ਲੋਕਤੰਤਰ ਦੇ ਖ਼ੂਨ ਨਾਲ ਲੱਥ-ਪੱਥ ਹੈ ਕਾਂਗਰਸ ਵੱਲੋਂ ਲੁੱਟੀ ਗਈ ‘ਜਿੱਤ’ :ਭਗਵੰਤ ਮਾਨ

ਜਵਾਈਆਂ, ਜੀਜਿਆਂ ਤੇ ਸਾਲ਼ਿਆਂ ਦੇ ਘਪਲਿਆਂ ਤੋਂ ਪਰੇਸ਼ਾਨ ਹੈ ਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਫਰਵਰੀ:
ਆਮ ਆਦਮੀ ਪਾਰਟੀ (ਪੰਜਾਬ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲੋਕਤੰਤਰ ਦੀ ਹਤਿਆਰੀ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਲੁਧਿਆਣਾ ਨਗਰ ਨਿਗਮ ਦੀਆਂ ਚੋਣ ‘ਚ ਕਾਂਗਰਸ ਦੀ ‘ਜਿੱਤ’ ਲੋਕਤੰਤਰ ਦੇ ਖ਼ੂਨ ਨਾਲ ਲੱਥ-ਪੱਥ ਹੈ।
ਭਗਵੰਤ ਮਾਨ ਅੱਜ ਇੱਥੇ ਪ੍ਰੈੱਸ ਕਲੱਬ ‘ਚ ਗ਼ਰੀਬ ਪਰ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਦ੍ਰਿਸ਼ਟੀ ਪੰਜਾਬ (ਕੈਨੇਡਾ) ਵੱਲੋਂ ਆਯੋਜਿਤ ਸਮਾਗਮ ‘ਚ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਪੁੱਜੇ ਸਨ ਅਤੇ ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਪਹਿਲਾ 31 ਮਿਉਂਸਪਲ ਕਮੇਟੀਆਂ ਅਤੇ ਨਗਰ ਪੰਚਾਇਤ ਚੋਣਾਂ ਅਤੇ ਹੁਣ ਲੁਧਿਆਣਾ ਨਗਰ ਨਿਗਮ ਚੋਣਾਂ ਮੌਕੇ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਧੱਕੇਸ਼ਾਹੀ ਅਤੇ ਗੁੰਡਾਗਰਦੀ ਦੀਆਂ ਵੀਡਿਓਜ ਸੋਸ਼ਲ ਮੀਡੀਆ ਉੱਪਰ ਚੱਲ ਰਹੀਆਂ ਹਨ, ਇਸ ਤੋਂ ਸਪਸ਼ਟ ਹੈ ਕਿ ਇਹ ਲੋਕ ਫ਼ਤਵਾ ਨਹੀਂ ਬਲਕਿ ਲੁੱਟਿਆ ਹੋਇਆ ਫ਼ਤਵਾ ਹੈ। ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਅਜਿਹੇ ਲੋਕਤੰਤਰ ਨਾਲੋਂ ਸੱਤਾਧਾਰੀ ਧਿਰਾਂ ਆਪਣੇ ਨੁਮਾਇੰਦੇ ਸਿੱਧਾ ਹੀ ਨਾਮਜ਼ਦ ਕਿਉਂ ਨਹੀਂ ਕਰ ਲੈਂਦੀਆਂ। ਉਨ੍ਹਾਂ ਇਸ ਰੁਝਾਨ ਨੇ ਬੇਹੱਦ ਮੰਦਭਾਗਾ ਅਤੇ ਲੋਕਤੰਤਰ ਲਈ ਘਾਤਕ ਦੱਸਿਆ।
ਮਾਨ ਨੇ ਕਿਹਾ ਕਿ ਲੋਕਤੰਤਰ ਦੀ ਹੱਤਿਆ ਕਰਨ ਲਈ ਭਾਜਪਾ, ਅਕਾਲੀ ਅਤੇ ਕਾਂਗਰਸ ਇੱਕ ਦੂਜੇ ਤੋਂ ਵੱਧ ਕੇ ਹਨ। ਮਾਨ ਨੇ ਇਹਨਾਂ ਚੋਣਾਂ ‘ਚ ਖੜੇ ਪਾਰਟੀ ਉਮੀਦਵਾਰਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਅਤੇ ਲੋਕਤੰਤਰ ਵਿਰੋਧੀ ਅਜਿਹੀਆਂ ਹਨੇਰੀਆਂ ਦਾ ਡਟ ਕੇ ਸਾਹਮਣਾ ਕਰੇਗੀ ਅਤੇ ਜਨ-ਹਿਤ ਦਾ ਦੀਵਾ ਬੁੱਝਣ ਨਹੀਂ ਦੇਵੇਗੀ। ਮਾਨ ਨੇ ਕਿਹਾ ਕਿ ਉਹ ਛੇਤੀ ਹੀ ਲੁਧਿਆਣਾ ਦੇ ਪਾਰਟੀ ਉਮੀਦਵਾਰਾਂ ਨਾਲ ਬੈਠਕ ਕਰਨਗੇ।
ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸਭ ਤੋਂ ਨਿਕੰਮੀ ਅਤੇ ਧੋਖੇਬਾਜ਼ ਸਰਕਾਰ ਦੱਸਿਆ ਅਤੇ ਕਿਹਾ ਕਿ ਇੱਕ ਸਾਲ ਦੌਰਾਨ ਲੋਕਾਂ ਦੇ ਹਿਤਾਂ ‘ਚ ਕੁੱਝ ਵੀ ਨਹੀਂ ਬਦਲਿਆ ਕੇਵਲ ਧਰਨੇ-ਮੁਜ਼ਾਹਰੇ ਅਤੇ ਲਾਠੀਚਾਰਜ ਹੋਣ ਵਾਲੀ ਥਾਂ ਬਠਿੰਡਾ ਤੋਂ ਬਦਲ ਕੇ ਪਟਿਆਲਾ ਹੋ ਗਈ ਹੈ।
ਖੰਡ ਮਿਲ ਘੁਟਾਲੇ ‘ਚ ਘਿਰੇ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਉੱਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਹਰ ਰੋਜ਼ ਜੀਜਿਆਂ-ਸਾਲ਼ਿਆਂ ਦੇ ਘਪਲੇ ਘੁਟਾਲੇ ਨਿਕਲ ਰਹੇ ਹਨ ਪਰੰਤੂ ਇਹਨਾਂ ਦੀ ਕੀਮਤ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਚੁਕਾਉਣੀ ਪੈ ਰਹੀ ਹੈ। ਮਾਨ ਨੇ ਕਿਹਾ ਕਿ ਭਾਜਪਾ, ਅਕਾਲੀ ਅਤੇ ਕਾਂਗਰਸੀ ਸਭ ਰਲੇ ਹੋਏ ਹਨ ਅਤੇ ਘਪਲੇ ਘੁਟਾਲੇ ਅਤੇ ਤਸਕਰੀ ਕਰਨ ਦੇ ਬਾਵਜੂਦ ਇਨ੍ਹਾਂ ਦੇ ਸਭ ਜੀਜੇ-ਸਾਲੇ ਸੁਰੱਖਿਅਤ ਰਹਿੰਦੇ ਹਨ।
ਲੋਕਾਂ ਸਾਹਮਣੇ ਅਫ਼ਸਰਾਂ-ਕਰਮਚਾਰੀਆਂ ਨੂੰ ਫ਼ੋਨ ਕਰਨ ਦੇ ਮੁੱਦੇ ‘ਤੇ ਭਗਵੰਤ ਮਾਨ ਨੇ ਕਿਹਾ ਕਿ ਬਤੌਰ ਸੰਸਦ ਮੈਂਬਰ ਇਹ ਉਨ੍ਹਾਂ ਦੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਉਹ ਹਰ ਅਧਿਕਾਰੀ ਨਾਲ ਇੱਜ਼ਤ ਅਤੇ ਸਤਿਕਾਰ ਨਾਲ ਲੋਕਾਂ ਸਾਹਮਣੇ ਗੱਲ ਕਰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਹਨ। ਮਾਨ ਨੇ ਚੁਟਕੀ ਲੈਂਦਿਆਂ ਕਿਹਾ ਜੇਕਰ ਲੋਕ ਹਿਤ ਵਾਲੀ ਜੇਕਰ ਇਸ ਗਤੀਵਿਧੀ ਨੂੰ ਪ੍ਰੋਟੋਕੋਲ ਦਾ ਉਲੰਘਣ ਕਹਿ ਕੇ ਵਿਰੋਧੀਆਂ ਵੱਲੋਂ ਭੰਡੀ-ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉਹ ਜਨਤਾ ਦੇ ਹੱਕਾਂ ਲਈ ਹਰ ਰੋਜ਼ ਪ੍ਰੋਟੋਕੋਲ ਤੋੜਨਗੇ।
ਦਿੱਲੀ ਦੀ ਅਰਵਿੰਦ ਕੇਜਰੀਵਾਲ ਦੇ ਹੱਕ ‘ਚ ਸਟੈਂਡ ਲੈਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਸੀਬੀਆਈ ਸਿਰਫ਼ ਆਮ ਆਦਮੀ ਪਾਰਟੀ ਲਈ ਰੱਖ ਛੱਡੀ ਹੈ। ਨਿੱਕੀ ਤੋਂ ਨਿੱਕੀ ਗੱਲ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਆਗੂ ਹੀ ਸਭ ਤੋਂ ਵੱਡੇ ਅਪਰਾਧੀ ਅਤੇ ਘਪਲੇਬਾਜ ਹਨ। ਮਾਨ ਨੇ ਇਸ ਨੂੰ ‘ਆਪ’ ਵਿਰੋਧੀ ਬਦਲੇਖ਼ੋਰੀ ਦੀ ਰਾਜਨੀਤੀ ਦਾ ਸਿਖਰ ਦੱਸਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…