Nabaz-e-punjab.com

ਸੁੰਦਰ ਲਿਖਾਈ ਗੁਣਾਤਮਿਕ ਸਿੱਖਿਆ ਦਾ ਅਹਿਮ ਹਿੱਸਾ: ਸਿੱਖਿਆ ਸਕੱਤਰ

ਸਿੱਖਿਆ ਸਕੱਤਰ ਨੇ ਸੁੰਦਰ ਲਿਖਤ ਮਾਹਰ ਅਧਿਆਪਕਾਂ ਨਾਲ ਮੁੱਖ ਦਫ਼ਤਰ ਵਿੱਚ ਮੀਟਿੰਗ ਕੀਤੀ

ਭਵਿੱਖ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁੰਦਰ ਲਿਖਤ ਬਣਾਉਣ ਲਈ ਕੀਤੇ ਜਾਣਗੇ ਹੋਰ ਵੱਧ ਉਪਰਾਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਸਿੱਖਿਆ ਵਿਭਾਗ ਵੱਲੋਂ ਨਿਰੰਤਰ ਕਾਰਜ ਕੀਤੇ ਜਾ ਰਹੇ ਹਨ। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ’ਚੋਂ ਸੁੰਦਰ ਲਿਖਤ ਮਾਹਿਰ ਅਧਿਆਪਕਾਂ ਨਾਲ ਮੁੱਖ ਦਫ਼ਤਰ ਵਿੱਚ ਮੀਟਿੰਗ-ਕਮ-ਵਰਕਸਸ਼ਾਪ ਲਗਾਈ ਗਈ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁੰਦਰ ਲਿਖਾਈ ਗੁਣਾਤਮਿਕ ਸਿੱਖਿਆ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੀ ਸੁੰਦਰ ਲਿਖਤ ਬਣਾਉਣ ਲਈ ਸੁਹਿਰਦ ਉਪਰਾਲੇ ਕਰ ਰਹੇ ਹਨ ਪਰ ਅਧਿਆਪਕਾਂ ਦੇ ਵੱਲੋਂ ਮਿਲ ਰਹੇ ਫੀਡਬੈਕ ਅਨੁਸਾਰ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਬਣਾਉਣ ਦੀ ਲੋੜ ਹਮੇਸ਼ਾ ਮਹਿਸੂਸ ਕੀਤੀ ਜਾਂਦੀ ਹੈ।
ਸਿੱਖਿਆ ਸਕੱਤਰ ਨੇ ਸੁੰਦਰ ਲਿਖਤ ਮਾਹਿਰ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸੁੰਦਰ ਲਿਖਤ ਬਣਾਉਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਸਬੰਧੀ ਸੁਝਾਅ ਦੇਣ ਦੀ ਗੱਲ ਕੀਤੀ। ਵਿਦਿਆਰਥੀਆਂ ਨੂੰ ਆਧੁਨਿਕ ਅਤੇ ਮਨੋਵਿਗਿਆਨਕ ਤਰੀਕੇ ਨਾਲ਼ ਉਤਸ਼ਾਹਿਤ ਕਰਨ ਲਈ ਇਸ ਮੀਟਿੰਗ-ਕਮ-ਵਰਕਸ਼ਾਪ ਵਿੱਚ ਵਿਚਾਰ ਵਟਾਂਦਰਾ ਵੀ ਕੀਤਾ ਗਿਆ।
ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਲਿਖਣ ਲਈ ਉਤਸ਼ਾਹਿਤ ਕਰਨ ਲਈ ਅਤੇ ਬੱਚਿਆਂ ਦੀ ਲਿਖਾਈ ਨੂੰ ਵੱਖ-ਵੱਖ ਢੰਗਾਂ ਨਾਲ ਸੁੰਦਰ ਬਣਾਉਣ ਦੀਆਂ ਵੱਖ-ਵੱਖ ਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਸੁੰਦਰ ਲਿਖਾਈ ਕਰਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੁੰਦਰ ਲਿਖਾਈ ਸਬੰਧੀ ਤਕਨੀਕਾਂ ’ਤੇ ਜ਼ੋਰ ਦੇਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਸ ਇੱਕ ਰੋਜ਼ਾ ਮੀਟਿੰਗ-ਕਮ-ਵਰਕਸ਼ਾਪ ਵਿੱਚ ਸੁੰਦਰ ਲਿਖਾਈ ਵਿੱਚ ਮੁਹਾਰਤ ਰੱਖਣ ਵਾਲੇ ਅਧਿਆਪਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਜਗਤਾਰ ਸਿੰਘ ਸੋਖੀ, ਹਰਜਿੰਦਰ ਸਿੰਘ, ਲਖਵੀਰ ਸਿੰਘ, ਕੁਲਵਿੰਦਰ ਸਿੰਘ, ਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਸੰਜੈ ਕੁਮਾਰ, ਜਗਦੀਪਕ ਸਿੰਘ, ਸੁਧਾ ਜੈਨ, ਮੀਨਾਕਸ਼ੀ ਵਰਮਾ, ਸੁਰਿੰਦਰ ਸਿੰਘ, ਸਿਮਰਨਜੀਤ ਸਿੰਘ, ਦੀਪਕ, ਸ਼ਵਿੰਦਰ ਕੌਰ, ਸੀਮਾ ਰਾਣੀ, ਸੁਸ਼ੀਲ ਕੁਮਾਰ ਨੇ ਭਾਗ ਲਿਆ। ਮੀਟਿੰਗ ਵਿੱਚ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਐਸਸੀਈਆਰਟੀ, ਡਾ.ਦਵਿੰਦਰ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ, ਨਿਰਮਲ ਕੌਰ ਸਟੇਟ ਕੋਆਰਡੀਨੇਟਰ, ਪ੍ਰਿੰਸੀਪਲ ਰਾਜੇਸ਼ ਜੈਨ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…