
ਐਸਵਾਈਐਲ ਦੇ ਮੁੱਦੇ ਤੇ ਭਗਵੰਤ ਮਾਨ ਦੀ ਚੁੱਪੀ ਪੰਜਾਬ ਲਈ ਖ਼ਤਰਨਾਕ: ਰਾਮੂਵਾਲੀਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਗੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੱਲੋਂ ਐਸਵਾਈਐਲ ਦੇ ਪਾਣੀ ਦੇ ਮੁੱਦੇ ’ਤੇ ਦਿੱਤੇ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਉਹ ਪੰਜਾਬ ਦੇ ਹੱਕ ਵਿੱਚ ਹਨ ਜਾਂ ਫਿਰ ਹਰਿਆਣਾ ਵਿੱਚ ਚੋਣਾਂ ਜਿੱਤਣ ਲਈ ਉਹ ਸੁਸ਼ੀਲ ਗੁਪਤਾ ਵੱਲੋਂ ਦਿੱਤੇ ਬਿਆਨ ਨਾਲ ਸਹਿਮਤ ਹਨ।
ਇੱਥੋਂ ਜਾਰੀ ਇਕ ਬਿਆਨ ਵਿੱਚ ਬੀਬੀ ਰਾਮੂਵਾਲੀਆ ਨੇ ਕਿਹਾ ਕਿ ਜਦੋਂ 1966 ਵਿੱਚ ਪਾਣੀ ਦੀ ਵੰਡ ਹੋਈ ਸੀ ਤਾਂ ਪੰਜਾਬ ਤੇ ਹਰਿਆਣੇ ਨੂੰ ਬਰਾਬਰ (3.5 ਐਮਏਐਫ਼) ਪਾਣੀ ਮਿਲਿਆ ਸੀ ਪ੍ਰੰਤੂ 31 ਦਸੰਬਰ 1981 ਨੂੰ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸਨ ਤਾਂ ਐਸਵਾਈਐਲ ਦੇ ਪਾਣੀ ਵਿਚ ਵੱਡਾ ਫੇਰਬਦਲ ਕੀਤਾ ਗਿਆ। ਜਿਸ ਅਨੁਸਾਰ ਪੰਜਾਬ ਨੂੰ 4.22 ਐਮਏਐਫ਼ ਪਾਣੀ ਅਤੇ ਹਰਿਆਣੇ ਨੂੰ 17.17 ਐਮ ਏ ਐਫ ਪਾਣੀ ਦਿੱਤਾ ਗਿਆ, ਜੋ ਕਿ ਪੰਜਾਬ ਨਾਲੋਂ ਚਾਰ ਗੁਣਾ ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਨਾਲੋਂ ਹਰਿਆਣਾ ਨੂੰ ਚਾਰ ਗੁਣਾ ਜ਼ਿਆਦਾ ਪਾਣੀ ਮਿਲ ਰਿਹਾ ਹੈ ਅਤੇ ਸੁਸ਼ੀਲ ਗੁਪਤਾ ਦੇ ਬਿਆਨਾਂ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪੀ ਪੰਜਾਬ ਲਈ ਘਾਤਕ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਜਿਤਾਇਆ ਹੈ। ਹੁਣ ਆਮ ਆਦਮੀ ਪਾਰਟੀ ਆਪਣਾ ਫ਼ਰਜ਼ ਅਦਾ ਕਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅੱਗੇ ਆਉਣ।