ਬਰਿਆਲੀ ਗੋਲੀ ਕਾਂਡ: ਸਾਬਕਾ ਸਰਪੰਚ ਕੁਲਵੰਤ ਸਿੰਘ ਦੀ ਜ਼ਮਾਨਤ ਮਨਜ਼ੂਰ

ਸਾਬਕਾ ਸਰਪੰਚ ਦੇ ਬੇਟੇ ਜਤਿੰਦਰ ਸਿੰਘ ਵੱਲੋਂ ਅਕਾਲੀ ਹਕੂਮਤ ’ਤੇ ਸਿਆਸੀ ਬਦਲਾਖੋਰੀ ਦੇ ਚਲਦਿਆਂ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਮਈ:
18 ਦਸੰਬਰ 2010 ਦੀ ਰਾਤ ਨੂੰ ਨਜਦੀਕੀ ਪਿੰਡ ਬਰਿਆਲੀ ਵਿੱਚ ਹੋਏ ਗੋਲੀਕਾਂਡ (ਜਿਸ ਵਿੱਚ ਪਿੰਡ ਦੇ ਇੱਕ ਵਸਨੀਕ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ) ਦੇ ਮੁੱਖ ਮੁਲਜਮ ਅਤੇ ਪਿੰਡ ਬਰਿਆਲੀ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਸ੍ਰੀ ਏ.ਬੀ. ਚੌਧਰੀ ਦੀ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਸ੍ਰੀ ਕੁਲਵੰਤ ਸਿੰਘ ਨੂੰ ਬੀਤੀ 7 ਫਰਵਰੀ 2011 ਤੋਂ ਜੇਲ੍ਹ ਵਿੱਚ ਹੀ ਹੈ ਅਤੇ ਇਸ ਮਾਮਲੇ ਵਿੱਚ ਉਸਨੂੰ ਹੁਣ ਜਾ ਕੇ ਜ਼ਮਾਨਤ ਮਿਲੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ 18 ਦਸੰਬਰ 2010 ਨੂੰ ਪਿੰਡ ਬਰਿਆਲੀ ਵਿੱਚ ਵਾਪਰੇ ਗੋਲੀਕਾਂਡ ਵਿੱਚ ਰਤਨ ਸਿੰਘ ਨਾਮ ਦੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਸੀ। ਰਤਨ ਸਿੰਘ ਸਰਪੰਚ ਕੁਲਵੰਤ ਸਿੰਘ ਦੇ ਤਾਏ ਦਾ ਲੜਕਾ ਸੀ ਅਤੇ ਉਸਦਾ ਕੁਲਵੰਤ ਸਿੰਘ ਨਾਲ ਜਾਇਦਾਦ ਦਾ ਵਿਵਾਦ ਵੀ ਚਲਦਾ ਸੀ। ਘਟਨਾ ਤੋਂ ਬਾਅਦ ਪੁਲੀਸ ਵਲੋੱ ਰਤਨ ਸਿੰਘ ਦੇ ਪੁੱਤਰ ਹਰਜਿੰਦਰ ਸਿੰਘ ਦੇ ਬਿਆਨਾਂ ਤੇ ਕੁਲਵੰਤ ਸਿੰਘ ਸਰਪੰਚ, ਉਸਦੇ ਭਰਾ ਦਿਲਬਰ ਸਿੰਘ ਅਤੇ ਕੁਲਵੰਤ ਸਿੰਘ ਦੇ ਪੁਤਰ ਜਤਿੰਦਰ ਸਿੰਘ ਦੇ ਨਾਲ ਨਾਲ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਸ੍ਰੀ ਸਿੱਧੂ ਦੇ ਭਰਾ ਅਮਰਜੀਤ ਸਿੰਘ (ਜੀਤੀ ਸਿੱਧੂ) ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 302,307,148,149,120 ਬੀ ਅਤੇ ਅਸਲਾ ਐਕਟ ਦੀ ਧਾਰਾ 25,27,54,59 ਅਧੀਨ ਮਾਮਲਾ ਦਰਜ ਕੀਤਾ ਸੀ ਅਤੇ ਹਲਕਾ ਵਿਧਾਇਕ ਦੇ ਇਸ ਕੇਸ ਵਿੱਚ ਨਾਮਜਦ ਹੋਣ ਕਾਰਨ ਇਹ ਹਾਈ ਪ੍ਰੋਫਾਈਲ ਮਾਮਲਾ ਪੂਰੀ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਕੁਲਵੰਤ ਸਿੰਘ ਸਰਪੰਚ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਖਾਸਮਖਾਸ ਸਮਝਿਆ ਜਾਂਦਾ ਸੀ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਵੱਲੋਂ ਹਲਕਾ ਵਿਧਾਇਕ ਦਾ ਨਾਂ ਲੈਣ ਤੋਂ ਬਾਅਦ ਉਹਨਾਂ ਦਾ ਨਾਮ ਤਾਂ ਸ਼ਾਮਲ ਕਰ ਲਿਆ ਗਿਆ ਸੀ ਪ੍ਰੰਤੂ ਪੁਲੀਸ ਵੱਲੋਂ ਇਸ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਇਹ ਸਾਬਤ ਹੋ ਗਿਆ ਸੀ ਕਿ ਜਿਸ ਵੇਲੇ ਗੋਲੀਕਾਂਡ ਹੋਇਆ ਸੀ ਉਸ ਵੇਲੇ ਬਲਬੀਰ ਸਿੰਘ ਸਿੱਧੂ ਮੌਕੇ ’ਤੇ ਨਹੀਂ ਸੀ ਅਤੇ ਉਹਨਾਂ ਦਾ ਨਾਮ ਵੀ ਮਾਮਲੇ ਤੋਂ ਕੱਢ ਦਿੱਤਾ ਗਿਆ ਸੀ। ਹਾਲਾਂਕਿ ਵਿਧਾਇਕ ਦੇ ਭਰਾ ਅਮਰਜੀਤ ਸਿੰਘ (ਜੀਤੀ ਸਿੱਧੂ) ਦਾ ਨਾਮ ਕੇਸ ਦੇ ਨਾਮਜ਼ਦ ਮੁਲ੍ਚਮਾਂ ਵਿੱਚ (ਹੁਣੇ ਵੀ) ਸ਼ਾਮਲ ਹੈ। ਇਸ ਮਾਮਲੇ ਵਿੱਚ ਅਮਰਜੀਤ ਸਿੰਘ (ਜੀਤੀ ਸਿੱਧੂ) ਅਤੇ ਕੁਲਵੰਤ ਸਿੰਘ ਦੇ ਪੁੱਤਰ ਜਤਿੰਦਰ ਸਿੰਘ ਨੂੰ ਅਗਾਊ ਜ਼ਮਾਨਤ ਮਿਲ ਗਈ ਸੀ। ਇਸ ਮਾਮਲੇ ਵਿੱਚ ਕੁੱਝ ਸਮਾਂ ਪਹਿਲਾਂ ਕੁਲਵੰਤ ਸਿੰਘ ਦੇ ਭਰਾ ਦਿਲਬਰ ਸਿੰਘ ਨੂੰ ਵੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਹਾਸਿਲ ਹੋ ਗਈ ਸੀ ਅਤੇ ਹੁਣ ਕੁਲਵੰਤ ਸਿੰਘ ਨੂੰ ਵੀ ਜਮਾਨਤ ਮਿਲ ਗਈ ਹੈ।
ਹਾਈ ਕੋਰਟ ਵੱਲੋਂ ਕੁਲਵੰਤ ਸਿੰਘ ਦੀ ਜ਼ਮਾਨਤ ਮਨਜ਼ੂਰ ਕੀਤੇ ਜਾਣ ਉਪਰੰਤ ਜਤਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਲੰਬਾ ਸਮਾਂ ਅਕਾਲੀ ਸਰਕਾਰ ਦੇ ਤਸੱਦਦ ਦਾ ਸ਼ਿਕਾਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਜਿਸ ਵੇਲੇ ਪਿੰਡ ਵਿੱਚ ਇਹ ਵਾਰਦਾਤ ਹੋਈ ਸੀ ਉਸ ਵੇਲੇ ਉਹਨਾਂ ਦੇ ਪਿਤਾ ਅਤੇ ਹੋਰ ਸਾਰੇ ਜੀਰਕਪੁਰ ਵਿੱਚ ਇੱਕ ਵਿਆਹ ਦੀ ਪਾਰਟੀ ਵਿੱਚ ਸਨ ਅਤੇ ਪੁਲੀਸ ਵਲੋੱ ਉਹਨਾਂ ਨੂੰ ਫਸਾਇਆ ਗਿਆ ਸੀ।
ਇੱਥੇ ਇਹ ਜਿਕਰਯੋਗ ਹੈ ਕਿ ਕੁਲਵੰਤ ਸਿੰਘ 1998 ਵਿੱਚ ਪਹਿਲੀ ਵਾਰ ਪਿੰਡ ਬਰਿਆਲੀ ਦੇ ਸਰਪੰਚ ਬਣੇ ਸਨ ਅਤੇ 2003 ਵਿੱਚ ਉਹਨਾਂ ਨੂੰ ਸਰਵਸੰਮਤੀ ਨਾਲ ਪਿੰਡ ਦਾ ਸਰਪੰਚ ਬਣਾਇਆ ਗਿਆ ਸੀ। 2008 ਵਿੱਚ ਉਹ ਫਿਰ ਸਰਪੰਚ ਬਣੇ ਅਤੇ ਜੇਲ੍ਹ ਵਿੱਚ ਹੋਣ ਦੌਰਾਨ (2013 ਵਿੱਚ) ਵੀ ਉਹ ਪਿੰਡ ਦੇ ਪੰਚ ਚੁਣੇ ਗਏ ਸਨ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…