‘ਆਪ’ ਪੰਜਾਬ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਦਿੱਲੀ ਦੀ ਕਰੋਨਾ ਨਾਲ ਵਿਗੜੇ ਹਾਲਾਤਾਂ ‘ਤੇ ਝਾਤ ਮਾਰੇ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 23 ਅਪ੍ਰੈਲ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਵਿਡ-19 ਦੇ ਮਰੀਜਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਾਉਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਅਜਿਹੀਆਂ ਸਾਰੀਆਂ ਸੇਵਾਵਾਂ ਉਹਨਾਂ ਗੰਭੀਰ ਮਰੀਜਾਂ ਨੂੰ ਵੀ ਦਿੱਤੀਆਂ ਜਾ ਰਹੀਆਂ ਹਨ ਜੋ ਕੋਵਿਡ ਕੇਅਰ ਹਸਪਤਾਲਾਂ ਵਿੱਚ ਬੈੱਡ ਨਾ ਮਿਲਣ ਕਾਰਨ ਇਲਾਜ ਲਈ ਦਿੱਲੀ ਤੋਂ ਪੰਜਾਬ ਆ ਰਹੇ ਹਨ।
ਕੋਵਿਡ-19 ਮਰੀਜਾਂ ਲਈ ਕੁਝ ਨਾ ਕਰਨ ਸਬੰਧੀ ‘ਆਪ’ ਪਾਰਟੀ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸ. ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਪੰਜਾਬ ਸਰਕਾਰ ‘ਤੇ ਸਵਾਲ ਚੁੱਕਣ ਤੋਂ ਪਹਿਲਾਂ ਉਹ ਦਿੱਲੀ ਵਿੱਚ ਕੋਵਿਡ-19 ਦੀ ਗੰਭੀਰ ਸਥਿਤੀ ‘ਤੇ ਝਾਤੀ ਮਾਰਨ। ਉਨਾਂ ਕਿਹਾ ਕਿ ਇਹ ਇਕ ਨਾਜੁਕ ਅਤੇ ਸੰਵੇਦਨਸੀਲ ਸਮਾਂ ਹੈ ਇਸ ਲਈ ‘ਆਪ‘ ਪਾਰਟੀ ਨੂੰ ਆਪਣੀਆਂ ਸੌੜੀਆਂ ਸਿਆਸੀ ਚਾਲਾਂ ਨਾਲ ਹੈਲਥ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦੇ ਮਨੋਬਲ ਨੂੰ ਢਾਹ ਲਾਉਣ ਦੀ ਬਜਾਏ ਆਪਣੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਨੂੰ ਕਾਬੂ ਕਰਨ ਵਿੱਚ ਅਸਫਲ ਸਾਬਤ ਹੋਏ ਹਨ ਜਿਸ ਨਾਲ ਕੀਮਤੀ ਮਨੁੱਖੀ ਜਾਨਾਂ ਗੰਭੀਰ ਖ਼ਤਰੇ ਵਿੱਚ ਹਨ। ‘ਆਪ’ ਦਾ ਲੋਕਾਂ ਨੂੰ ਜਵਾਬ ਦੇਣਾ ਬਣਦਾ ਕਿ ਬੇਕਸੂਰ ਮਰੀਜ ਹਸਪਤਾਲਾਂ ਵਿੱਚ ਬੈੱਡਾਂ ਅਤੇ ਇਲਾਜ ਦੀ ਕਮੀ ਕਾਰਨ ਕਿਉਂ ਮਰ ਰਹੇ ਹਨ।
ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦਿੱਲੀ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹਨਾਂ ਕੋਲ ਸਿਹਤ ਸਹੂਲਤਾਂ ਦੇ ਸਰੋਤਾਂ ਉਪਲਬਧ ਹੋਣਗੇ ਤਾਂ ਇਸ ਨੂੰ ਹੋਰਾਂ ਨਾਲ ਸਾਂਝਾ ਕੀਤਾ ਜਾਵੇਗਾ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪਹਿਲਾਂ ਹੀ ਅਜਿਹੀਆਂ ਸਾਰੀਆਂ ਸਿਹਤ ਸੇਵਾਵਾਂ ਦਿੱਲੀ ਵਾਸੀਆਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਮੁਹੱਈਆ ਕਰਵਾ ਰਹੀ ਹੈ। ਸਿਹਤ ਮੰਤਰੀ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਕਿ ਜੇ ਤੁਸੀਂ ਸੱਚੇ ਪੰਜਾਬੀ ਹੋ ਅਤੇ ਤੁਹਾਡੇ ਦਿਲ ਵਿੱਚ ਕੋਵਿਡ-19 ਦੇ ਮਰੀਜਾਂ ਲਈ ਹਮਦਰਦੀ ਹੈ ਤਾਂ ਤੁਹਾਨੂੰ ਸੌੜੀ ਸਿਆਸਤ ਕਰਨ ਦੀ ਬਜਾਏ ਪੰਜਾਬ ਦੇ ਮੈਡੀਕਲ ਭਾਈਚਾਰੇ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਅਤੇ ਅਣਥੱਕ ਕੋਸ਼ਿਸ਼ਾਂ ਲਈ ਉਤਸਾਹਤ ਕਰਨਾ ਚਾਹੀਦਾ ਹੈ।
ਕੋਵਿਡ -19 ਸਥਿਤੀ ਸਬੰਧੀ ਮੁੱਖ ਨੁਕਤੇ ਸਾਂਝੇ ਕਰਦਿਆਂ ਸ. ਸਿੱਧੂ ਨੇ ਕਿਹਾ ਕਿ 20 ਅਪ੍ਰੈਲ, 2021 ਤੱਕ ਦਿੱਲੀ ਵਿਚ 8,77,146 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਪੰਜਾਬ ਵਿਚ 3,04,660 ਮਾਮਲੇ ਸਾਹਮਣੇ ਆਏ ਹਨ ਜੋ ਕਿ ਦਿੱਲੀ ਵਿਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ 43,857 ਕੇਸ ਅਤੇ ਪੰਜਾਬ ਵਿੱਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ 10,158 ਮਾਮਲੇ ਬਣਦੇ ਹਨ। ਇਸੇ ਤਰਾਂ ਪਿਛਲੇ ਦਿਨਾਂ ਵਿਚ ਦਿੱਲੀ ਵਿਚ ਕੋਰੋਨਾ ਦੀ 20-25 ਫ਼ੀਸਦ ਜਦਕਿ ਪੰਜਾਬ ਵਿਚ 10 ਫ਼ੀਸਦ ਪਾਜ਼ੇਟਿਵ ਦਰ ਦਰਜ ਕੀਤੀ ਗਈ ਹੈ। ਦਿੱਲੀ ਵਿਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ 618 ਅਤੇ ਪੰਜਾਬ ਵਿਚ ਪ੍ਰਤੀ ਮਿਲੀਅਨ ਆਬਾਦੀ ਪਿੱਛੇ 266 ਮੌਤਾਂ ਦਰਜ ਕੀਤੀਆਂ ਗਈਆਂ ਹਨ।

Load More Related Articles

Check Also

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ

ਸੀਨੀਅਰ ਵੈਟਸ ਨੇ ਕਮਿਊਟਿਡ ਪੈਨਸ਼ਨ ਰਿਕਵਰੀ ਸਮਾਂ ਘਟਾਉਣ ਦੀ ਮੰਗ ਕੀਤੀ ਨਬਜ਼-ਏ-ਪੰਜਾਬ, ਮੁਹਾਲੀ, 8 ਮਈ: ਪੰਜਾ…