
ਭਗਵੰਤ ਮਾਨ ਦਿੱਲੀ ਗੇੜੇ ਮਾਰਨ ਦੀ ਥਾਂ ਪੰਜਾਬ ਵਿੱਚ ਬੈਠ ਕੇ ਫ਼ੈਸਲੇ ਲੈਣ: ਬਰਾੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਪੰਜਾਬ ਵਿੱਚ ਦਿੱਲੀ ਮਾਡਲ ਲਾਗੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਫ਼ਤਰ ਸਕੱਤਰ ਅਤੇ ਮੁੱਖ ਬੁਲਾਰੇ ਮਨਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਵਿਕਾਸ ਅਤੇ ਲੋਕ ਪੱਖੀ ਹਰ ਫ਼ੈਸਲਾ ਲੈਣ ਲਈ ਦਿੱਲੀ ਜਾਣ ਦੀ ਲੋੜ ਨਹੀਂ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਨਰ ਦੀ ਘਾਟ ਨਹੀਂ ਹੈ ਅਤੇ ਜੇਕਰ ਭਗਵੰਤ ਮਾਨ ਸੱਚਮੁੱਚ ਪੰਜਾਬ ਨੂੰ ਖੁਸ਼ਹਾਲ ਅਤੇ ਵਿਕਾਸ ਦੇ ਰਾਹ ’ਤੇ ਤੋਰਨਾ ਚਾਹੁੰਦੇ ਹਨ ਤਾਂ ਉਹ ਦਿੱਲੀ ਗੇੜੇ ਮਾਰਨ ਦੀ ਥਾਂ ਸਭ ਤੋਂ ਪਹਿਲਾਂ ਪੰਜਾਬ ਦੇ ਸੇਵਾਮੁਕਤ ਆਈਏਐਸ ਅਧਿਕਾਰੀਆਂ ਅਤੇ ਹੋਰ ਤਜਰਬੇਕਾਰ ਅਫ਼ਸਰਾਂ ਨਾਲ ਸਲਾਹ ਮਸ਼ਵਰਾ ਕਰਨ ਤਾਂ ਜੋ ਸਹੀ ਮਾਇਨੇ ਵਿੱਚ ਪੰਜਾਬ ਦੇ ਮਸਲਿਆਂ ਦਾ ਹੱਲ ਨਿਕਲ ਸਕੇ।
ਸ੍ਰੀ ਬਰਾੜ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਮਸਲੇ ਅੱਡ-ਅੱਡ ਹਨ। ਜਿੱਥੇ ਦਿੱਲੀ ਪੂਰੇ ਦੇਸ਼ ਵਿੱਚ ਵਪਾਰ ਦਾ ਵੱਡਾ ਕੇਂਦਰ ਹੈ, ਉੱਥੇ ਹੀ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਕਰਕੇ ਇਨ੍ਹਾਂ ਦੋਵਾਂ ਸੂਬਿਆਂ ਦੇ ਮਸਲੇ ਬਿਲਕੁਲ ਵੱਖੋ-ਵੱਖਰੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਦਿੱਲੀ ਬੈਠੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਜਾਂ ਉਨ੍ਹਾਂ ਦੇ ਹਾੜੇ ਕੱਢਣ ਦੀ ਬਜਾਏ ਪੰਜਾਬ ਦੇ ਕਾਬਲ ਅਤੇ ਤਜਰਬੇਕਾਰ ਸ਼ਖ਼ਸੀਅਤਾਂ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਆਏ ਦਿਨ ਦਿੱਲੀ ਵਿੱਚ ਭਰੀਆਂ ਜਾ ਰਹੀਆਂ ਹਾਜ਼ਰੀਆਂ ਨੂੰ ਪੰਜਾਬ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਬੰਧੀ ਹਰ ਫੈਸਲਾ ਪੰਜਾਬ ਵਿੱਚ ਬੈਠ ਕੇ ਖ਼ੁਦ ਲੈਣ।