ਭਾਈ ਆਰਪੀ ਸਿੰਘ ਨੂੰ ਗੁਰਦੁਆਰਾ ਸਾਚਾ ਧਨੁ ਸਾਹਿਬ ਦਾ ਪ੍ਰਧਾਨ ਚੁਣਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਸਿੱਖ ਸੰਸਥਾ ਅਖੰਡ ਕੀਰਤਨੀ ਜਥਾ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਪਾਲ ਸਿੰਘ (ਭਾਈ ਆਰਪੀ ਸਿੰਘ) ਨੂੰ ਸਰਬਸੰਮਤੀ ਨਾਲ ਦੋ ਸਾਲਾਂ ਲਈ ਇੱਥੋਂ ਦੇ ਫੇਜ਼-3ਬੀ1 ਸਥਿਤ ਗੁਰਦੁਆਰਾ ਸਾਚਾ ਧਨੁ ਸਾਹਿਬ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ ਜਦੋਂਕਿ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸਕੱਤਰ ਦੀ ਚੋਣ ਕਰਵਾਉਣ ਲਈ 5 ਜੁਲਾਈ ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਚੋਣ ਕਮਿਸ਼ਨ ਜਸਵੰਤ ਸਿੰਘ, ਮਨਜੀਤ ਸਿੰਘ ਅਤੇ ਅਜੀਤ ਸਿੰਘ ਨੇ ਲਿਖਤੀ ਰੂਪ ਵਿੱਚ ਇਹ ਜਾਣਕਾਰੀ ਦਿੱਤੀ ਹੈ। ਨਵੇਂ ਦੀ ਪ੍ਰਧਾਨ ਚੋਣ ਸਬੰਧੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਨੂੰ ਵੀ ਜਾਣਕਾਰੀ ਭੇਜੀ ਗਈ ਹੈ।
ਤਿੰਨ ਮੈਂਬਰੀ ਚੋਣ ਕਮਿਸ਼ਨ ਦੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਚਾ ਧਨੁ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਸਬੰਧੀ 17 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਜਿਨ੍ਹਾਂ ’ਚੋਂ ਵਿੱਤ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਭੁਪਿੰਦਰ ਸਿੰਘ ਗੈਰ ਹਾਜ਼ਰ ਰਹੇ। ਪ੍ਰਧਾਨਗੀ ਲਈ ਕੁਲ ਸੱਤ ਉਮੀਦਵਾਰਾਂ ’ਚੋਂ ਇਕ ਉਮੀਦਵਾਰ ਦੇ ਖ਼ਿਲਾਫ਼ ਸ਼ਿਕਾਇਤ ਪ੍ਰਾਪਤ ਹੋਣ ’ਤੇ ਉਸ ਦੇ ਕਾਗਜ ਰੱਦ ਕੀਤੇ ਗਏ ਸੀ ਜਦੋਂਕਿ ਬਾਕੀ ਪੰਜ ਉਮੀਦਵਾਰਾਂ ਨੇ ਭਾਈ ਆਰਪੀ ਸਿੰਘ ਦੇ ਹੱਕ ਵਿੱਚ ਆਪਣੀ ਸਹਿਮਤੀ ਦੇਣ ਨਾਲ ਉਨ੍ਹਾਂ ਨੂੰ ਦੋ ਸਾਲਾਂ ਲਈ ਸਰਬਸੰਮਤੀ ਨਾਲ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਚੋਣ ਕਮਿਸ਼ਨ ਪੈਨਲ ਨੇ ਨਵੇਂ ਚੁਣੇ ਗਏ ਪ੍ਰਧਾਨ ਭਾਈ ਆਰਪੀ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਗਿੱਲ ਤੋਂ ਚਾਰਜ ਲੈ ਕੇ ਆਪਣੀ ਸੇਵਾ ਸੰਭਾਲਣ ਲਈ ਕਿਹਾ ਹੈ।