nabaz-e-punjab.com

ਬਰਿਆਲੀ ਮਾਮਲਾ: ਐਨ.ਕੇ. ਸ਼ਰਮਾ ਵੱਲੋਂ ਕੈਬਨਿਟ ਮੰਤਰੀ ਸਿੱਧੂ ’ਤੇ ਗਵਾਹਾਂ ਨੂੰ ਡਰਾਉਣ ਧਮਕਾਉਣ ਦਾ ਦੋਸ਼

ਕੈਬਨਿਟ ਮੰਤਰੀ ਸਿੱਧੂ ਨੇ ਦੋਸ਼ ਨਕਾਰੇ, ਕਿਹਾ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਕੂੜ ਪ੍ਰਚਾਰ
ਮੁਹਾਲੀ ਅਦਾਲਤ ਨੇ ਅਕਾਲੀ ਪੰਚ ਹਰਜਿੰਦਰ ਸਿੰਘ ਨੂੰ ਜੇਲ੍ਹ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਇੱਥੋਂ ਦੇ ਨੇੜਲੇ ਪਿੰਡ ਬਰਿਆਲੀ ਦੇ ਅਕਾਲੀ ਪੰਚ ਹਰਜਿੰਦਰ ਸਿੰਘ ਦੇ ਖ਼ਿਲਾਫ਼ ਦਰਜ ਧੋਖਾਧੜੀ ਅਤੇ ਕੁੱਟਮਾਰ ਦੇ ਦਰਜ ਮਾਮਲੇ ਵਿੱਚ ਡੇਰਾਬੱਸੀ ਦੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਨ.ਕੇ. ਸ਼ਰਮਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਹਰਜਿੰਦਰ ਸਿੰਘ ਨੂੰ ਝੂਠੇ ਮਾਮਲੇ ਫਸਾਉਣ ਅਤੇ ਉਕਤ ਪਲਾਟ ਨੂੰ ਖ਼ੁਦ ਹੜੱਪਣ ਦੀ ਕੋਸ਼ਿਸ਼ ਕਰਨ ਦਾ ਕਥਿਤ ਦੋਸ਼ ਲਗਾਇਆ ਗਿਆ ਹੈ।
ਅਕਾਲੀ ਵਿਧਾਇਕ ਦੱਸਿਆ ਕਿ ਹਰਜਿੰਦਰ ਸਿੰਘ ਨੇ ਜਿਸ ਪਲਾਟ ਸਬੰਧੀ ਬਤੌਰ ਪੰਚ ਤਸਦੀਕ ਕੀਤਾ ਹੈ, ਜੋ ਕਈ ਵੀ ਮੋਹਤਬਰ ਵਿਅਕਤੀ ਆਪਣੇ ਪਿੰਡ ਦੇ ਬੰਦੇ ਦੀ ਸ਼ਨਖ਼ਾਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਪਲਾਟ ਨੂੰ ਵੇਚਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਸ ਪਲਾਟ ਵਿੱਚ ਇੰਦਰਜੀਤ ਸਿੰਘ ਦੇ ਨਾਂ ’ਤੇ ਲੱਗਾ ਬਿਜਲੀ ਦਾ ਮੀਟਰ ਲੱਗਾ ਹੋਇਆ ਹੈ ਅਤੇ ਕਬਜ਼ਾ ਵੀ ਇੰਦਰਜੀਤ ਸਿੰਘ ਦਾ ਹੀ ਹੈ। ਪ੍ਰੰਤੂ ਪੁਲੀਸ ਨੇ ਹੁਣ ਉਸ ਨੂੰ ਹੀ ਮੁਲਜ਼ਮ ਬਣਾ ਦਿੱਤਾ ਹੈ। ਐਨ.ਕੇ. ਸ਼ਰਮਾ ਨੇ ਦੋਸ਼ ਲਗਾਇਆ ਕਿ ਹਰਜਿੰਦਰ ਸਿੰਘ ਸਮੇਤ ਜਿਨ੍ਹਾਂ ਪੰਜ ਜਣਿਆਂ ’ਤੇ ਪੁਲੀਸ ਕੇਸ ਦਰਜ ਕੀਤਾ ਗਿਆ ਹੈ, ਉਹ ਬਰਿਆਲੀ ਕਤਲ ਕੇਸ ਵਿੱਚ ਪ੍ਰਮੁੱਖ ਗਵਾਹ ਹਨ ਅਤੇ ਇਸ ਕੇਸ ਵਿੱਚ ਕੈਬਨਿਟ ਮੰਤਰੀ ਸ੍ਰੀ ਸਿੱਧੂ ਦਾ ਛੋਟਾ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਮੁੱਖ ਮੁਲਜ਼ਮ ਹਨ, ਜਦੋਂਕਿ ਕੈਬਨਿਟ ਮੰਤਰੀ ਨੂੰ ਵੀ ਖਾਨਾ ਨੰਬਰ-2 ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਸੀਬੀਆਈ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਹਰਜਿੰਦਰ ਸਿੰਘ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਨਰਿੰਦਰ ਸਿੰਘ ਅਤੇ ਗੁਰਜੀਤ ਕੌਰ ਨੇ ਉਕਤ ਕਤਲ ਕੇਸ ਵਿੱਚ ਹਾਲੇ ਅਦਾਲਤ ਵਿੱਚ ਗਵਾਹੀ ਦੇਣੀ ਹੈ।
ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਹਰਜਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਤੇ ਹੋਰ ਝੂਠੇ ਪੁਲੀਸ ਕੇਸ ਦਰਜ ਕਰਨ ਦੀ ਵੀ ਗੱਲ ਕਹੀ ਹੈ। ਵਿਧਾਇਕ ਸ੍ਰੀ ਸ਼ਰਮਾ ਦੇ ਦੱਸਣ ਅਨੁਸਾਰ ਉਕਤ ਪਲਾਟ ਦੀ ਜੋ ਰਜਿਸਟਰੀ ਹੋਈ ਹੈ, ਉਸ ਰਜਿਸਟਰੀ ਨੂੰ ਤਸਦੀਕ ਕਰਨ ਵਾਲਾ ਕੁਲਵੰਤ ਸਿੰਘ ਸੀ, ਜੋ ਕਿ ਉਸ ਸਮੇਂ ਸਰਪੰਚ ਨਹੀਂ ਸੀ। ਇਸ ਲਈ ਕੁਲਵੰਤ ਸਿੰਘ ਖ਼ਿਲਾਫ਼ ਵੀ ਧੋਖਾਧੜੀ ਦਾ ਕੇਸ ਦਰਜ ਹੋਣਾ ਬਣਦਾ ਹੈ। ਉਨ੍ਹਾਂ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। ਪੁਲੀਸ ਮੁਖੀ ਨੇ ਐਸਪੀ (ਡੀ) ਹਰਬੀਰ ਸਿੰਘ ਅਟਵਾਲ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ।
ਸ੍ਰੀ ਸ਼ਰਮਾ ਨੇ ਪੁਲੀਸ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਪੰਚ ਹਰਜਿੰਦਰ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਅਕਾਲੀ ਪੱਖੀ ਵਿਅਕਤੀਆਂ ਦੇ ਦਰਜ ਝੂਠਾ ਕੇਸ ਤੁਰੰਤ ਰੱਦ ਕੀਤਾ ਜਾਵੇ। ਜੇਕਰ ਇਸ ਦੌਰਾਨ ਅਕਾਲੀ ਆਗੂ ਨੂੰ ਜ਼ਮਾਨਤ ’ਤੇ ਰਿਹਾਅ ਨਹੀਂ ਕਰਵਾਇਆ ਅਤੇ ਪਰਚਾ ਰੱਦ ਨਹੀਂ ਕੀਤਾ ਤਾਂ ਅਕਾਲੀ ਦਲ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਲੋੜ ਪੈਣ ’ਤੇ ਹਾਈ ਕੋਰਟ ਦਾ ਬੂਹਾ ਖੜਕਾਇਆ ਜਾਵੇਗਾ।
ਇਸ ਮੌਕੇ ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਤੇਜਿੰਦਰਪਾਲ ਸਿੰਘ ਸਿੱਧੂ, ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਅਮਨਦੀਪ ਸਿੰਘ ਅਬਿਆਣਾ, ਪ੍ਰਭਜੋਤ ਸਿੰਘ ਕਲੇਰ ਸਮੇਤ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
(ਬਾਕਸ ਆਈਟਮ)
ਪਿੰਡ ਬਰਿਆਲੀ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ 2013 ਤੱਕ ਪਿੰਡ ਬਰਿਆਲੀ ਦਾ ਸਰਪੰਚ ਸੀ, ਉਕਤ ਰਜਿਸਟਰੀ 2010 ਵਿੱਚ ਅਦਾਲਤ ਦੇ ਹੁਕਮਾਂ ’ਤੇ ਰਾਹੁਲਜੀਤ ਸਿੰਘ ਦੇ ਨਾਮ ’ਤੇ ਡਿਗਰੀ ਹੋਣ ਤੋਂ ਬਾਅਦ ਅਦਾਲਤ ਦੇ ਰੀਡਰ ਕਾਕਾ ਸਿੰਘ ਦੀ ਹਾਜ਼ਰੀ ਵਿੱਚ ਹੋਈ ਸੀ ਅਤੇ ਉਸ ਵੱਲੋਂ ਬਤੌਰ ਸਰਪੰਚ ਹੋਣ ਦੇ ਨਾਤੇ ਰਜਿਸਟਰੀ ਸਮੇਂ ਗਵਾਹੀ ਭਰੀ ਗਈ ਸੀ।
(ਬਾਕਸ ਆਈਟਮ)
ਇਸ ਸਬੰਧੀ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ’ਤੇ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਪੁਲਿਸ ਨੂੰ ਕੋਈ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਝੂਠੇ ਕੇਸ ਦਰਜ ਕਰਵਾਉਣਾ ਅਕਾਲੀ ਆਗੂ ਐਨ. ਕੇ. ਸ਼ਰਮਾ ਦੀ ਫਿਤਰਤ ਹੈ ਅਤੇ ਸਾਡੀਂ ਨਹੀਂ। ਉਨ੍ਹਾਂ ਹਰਜਿੰਦਰ ਸਿੰਘ ਬਰਿਆਲੀ ’ਤੇ ਦਰਜ ਹੋਏ ਧੋਖਾਧੜੀ ਕੇਸ ਬਾਰੇ ਬੋਲਦਿਆਂ ਕਿਹਾ ਕਿ ਸਿੱਟ ਨੇ ਮਾਮਲੇ ਦੀ ਮੁੱਢਲੀ ਪੜਤਾਲ ਤੋਂ ਬਾਅਦ ਹੀ ਠੋਸ ਸਬੂਤਾ ਨੂੰ ਆਧਾਰ ਬਣਾ ਕੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਪੁਲੀਸ ਵੱਲੋਂ ਬਕਾਇਦਾ ਡੀਏ ਲੀਗਲ ਦੀ ਰਾਇ ਵੀ ਲਈ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਦੰਦਾਂ ਦੀ ਸਮੇਂ-ਸਮੇਂ ਸਿਰ ਜਾਂਚ ਅਤੇ ਸਾਂਭ-ਸੰਭਾਲ ਬੇਹੱਦ ਜ਼ਰੂਰੀ: ਕੁਮਾਰ ਰਾਹੁਲ

ਦੰਦਾਂ ਦੀ ਸਮੇਂ-ਸਮੇਂ ਸਿਰ ਜਾਂਚ ਅਤੇ ਸਾਂਭ-ਸੰਭਾਲ ਬੇਹੱਦ ਜ਼ਰੂਰੀ: ਕੁਮਾਰ ਰਾਹੁਲ ਵਿਸ਼ਵ ਮੌਖਿਕ ਸਿਹਤ ਦਿਵਸ ’…