ਭਗਵੰਤ ਮਾਨ ਸਰਕਾਰ ਵੱਲੋਂ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਵੱਲੋਂ ਸਪੋਰਟਸ ਕਲੱਬ ਬੈਦਵਾਨ ਨੂੰ 51,000 ਰੁਪਏ ਦੇਣ ਦਾ ਐਲਾਨ
ਨਬਜ਼-ਏ-ਪੰਜਾਬ, ਮੁਹਾਲੀ, 21 ਜਨਵਰੀ:
ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਬੈਦਵਾਨ ਸਪੋਰਟਸ ਕਲੱਬ (ਰਜਿ:) ਸੁਹਾਣਾ ਵੱਲੋਂ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਯਾਦਗਾਰੀ ਅਤੇ ਪੰਮੇ ਸੁਹਾਨੇ ਦੀ ਯਾਦ ਨੂੰ ਸਮਰਪਿਤ, 28ਵਾਂ ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਖੇਡ ਜਗਤ ਵਿੱਚ ਸਕਾਰਾਤਮਕ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕੰਮਾਂ ਦੇ ਚਲਦਿਆਂ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਨੇ ਵੱਡਾ ਨੁਕਸਾਨ ਕੀਤਾ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਕੇ ਲੀਹ ਤੇ ਲਿਆਂਦਾ ਜਾ ਰਿਹਾ ਹੈ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡ ਮੈਦਾਨ ਵਿੱਚ ਸਮਾਂ ਬਿਤਾਉਣਾ ਵਧੇਰੇ ਪਸੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡ ਲਈ ਲੋੜੀਂਦੇ ਸਮਾਨ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਜਿਹੜੀਆਂ ਖੇਡ ਸੰਸਥਾਵਾਂ ਖਿਡਾਰੀਆਂ ਨੂੰ ਖੇਡਾਂ ਲਈ ਪ੍ਰਮੋਟ ਕਰਦੀਆਂ ਹਨ, ਉਨ੍ਹਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਮਹੀਨੇ, ਹਰ ਦਿਨ ਅਤੇ ਹਰ ਅਹਿਮ ਮੌਕਿਆਂ ਤੇ ਪੰਜਾਬ ਭਰ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਟੂਰਨਾਮੈਂਟ ਚੱਲ ਰਿਹਾ ਹੁੰਦਾ ਹੈ ਜਿਸ ਤੋਂ ਭਗਵੰਤ ਮਾਨ ਸਰਕਾਰ ਦੇ ਖੇਡਾਂ ਪ੍ਰਤੀ ਸੁਹਿਰਦ ਅਤੇ ਸਾਰਥਿਕ ਵਾਤਾਵਰਣ ਪ੍ਰਦਾਨ ਕਰਨ ਬਾਰੇ ਪਤਾ ਚਲਦਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਉਹ ਕਦੇ ਵੀ ਦੇਣਾ ਨਹੀਂ ਦੇ ਸਕਦੇ, ਜਿਨਾਂ ਨੇ ਏਡੇ ਵੱਡੇ ਅੰਤਰ ਨਾਲ ਜਿਤਾ ਕੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ ਹੈ। ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਬੈਦਵਾਨ ਸਪੋਰਟਸ ਕਲੱਬ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਕਬੱਡੀ ਕੱਪ ਦੇ ਦੌਰਾਨ ਇੱਕ ਪਿੰਡ ਓਪਨ ਵਿੱਚ, ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਜਦਕਿ ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਇੱਕ ਲੱਖ ਰੁਪਏ ਇਨਾਮ ਦਿੱਤੇ ਗਏ, ਜਦਕਿ ਇੱਕ ਪਿੰਡ ਓਪਨ ਦੇ ਬੈਸਟ ਰੇਡਰ ਅਤੇ ਬੈਸਟ ਜਾਫ਼ੀ ਨੂੰ ਬੁਲਟ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ। ਇਸ ਕਬੱਡੀ ਕੱਪ ਦੇ ਵਿੱਚ ਵੱਡੀ ਗਿਣਤੀ ’ਚੋਂ ਪੰਜਾਬ ਭਰ ’ਚੋਂ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਹਰਮੇਸ਼ ਕੁੰਭੜਾ, ਗੁਰਪ੍ਰੀਤ ਕੁਰੜਾ, ਜਗਵਿੰਦਰ ਧਾਲੀਵਾਲ, ਸਨੀ, ਤਰਲੋਚਨ ਮਟੌਰ, ਬਲਜੀਤ ਸਿੰਘ ਵਿੱਕੀ, ਧਰਮਪ੍ਰੀਤ ਸਿੰਘ, ਜਸਪਾਲ ਮਟੌਰ, ਤਰਲੋਚਨ ਸਿੰਘ ਸਰਪੰਚ ਕੈਲੋਂ ਅਤੇ ਪ੍ਰਗਟ ਸਿੰਘ ਅਤੇ ਅਵਤਾਰ ਸਿੰਘ ਮੌਲੀ ਹਾਜ਼ਰ ਸਨ।