ਬੇਅਦਬੀ ਮਾਮਲਾ: ਭਾਈ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਹੋ ਕੇ ਦਰਜ ਕਰਵਾਏ ਬਿਆਨ

ਭਾਈ ਹਿੰਮਤ ਸਬੂਤ ਵਾਲੀ ਫਾਈਲ ਵੀ ਕਮਿਸ਼ਨ ਨੂੰ ਸੌਂਪੀ

ਤਖ਼ਤਾਂ ਦੇ ਜਥੇਦਾਰਾਂ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ

ਸ਼੍ਰੋਮਣੀ ਕਮੇਟੀ ਨੇ ਗੁਰੂ ਘਰ ਦੀ ਗੋਲਕ ਨੂੰ 93 ਲੱਖ ਦਾ ਚੂਨਾ ਲਗਾਇਆ

ਐਸਜੀਪੀਸੀ ਗੁਰਦੁਆਰਾ ਐਕਟ ਅਨੁਸਾਰ ਤਖ਼ਤਾਂ ਦੇ ਜਥੇਦਾਰਾਂ ਦੀ ਕੋਈ ਅਸਾਮੀ ਨਹੀਂ ਹੈ?

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਭਾਈ ਹਿੰਮਤ ਸਿੰਘ ਨੇ ਅੱਜ ਮੁਹਾਲੀ ਦੇ ਵਣ ਭਵਨ ਸਥਿਤ ਜਸਟਿਸ ਰਣਜੀਤ ਸਿੰਘ ਕਮਿਸ਼ਨਰ ਦੇ ਦਫ਼ਤਰ ਵਿੱਚ ਪਹੁੰਚ ਕੇ ਸਰਕਾਰੀ ਗਵਾਹ ਵਜੋਂ ਆਪਣੇ ਬਿਆਨ ਦਰਜ ਕਰਵਾਏ। ਇੱਥੇ ਇਹ ਦੱਸਣਯੋਗ ਹੈ ਕਿ ਭਾਈ ਹਿੰਮਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਗਰ ਕੀਤੇ ਗਿਆਨੀ ਗੁਰਮੁੱਖ ਸਿੰਘ ਦੇ ਛੋਟੇ ਭਰਾ ਹਨ। ਉਨ੍ਹਾਂ ਨੇ ਬੇਅਦਬੀ ਦੀਆਂ ਵੱਖ ਵੱਖ ਘਟਨਾਵਾਂ ਸਬੰਧੀ ਆਪਣੇ ਬਿਆਨ ਕਲਮਬੰਦ ਕਰਵਾਉਣ ਦੇ ਨਾਲ ਨਾਲ ਸਬੂਤ ਵਜੋਂ ਕੁਝ ਅਹਿਮ ਦਸਤਾਵੇਜਾਂ ਦੀ ਫਾਈਲ ਵੀ ਕਮਿਸ਼ਨ ਨੂੰ ਸੌਂਪੀ ਗਈ।
ਇਸ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਈ ਹਿੰਮਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੇਅਦਬੀ ਸਮੇਤ ਕਮਿਸ਼ਨ ਕੋਲ ਰਾਮ ਰਹੀਮ ਨੂੰ ਦਿੱਤੀ ਮੁਆਫ਼ੀ ਦੇ ਸਬੰਧੀ ਕਈ ਤੱਥ ਉਜਾਗਰ ਕੀਤੇ ਹਨ। ਉਨ੍ਹਾਂ ਨੇ ਰਾਮ ਰਹੀਮ ਵੱਲੋਂ ਮੁਆਫ਼ੀ ਨਾਮੇ ਲਈ ਭੇਜੀ ਚਿੱਠੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਮੁਆਫ਼ੀ ਨਾਮੇ ਵਾਲੀ ਚਿੱਠੀ ਅਤੇ ਕਈ ਹੋਰ ਦਸਤਾਵੇਜ ਅਤੇ ਗੁਪਤ ਭੇਦ ਬਾਰੇ ਆਪਣੀ ਇੱਕ ਲੰਮੀ ਚਿੱਠੀ ਵੀ ਕਮਿਸ਼ਨ ਨੂੰ ਦਿੱਤੀ। ਇਸ ਵਿੱਚ ਉਨ੍ਹਾਂ ਨੇ ਉਕਤ ਘਟਨਾਵਾਂ ਨਾਲ ਸਬੰਧਤ ਕਈ ਰਾਜ ਖੋਲਦਿਆਂ ਫੋਟੋਆਂ ਵੀ ਕਮਿਸ਼ਨ ਕੋਲ ਪੇਸ਼ ਕੀਤੀਆਂ।
ਭਾਈ ਹਿੰਮਤ ਸਿੰਘ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਗਿਆਨੀ ਗੁਰਮੁੱਖ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਰਕੋ ਟੈਸਟ ਕੀਤਾ ਜਾਵੇ ਤਾਂ ਜੋ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਪੁਲੀਸ ਵੱਲੋਂ ਵੈਹਿਸ਼ੀਆਨੇ ਢੰਗ ਨਾਲ ਸ਼ਾਂਤਮਈ ਧਰਨੇ ’ਤੇ ਬੈਠੇ ਸਿੱਖ ਕੌਮ ਦੇ ਅਨਮੋਲ ਹੀਰਿਆਂ ’ਤੇ ਵਰਾਈਆਂ ਗਈਆਂ ਡਾਗਾਂ ਅਤੇ ਨਿਹੱਥੇ ਸਿੱਖਾਂ ’ਤੇ ਕੀਤੀ ਗਈ ਫਾਈਰਿੰਗ ਨਾਲ ਸਹੀਦ ਹੋਏ ਨੌਜਵਾਨਾਂ ਲਈ ਹੁਕਮ ਕਿਸ ਨੇ ਦਿੱਤੇ ਅਤੇ ਇਸ ਸੱਚ ਝੂਠ ਦਾ ਨਿਤਾਰਾ ਲੋਕਾਂ ਦੀ ਕਚਹਿਰੀ ਵਿੱਚ ਪਹੁੰਚ ਸਕੇ।
ਉਨ੍ਹਾਂ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਐਸਜੀਪੀਸੀ ਗੁਰਦੁਆਰਾ ਐਕਟ ਅਨੁਸਾਰ ਤਖ਼ਤਾਂ ਦੇ ਜਥੇਦਾਰਾਂ ਦੀ ਕੋਈ ਅਸਾਮੀ ਨਹੀਂ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ’ਤੇ ਵੀ ਰਾਮ ਰਹੀਮ ਨੂੰ ਮੁਆਫ਼ੀ ਨਾਮਾ ਦੇਣ ਸਬੰਧੀ ਗੁਰੂ ਘਰ ਦੀ ਗੋਲਕ ’ਚੋਂ ਕਥਿਤ ਤੌਰ ’ਤੇ 93 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ ਨੂੰ ਦੇ ਕੇ ਗੁਰੂ ਘਰ ਦੀ ਗੋਲਕ ਨੂੰ ਚੂਨਾ ਲਗਾਉਣ ਦੀ ਗੱਲ ਕਹੀ। ਉਨ੍ਹਾਂ ਨੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਆਪਣੀ ਅਮਾਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ ਲਾਉਂਦਿਆਂ ਜਥੇਦਾਰਾਂ ’ਤੇ ਡੇਰਾ ਵਾਦ ਨੂੰ ਬੜਾਵਾ ਦੇਣ ਅਤੇ ਜਿਹੜੇ ਡੇਰਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਦੀ ਧੱਜੀਆਂ ਉਡਾਈਆਂ ਜਾਂਦੀਆਂ ਹਨ ਵਿੱਚ ਲਿਫ਼ਾਫ਼ਿਆਂ ਕਰਕੇ ਪਹੁੰਚਣ ਦਾ ਦੋਸ਼ ਲਗਾਇਆ। ਉਨ੍ਹਾਂ ਕਮਿਸ਼ਨ ਤੋਂ ਮੰਗ ਕੀਤੀ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਆਮਦਨ ਤੋਂ ਜਾਇਦਾਦ ਬਣਾਉਣ ਦੀ ਜਾਂਚ ਕੀਤੀ ਜਾਵੇ ਅਤੇ ਕਸੂਰਵਾਰਾਂ ਦੇ ਖ਼ਿਲਾਫ਼ ਬਣਦੀ ਯੋਗ ਕਰਵਾਈ ਕੀਤੀ ਜਾਵੇ। ਇਸ ਮੌਕੇ ਕਮਿਸ਼ਨ ਨੇ ਭਾਈ ਹਿੰਮਤ ਸਿੰਘ ਨੂੰ ਨਿਰਪੱਖ ਜਾਂਚ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…