ਭਗਵੰਤ ਮਾਨ ਸਰਕਾਰ ਨੇ ਧਾਂਦਲੀਆਂ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ: ਬਲਬੀਰ ਸਿੱਧੂ

ਜੁਝਾਰ ਨਗਰ ਪਿੰਡ ਵਿੱਚ ਸੂਚੀਆਂ ਬਦਲ ਕੇ ਰੱਦ ਕੀਤੀਆਂ ਨਾਮਜ਼ਾਦਗੀਆਂ ਨੂੰ ਮਨਜ਼ੂਰ ਕੀਤਾ

ਪਿੰਡ ਪਾਪੜੀ ਵਿੱਚ ਸ਼ਾਮਲਾਤ ਜਾਇਦਾਦਾਂ ’ਤੇ ਕਬਜ਼ਾ ਕਰਨ ਵਾਲਿਆਂ ਦੇ ਨਾਮਜ਼ਾਦਗੀ ਪੱਤਰ ਵੀ ਮਨਜ਼ੂਰ

ਨਬਜ਼-ਏ-ਪੰਜਾਬ, ਮੁਹਾਲੀ, 7 ਅਕਤੂਬਰ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਾਨੂੰਨ ਅਤੇ ਨਿਯਮ ਤੋੜਨ, ਧਾਂਦਲੀਆਂ ਅਤੇ ਧੱਕੇਸ਼ਾਹੀਆਂ ਕਰਨ ਦੇ ਸਾਰੇ ਹੱਦਾਂ-ਬੰਨੇ ਤੋੜ ਕੇ ਲੋਕਤੰਤਰ ਦੀ ਨੀਂਹ ਪੰਚਾਇਤੀ ਚੋਣਾਂ ਨੂੰ ਮਹਿਜ਼ ਇਕ ‘ਸਰਕਾਰੀ ਡਰਾਮਾ’ ਬਣਾ ਕੇ ਰੱਖ ਦਿੱਤਾ ਹੈ। ਸ੍ਰੀ ਸਿੱਧੂ ਨੇ ਅੱਜ ਮੀਡੀਆ ਨਾਲ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੁਹਾਲੀ ਬਲਾਕ ਦੇ ਪਿੰਡ ਪਾਪੜੀ ਵਿੱਚ ਪਿੰਡ ਵਾਸੀਆਂ ਵੱਲੋਂ ਪੁਖ਼ਤਾ ਸਬੂਤਾਂ ਦੇ ਅਧਾਰ ’ਤੇ ਲਾਏ ਗਏ ਸਾਰੇ ਇਤਰਾਜ਼ਾਂ ਨੂੰ ਦਰਕਿਨਾਰ ਕਰਦਿਆਂ ਉਨ੍ਹਾਂ ਵਿਅਕਤੀਆਂ ਦੇ ਨਾਮਜ਼ਾਦਗੀ ਪੱਤਰ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਉੱਤੇ ਪੰਚਾਇਤੀ ਜ਼ਮੀਨ ਅਤੇ ਅਸਾਸਿਆਂ ਉੱਤੇ ਕਬਜ਼ਾ ਕਰਨ ਦੇ ਦੋਸ਼ ਸਿੱਧ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਪੰਚੀ ਦੀ ਉਮੀਦਵਾਰ ਰਮਨਦੀਪ ਕੌਰ ਸਮੇਤ ਪੰਚੀ ਦੇ ਉਮੀਦਵਾਰ ਹਰਜੀਤ ਕੌਰ, ਬਲਕਾਰ ਸਿੰਘ ਤੇ ਮਨਜੀਤ ਕੌਰ ਦੇ ਪਰਿਵਾਰਾਂ ਹਾਈ ਕੋਰਟ ਦੇ ਹੁਕਮਾਂ ’ਤੇ ਹੋਈ ਜਾਂਚ ਵਿੱਚ ਪੰਚਾਇਤੀ ਜਾਇਦਾਦਾਂ ਉੱਤੇ ਕਬਜ਼ਾ ਕਰਨ ਦੇ ਦੋਸ਼ੀ ਸਾਬਤ ਹੋ ਚੁੱਕੇ ਹਨ।
ਸ੍ਰੀ ਸਿੱਧੂ ਨੇ ਅੱਗੇ ਹੋਰ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦਸਤਾਵੇਜ਼ੀ ਸਬੂਤਾਂ ਦੇ ਅਧਾਰ ’ਤੇ ਕੀਤੇ ਗਏ ਇਤਰਾਜ਼ਾਂ ਨੂੰ ਆਮ ਆਦਮੀ ਪਾਰਟੀ ਦੇ ਹੀ ਇਕ ਅੰਗ ਬਣੇ ਹੋਏ ਅਧਿਕਾਰੀਆਂ ਨੇ ਦਰਕਿਨਾਰ ਕਰ ਕੇ ਸ਼ਰ੍ਹੇਆਮ ਲੋਕਤੰਤਰ ਅਤੇ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਕਾਂਗਰਸੀ ਆਗੂ ਨੇ ਮੁਹਾਲੀ ਬਲਾਕ ਦੇ ਹੀ ਇੱਕ ਹੋਰ ਪਿੰਡ ਜੁਝਾਰ ਨਗਰ ਵਿੱਚ ਚੋਣ ਅਧਿਕਾਰੀਆਂ ਵੱਲੋਂ ਆਪਣਾ ਹੀ ਫ਼ੈਸਲਾ ਪਲਟ ਕੇ ਪਹਿਲਾਂ ਰੱਦ ਕੀਤੇ ਗਏ ਨਾਮਜ਼ਾਦਗੀ ਕਾਗਜ਼ਾਂ ਨੂੰ ਦੂਜੇ ਦਿਨ ਮਨਜ਼ੂਰ ਕਰਨ ਦਾ ਦੋਸ਼ ਵੀ ਲਾਇਆ ਹੈ। ਉਨ੍ਹਾਂ ਕਿਹਾ ਕਿ ਆਪਣੇ ਅਤੇ ਵਿਰੋਧੀਆਂ ਲਈ ਵੱਖੋ-ਵੱਖਰੇ ਕਾਨੂੰਨ ਬਣਾਏ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਧਾਂਦਲੀ ਲਈ ਚੋਣ ਅਧਿਕਾਰੀਆਂ ਨੇ ਸਿਆਸੀ ਦਬਾਅ ਹੇਠ ਆਪਣੀਆਂ ਲਿਸਟਾਂ ਹੀ ਬਦਲ ਦਿੱਤੀਆਂ ਗਈਆਂ ਹਨ। ਉਨ੍ਹਾਂ ਕੁਰੜਾ ਪਿੰਡ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਨਾਲ ਸਬੰਧਤ ਉਮੀਦਵਾਰਾਂ ਨੂੰ ਇਨਸਾਫ਼ ਲੈਣ ਲਈ ਤਿੰਨ-ਤਿੰਨ ਵਾਰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਹੈ। ਸ੍ਰੀ ਸਿੱਧੂ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਨੇ ਪੰਚਾਇਤੀ ਚੋਣਾਂ ਕਰਵਾਉਣੀਆਂ ਹੀ ਨਹੀਂ ਸਨ ਤਾਂ ਫਿਰ ਇਹ ‘‘ਸਰਕਾਰੀ ਡਰਾਮੇ’’ ਦਾ ਢੌਂਗ ਰਚਣ ਦੀ ਕੀ ਲੋੜ ਸੀ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦਾ ਸਮਾਂ ਤੇ ਪੈਸਾ ਬਰਬਾਦ ਕਰਨ ਦੀ ਥਾਂ ਮਨਮਰਜ਼ੀ ਦੇ ਸਰਪੰਚਾਂ ਤੇ ਪੰਚਾਂ ਦੀਆਂ ਨਾਮਜ਼ਾਦਗੀਆਂ ਹੀ ਕਰ ਦੇਣੀਆਂ ਚਾਹੀਦੀਆਂ ਸਨ।
ਸਾਬਕਾ ਮੰਤਰੀ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲੀ ਸਰਕਾਰ ਨੂੰ ਹੁਣ ਭਗਤ ਸਿੰਘ ਦਾ ਨਾਂ ਲੈਣਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਉਮੀਦਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਹਰ ਪੱਧਰ ’ਤੇ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਅਮਲ ਨਾਲ ਸਬੰਧਤ ਸਰਕਾਰੀ ਅਧਿਕਾਰੀਆਂ ਤੇ ਚੋਣ ਅਮਲੇ ਤੋਂ ਇਨਸਾਫ਼ ਲੈ ਕੇ ਦੇਣ ਲਈ ਹਰ ਥਾਂ ਮੌਕੇ ਉੱਤੇ ਜਾਣ ਤੋਂ ਇਲਾਵਾ ਕਾਨੂੰਨੀ ਚਾਰਾਜ਼ੋਈ ਵੀ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…