ਜਿਗਰੀ ਦੋਸਤ ਗਰੁੱਪ ਨੇ ਕੋਵਿਡ ਮਰੀਜ਼ਾਂ ਨੂੰ ਦਿੱਤਾ ਖਾਣ-ਪੀਣ ਦਾ ਸਮਾਨ

ਗਿਆਨ ਸਾਗਰ ਹਸਪਤਾਲ ਵਿੱਚ ਬਿਸਕੁਟਾਂ ਦੇ 3000 ਪੈਕੇਟ ਅਤੇ ਪਾਣੀ ਦੀਆਂ 3600 ਬੋਤਲਾਂ ਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
‘ਕੋਰੋਨਾ ਵਾਇਰਸ’ ਮਹਾਮਾਰੀ ਵਿਰੁਧ ਜੰਗ ਵਿੱਚ ਹਰ ਕੋਈ ਆਪੋ-ਅਪਣਾ ਯੋਗਦਾਨ ਪਾ ਰਿਹਾ ਹੈ। ਇਸੇ ਦਿਸ਼ਾ ਵਿਚ ‘ਜਿਗਰੀ ਦੋਸਤ’ ਗਰੁਪ ਨੇ ‘ਕੋਰੋਨਾ ਵਾਇਰਸ’ ਤੋਂ ਪੀੜਤ ਮਰੀਜ਼ਾਂ ਵਾਸਤੇ ਖਾਣ-ਪੀਣ ਦੀਆਂ ਚੀਜ਼ਾਂ ਦਾਨ ਵਜੋਂ ਦਿਤੀਆਂ ਹਨ। ਮੋਹਾਲੀ ਦੇ ਹਮਖ਼ਿਆਲੀ ਦੋਸਤਾਂ ਦੁਆਰਾ ਮਿਲ ਕੇ ਬਣਾਏ ਹੋਏ ਇਸ ਗਰੁਪ ਦੇ ਮੈਂਬਰਾਂ ਨੇ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿਚ ਪਹੁੰਚ ਕੇ ਬਿਸਕੁਟਾਂ ਦੇ 3000 ਪੈਕੇਟ ਅਤੇ ਪਾਣੀ ਦੀਆਂ 3600 ਬੋਤਲਾਂ ਦਾਨ ਕੀਤੀਆਂ। ਗਰੁਪ ਦੇ ਮੈਂਬਰ ਕਾਰਜਸਾਧਕ ਅਫ਼ਸਰ (ਈ.ਓ.) ਰਾਜੇਸ਼ ਕੁਮਾਰ ਨੇ ਦਸਿਆ ਕਿ ਇਸ ਵੇਲੇ ਜਦ ਹਰ ਕੋਈ ਇਸ ਮਹਾਮਾਰੀ ਦਾ ਪਸਾਰ ਰੋਕਣ ਅਤੇ ਲੋੜਵੰਦਾਂ ਦੀ ਮਦਦ ਕਰਨ ਵਿਚ ਜੁਟਿਆ ਹੋਇਆ ਹੈ ਤਾਂ ਉਨ੍ਹਾਂ ਨੇ ਵੀ ਅਪਣਾ ਇਖ਼ਲਾਕੀ ਅਤੇ ਸਮਾਜਕ ਫ਼ਰਜ਼ ਸਮਝਦਿਆਂ ਇਸ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਵਾਸਤੇ ਜ਼ਰੂਰੀ ਚੀਜ਼ਾਂ ਦਿਤੀਆਂ ਹਨ। ਉਨ੍ਹਾਂ ਇਹ ਸਾਰਾ ਸਮਾਨ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਐਸ.ਪੀ.ਐਸ ਗੁਰਾਇਆ ਦੇ ਸਪੁਰਦ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਹਸਪਤਾਲ ਨੂੰ ‘ਕੋਵਿਡ ਕੇਅਰ ਸੈਂਟਰ’ ਵਜੋਂ ਤਬਦੀਲ ਕੀਤਾ ਹੋਇਆ ਹੈ ਜਿਥੇ ‘ਕੋਰੋਨਾ ਵਾਇਰਸ’ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਰਾਜੇਸ਼ ਕੁਮਾਰ ਨੇ ਦਸਿਆ ਕਿ ਸਾਰੇ ਦੋਸਤਾਂ ਨੇ ਵਿੱਤੀ ਯੋਗਦਾਨ ਪਾ ਕੇ ਇਹ ਚੀਜ਼ਾਂ ਖ਼ਰੀਦੀਆਂ ਅਤੇ ਹਸਪਤਾਲ ਦੇ ਸਪੁਰਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਦੇ ਕਾਰਜਾਂ ਵਿਚ ਹਮੇਸ਼ਾ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹਿੰਦੇ ਹਨ। ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਗਰੁਪ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਸੰਕਟ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਇਸ ਮੌਕੇ ਗਰੁਪ ਨਾਲ ਸਬੰਧਤ ਭੁਪਿੰਦਰ ਸਿੰਘ ਡਾਹਰੀ, ਗੁਰਦੀਪ ਸਿੰਘ ਚਹਿਲ, ਸੁਖਵਿੰਦਰ ਸਿੰਘ ਝਿੰਜਰ, ਸੁਖਵਿੰਦਰ ਪਾਲ ਸਿੰਘ, ਜਰਨੈਲ ਸਿੰਘ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…