
ਭਗਤ ਪੂਰਨ ਸਿੰਘ ਵਾਤਾਵਰਨ ਸੁਸਾਇਟੀ ਨੇ ਵਣ ਮਹਾਂਉਤਸਵ ਮਨਾਇਆ, ਪੌਦੇ ਲਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੁਲਾਈ:
ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਐਸ.ਏ.ਐਸ. ਨਗਰ (ਮੁਹਾਲੀ) ਨੇ ਇੱਥੋਂ ਦੇ ਫੇਜ਼-11 ਸਥਿਤ ਨੇਬਰਹੱੁਡ ਪਾਰਕ ਵਿੱਚ ਵਾਤਾਵਰਨ ਪ੍ਰੇਮੀ ਤੇ ਸੰਸਥਾ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੋਵਾਲ ਦੀ ਅਗਵਾਈ ਹੇਠ ਵਣ ਮਹਾਂਉਤਸਵ ਮਨਾਇਆ। ਉਨ੍ਹਾਂ ਨੇ ਪਾਰਕ ਵਿੱਚ ਨਿੰਮ ਦੇ ਪੌਦੇ ਲਗਾ ਕੇ ਪੰਜਾਬ ਸਰਕਾਰ ਦੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਗੁਰਮੇਲ ਸਿੰਘ ਮੌਜੋਵਾਲ ਨੇ ਕਿਹਾ ਕਿ ਸੁਸਾਇਟੀ ਦਾ ਟੀਚਾ ਸ਼ਹਿਰ ਵਿੱਚ 200 ਤੋਂ ਵੱਧ ਪੌਦੇ ਲਗਾਉਣ ਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਜ਼ਰੂਰੀ ਵੱਧ ਤੋਂ ਵੱਧ ਪੌਦੇ ਲਗਾਉਣਾ ਹੈ, ਉਸ ਤੋਂ ਵੀ ਜ਼ਿਆਦਾ ਲੋੜ ਪਹਿਲਾਂ ਤੋਂ ਲੱਗੇ ਅਤੇ ਹੁਣ ਲਾਏ ਜਾ ਰਹੇ ਪੌਦਿਆਂ ਦੀ ਭਵਿੱਖ ਵਿੱਚ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾਵੇ। ਮੌਜੋਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਵੱਖ-ਵੱਖ ਉਨ੍ਹਾਂ ਪੇਂਡੂ ਸਕੂਲਾਂ ਅਤੇ ਸ਼ਮਸ਼ਾਨਘਾਟਾਂ ਵਿੱਚ ਪੌਦੇ ਲਾਏ ਜਾਣਗੇ, ਜਿੱਥੇ ਚਾਰ ਦੀਵਾਰੀਆਂ ਬਣੀਆਂ ਹੋਈਆਂ ਹਨ ਅਤੇ ਸਕੂਲੀ ਬਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਜਨਮ ਦਿਨ ’ਤੇ ਇਕ ਪੌਦਾ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਸੁਸਾਇਟੀ ਮੈਂਬਰ ਸੁਰਿੰਦਰ ਸਿੰਘ, ਹਰਮੀਤ ਸਿੰਘ ਸਿੱਧੂ, ਸਰਵਣ ਰਾਮ, ਬਲਬੀਰ ਸਿੰਘ ਸੈਕਟਰ-48ਸੀ, ਬਲਬੀਰ ਸਿੰਘ ਸੈਣੀ, ਹਰਬੰਸ ਸਿੰਘ, ਧਰਮਪਾਲ ਹੁਸ਼ਿਆਰਪੁਰੀ, ਅਮਰਜੀਤ ਕੌਰ ਅਤੇ ਰਘਬੀਰ ਸਿੰਘ ਮੌਜੂਦ ਸਨ।