Nabaz-e-punjab.com

ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਦੇਖਭਾਲ ’ਚ ਕੋਈ ਕੋਤਾਹੀ ਨਹੀਂ ਹੋਈ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 4 ਅਪਰੈਲ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਦੇਖਭਾਲ ਵਿੱਚ ਕੋਈ ਕੋਤਾਹੀ ਨਹੀਂ ਵਰਤੀ ਗਈ ਹੈ। ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਭਾਈ ਖਾਲਸਾ ਸਮੇਤ ਜਿਹੜੇ ਵੀ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਉਨ੍ਹਾਂ ਦੀ ਆਪਣੀ ਗਲਤੀ ਕਾਰਨ ਹੋਈ ਹੈ। ਖਾਲਸਾ ਦੇ ਇਲਾਜ ਵਿੱਚ ਕੋਤਾਹੀ ਵਰਤਣ ਸਬੰਧੀ ਪਰਿਵਾਰਕ ਮੈਂਬਰਾਂ ਨਾਲ ਹੋਈ ਗੱਲਬਾਤ ਦੀ ਆਡੀਓ ਵਾਇਰਲ ਹੋਣ ਬਾਰੇ ਪੁੱਛੇ ਜਾਣ ‘ਤੇ ਸਿਹਤ ਮੰਤਰੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਇਸ ਸਬੰਧੀ ਡਾਕਟਰਾਂ ਵਿਰੁੱਧ ਭੰਡੀ ਪ੍ਰਚਾਰ ਕਰਨਾ ਬਿਲਕੁਲ ਗਲਤ ਗੱਲ ਹੈ।
ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਜਦੋਂ ਇਨ੍ਹਾਂ ਵਿਅਕਤੀਆਂ ਨੂੰ ਖੰਘ, ਜ਼ੁਕਾਮ ਜਾਂ ਬੁਖ਼ਾਰ ਦੀ ਸ਼ਿਕਾਇਤ ਹੋਈ ਤਾਂ ਇਹ ਪਹਿਲਾਂ ਛੋਟੇ ਡਾਕਟਰਾਂ ਕੋਲੋਂ ਦਵਾਈ ਲੈ ਕੇ ਬੱੁਤਾ ਸਾਰਦੇ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜ਼ਿਆਦਾ ਤਕਲੀਫ਼ ਵਧਣ ਤੋਂ ਬਾਅਦ ਹੀ ਮਾਹਰ ਡਾਕਟਰਾਂ ਕੋਲ ਪਹੁੰਚ ਕੀਤੀ ਗਈ। ਜਦੋਂਕਿ ਅਜਿਹੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਕਰੋਨਾਵਾਇਰਸ ਦੇ ਲੱਛਣਾਂ ਦਾ ਸੱਕ ਹੋਣ ’ਤੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲਾਂ ਦੇ ਮਾਹਰ ਡਾਕਟਰਾਂ ਕੋਲ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।
ਸ੍ਰੀ ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਫਿਲਹਾਲ ਕਰੋਨਾਵਾਇਰਸ ਦੇ ਇਲਾਜ ਲਈ ਕੋਈ ਦਵਾਈ ਹੀ ਨਹੀਂ ਬਣੀ ਹੈ। ਸਿਰਫ਼ ਸਾਵਧਾਨੀ\ਪ੍ਰਹੇਜ਼ ਹੀ ਇਕ ਮਾਤਰ ਇਲਾਜ ਹੈ। ਉਨ੍ਹਾਂ ਦੱਸਿਆ ਕਿ ਪੀੜਤ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਕਰੋਸੀਨ ਜਾਂ ਪੈਰਾਸੀਟਾਮੋਲ ਦੀ ਗੋਲੀ ਦਿੱਤੀ ਜਾਂਦੀ ਹੈ। ਜੇਕਰ ਸਾਹ ਲੈਣ ’ਚ ਕੋਈ ਤਕਲੀਫ਼ ਹੁੰਦੀ ਹੈ ਤਾਂ ਉਸ ਨੂੰ ਆਕਸੀਜਨ ਦਿੱਤੀ ਜਾਂਦੀ ਹੈ। ਜੇਕਰ ਫਿਰ ਵੀ ਮਰੀਜ਼ ਦੀ ਤਬੀਅਤ ਜ਼ਿਆਦਾ ਖ਼ਰਾਬ ਹੁੰਦੀ ਦਿਖਾਈ ਦਿੰਦੀ ਤਾਂ ਉਸ ਨੂੰ ਤੁਰੰਤ ਵੈਂਟੀਲੇਟਰ ’ਤੇ ਚੱਲਿਆ ਜਾਂਦਾ ਹੈ।
ਸਿਹਤ ਮੰਤਰੀ ਨੇ ਪਿਛਲੇ ਦਿਨੀਂ ਕਰੋਨਾਵਾਇਰਸ ਤੋਂ ਪੀੜਤ ਪ੍ਰਸਿੱਧ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦੀ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਜ਼ੂਰੀ ਰਾਗੀ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਕਰਨ ਦਾ ਵਿਰੋਧ ਕਰਨਾ ਬਹੁਤ ਮਾੜੀ ਗੱਲ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਸ ਸਬੰਧੀ ਨਾ ਘਬਰਾਉਣ ਦੀ ਅਪੀਲ ਕਰਦਿਆਂ ਸਪੱਸ਼ਟ ਕੀਤਾ ਕਿ ਕਰੋਨਾ ਪਾਜ਼ੇਟਿਵ ਮਰੀਜ਼ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਕਰਨ ਨਾਲ ਕੋਈ ਵਾਧੂ ਖ਼ਤਰਾ ਪੈਦਾ ਨਹੀਂ ਹੁੰਦਾ ਹੈ। ਉਂਜ ਵੀ ਆਮ ਲੋਕਾਂ ਨੂੰ ਕਰੋਨਾ ਨੂੰ ਲੈ ਕੇ ਦਹਿਸ਼ਤ ਵਿੱਚ ਨਹੀਂ ਆਉਣਾ ਚਾਹੀਦਾ ਸਗੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਹੋ ਕੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…