ਭਾਈ ਗੁਰਸ਼ਰਨ ਸਿੰਘ ਦੀ ਧਰਮ ਪਤਨੀ ਕੈਲਾਸ਼ ਕੌਰ ਨਹੀਂ ਰਹੇ

1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਦਿੱਲੀ ਆਇਆ ਸੀ ਪਰਿਵਾਰ

ਭਾਈ ਮੰਨਾ ਸਿੰਘ ਨਾਲ ਕਈ ‘ਨਾਟਕਾਂ’ ਵਿੱਚ ਕੰਮ ਕਰਕੇ ਸਮਾਜਿਕ ਜਾਗਰੂਕਤਾ ਦਾ ਹੋਕਾ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 5 ਅਕਤੂਬਰ:
ਉੱਘੇ ਨਾਟਕਕਾਰ ਤੇ ਨਾਟ ਨਿਰਦੇਸ਼ਕ ਭਾਈ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਧਰਮ ਪਤਨੀ ਕੈਲਾਸ਼ ਕੌਰ (91) ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਨੋਇਡਾ ਵਿੱਚ ਕੀਤਾ ਗਿਆ। ਉਨ੍ਹਾਂ ਨੇ ਭਾਈ ਗੁਰਸ਼ਰਨ ਸਿੰਘ ਹੂਰਾਂ ਨਾਲ ਬਹੁਤ ਸਾਰੇ ਨਾਟਕਾਂ ਵਿੱਚ ਮੁੱਖ ਕਿਰਦਾਰ ਨਿਭਾਇਆ। ਲੋਕਾਂ ਵਿੱਚ ਸਮਾਜਿਕ ਚੇਤਨਾ ਪੈਦਾ ਕਰਨ ਅਤੇ ਮੌਜੂਦਾ ਸੰਘਰਸ਼ਮਈ ਜੀਵਨ ਨੂੰ ਕਿਵੇਂ ਜੀਆ ਜਾਵੇ, ਬਾਰੇ ਪਿੰਡ ਪਿੰਡ ਜਾ ਕੇ ਜਾਗਰੂਕਤਾ ਹੋਕਾ ਦਿੱਤਾ। ਮੌਜੂਦਾ ਸਮੇਂ ਵਿੱਚ ਉਹ ਆਪਣੀ ਬੇਟੀ ਸੋਸ਼ਲ ਵਰਕਰ ਨਵਸ਼ਰਨ ਕੌਰ ਰਹਿੰਦੇ ਸਨ ਅਤੇ ਉੱਥੇ ਹੀ ਆਖ਼ਰੀ ਸਾਹ ਲਏ। ਦੂਜੀ ਬੇਟੀ ਡਾ. ਅਰੀਤ ਪੰਜਾਬ ਸਿਹਤ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹਨ।
ਜਾਣਕਾਰੀ ਅਨੁਸਾਰ ਬੀਬੀ ਕੈਲਾਸ਼ ਕੌਰ ਦਾ ਜਨਮ 1933 ਨੂੰ ਗੁੱਜਰਵਾਲਾ (ਪਾਕਿਸਤਾਨ) ਵਿੱਚ ਹੋਇਆ ਪ੍ਰੰਤੂ 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਾਰਾ ਕੁੱਝ ਗੁਆ ਕੇ ਦਿੱਲੀ ਆ ਗਿਆ। ਦਿੱਲੀ ਤੋਂ ਹੀ ਉਨ੍ਹਾਂ ਨੇ ਗਰੈਜੂਏਸ਼ਨ ਅਤੇ ਬੀਏ,ਐਲਐਲਬੀ ਕੀਤੀ। 1959 ਵਿੱਚ ਕੈਲਾਸ਼ ਕੌਰ ਦਾ ਵਿਆਹ ਭਾਈ ਗੁਰਸ਼ਰਨ ਸਿੰਘ ਨਾਲ ਹੋਇਆ ਅਤੇ ਵਿਆਹ ਤੋਂ ਬਾਅਦ ਉਹ ਨੰਗਲ ਆ ਗਏ। ਜਿੱਥੇ ਭਾਈ ਗੁਰਸ਼ਰਨ ਸਿੰਘ ਭਾਖੜਾ ਨੰਗਲ ਡੈੱਮ ਦੀ ਉਸਾਰੀ ਸਮੇਂ ਅਸਿਸਟੈਂਟ ਖ਼ੋਜ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਸਨ। ਇਸ ਮਗਰੋਂ ਉਨ੍ਹਾਂ ਭਾਅ ਜੀ ਹੁਰੀਂ ਅੰਮ੍ਰਿਤਸਰ ਆ ਗਏ, ਜਿੱਥੇ ਉਨ੍ਹਾਂ ਨੇ ਅੰਮ੍ਰਿਤਸਰ ਕਲਾ ਕੇਂਦਰ ਦਾ ਗਠਨ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਭਾਅ ਜੀ ਨਾਲ ਨਾਟਕਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾ ਨਾਟਕ ਬੰਗਲਾ ਦੇ ਅਕਾਲ ਉੱਤੇ ਆਧਾਰਿਤ ‘ਮੁੱਠੀ ਭਰ ਚੌਲ’ ਵਿੱਚ ਅਹਿਮ ਰੋਲ ਅਦਾ ਕੀਤਾ। ਇਹ ਕੈਲਾਸ਼ ਕੌਰ ਦਾ ਪਹਿਲਾ ਨਾਟਕ ਸੀ। ਉਂਜ ਉਹ ਵਿਆਹ ਤੋਂ ਪਹਿਲਾਂ ਨਾਟਕ ਕਰਨੇ ਸ਼ੁਰੂ ਕਰ ਦਿੱਤੇ ਸਨ। 69 ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ’ਤੇ ਇਸ ਤੋਂ ਬਾਅਦ ‘ਜਿੰਨ ਸੱਚ ਪੱਲੇ ਹੋਏ’ ਨਾਟਕ ਪਿੰਡ ਪਿੰਡ ਜਾ ਕੇ ਖੇਡਿਆ ਗਿਆ। ਜਿਸ ਵਿੱਚ ਕੈਲਾਸ਼ ਕੌਰ ਦਾ ਮੁੱਖ ਰੋਲ ਸੀ। ਇਸ ਤਰ੍ਹਾਂ ਉਨ੍ਹਾਂ ਨੇ ਭਾਅ ਜੀ ਨਾਲ ਹਰੇਕ ਮੰਚ ’ਤੇ ਨਾਟਕ ਖੇਡਿਆ ਅਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ‘ਮਿੱਟੀ ਦਾ ਮੁੱਲ’ ਅਤੇ ‘ਇਹ ਲਹੂ ਕਿਸ ਦਾ ਹੈ’ ਨਾਟਕਾਂ ਵਿੱਚ ਵੀ ਸ਼ਲਾਘਾਯੋਗ ਕੀਤਾ ਹੈ। ਹੁਣ ਜ਼ਿੰਦਗੀ ਦੇ ਅਖੀਰਲੇ ਪੜਾਅ ਵਿੱਚ ਆ ਕੇ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਨੇ ਖਾਣਾ ਪੀਣਾ ਤਿਆਗ ਦਿੱਤਾ ਸੀ ਅਤੇ ਬੀਤੇ ਦਿਨੀਂ ਉਨ੍ਹਾਂ ਦੀ ਮੌਤ ਹੋ ਗਈ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…