ ਆਪਣੇ ਹੱਥੀਂ ਬਣਾ ਕੇ ਬੜੀ ਗਹਿਰਾਈ ਨਾਲ਼ ਆਪ ਮੁਹਾਰੇ ਸਿੱਖ ਵੀ ਰਹੇ ਹਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…