Share on Facebook Share on Twitter Share on Google+ Share on Pinterest Share on Linkedin ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਵਰ੍ਹਦੇ ਮੀਂਹ ਵਿੱਚ ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਮੁਜ਼ਾਹਰਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ: ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਹੇਠ ਬੁੱਧਵਾਰ ਨੂੰ ਵਰ੍ਹਦੇ ਮੀਂਹ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਮੁਹਾਲੀ ਵਿੱਚ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਪੰਜਾਬ ਦੇ ਵੱਖ ਵੱਖ ਪਿੰਡਾਂ ’ਚੋਂ ਕਿਸਾਨਾਂ ਦੇ ਕਾਫ਼ਲੇ ਸਵੇਰੇ 10 ਵਜੇ ਹੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸੀ ਅਤੇ ਦੁਪਹਿਰ 1 ਵਜੇ ਕਿਸਾਨਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਇੱਥੇ ਵੱਖ ਵੱਖ ਬੁਲਾਰਿਆਂ ਨੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ’ਤੇ ਚਰਚਾ ਕੀਤੀ ਗਈ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਇਸ ਮਗਰੋਂ ਕਿਸਾਨਾਂ ਨੇ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਵੱਲ ਪੈਦਲ ਮਾਰਚ ਕੀਤਾ ਪ੍ਰੰਤੂ ਰਸਤੇ ਵਿੱਚ ਹੀ ਮੁੱਖ ਮੰਤਰੀ ਦੇ ਓਐਸਡੀ ਗੁਰਪ੍ਰੀਤ ਸਿੰਘ ਢੇਸੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਕੋਲੋਂ ਮੰਗ ਪੱਤਰ ਹਾਸਲ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਕਿਸਾਨੀ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਉਣਗੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜਾਇਦਾਦ ਦੀ ਕੁਰਕੀ ਨਹੀਂ ਕੀਤੀ ਜਾਵੇਗੀ ਅਤੇ ਝੋਨੇ ਦੀ ਲੁਆਈ 1 ਜੂਨ ਤੋਂ ਸ਼ੁਰੂ ਕਰਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਰੋਕਣ ਲਈ ਆਵਾਰਾ ਪਸ਼ੂਆਂ ਨੂੰ ਠੱਲ੍ਹ ਪਾਈ ਜਾਵੇਗੀ। ਇਸ ਮਗਰੋਂ ਸ਼ਾਮ ਨੂੰ ਕਿਸਾਨਾਂ ਨੇ ਧਰਨਾ ਖ਼ਤਮ ਕਰ ਦਿੱਤਾ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਮੀਤ ਸਿੰਘ ਕਾਦੀਆ, ਪ੍ਰੈਸ ਸਕੱਤਰ ਬੂਟਾ ਸਿੰਘ ਚਿਮਨੀਵਾਲਾ, ਕਿਸਾਨ ਆਗੂ ਜਗਦੇਵ ਸਿੰਘ ਕਾਨਿਆਂਵਾਲੀ ਅਤੇ ਕੁਲਦੀਪ ਸਿੰਘ ਚੱਕ ਭਾਈਕੇ ਨੇ ਕਿਹਾ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਹੋਣਾ ਚਾਹੀਦਾ ਹੈ ਕਿਉਂਕਿ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਾ ਦੇ ਕੇ ਇਹ ਕਰਜ਼ਾ ਜ਼ਬਰਦਸਤੀ ਕਿਸਾਨਾਂ ’ਤੇ ਲੱਦਿਆ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਦਿੱਤਾ ਕਰਜ਼ਾ ਬਹੁਤ ਵੱਡੀ ਸਾਜ਼ਿਸ਼ ਹੈ ਤਾਂ ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਵੱਡੇ ਕਾਰਪੋਰੇਟ ਅਦਾਰਿਆਂ ਨੂੰ ਦੇ ਕੇ ਕਿਸਾਨਾਂ ਤੋਂ ਮਜ਼ਦੂਰੀ ਕਰਵਾਈ ਜਾ ਸਕੇ। ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ 20 ਜੂਨ ਨੂੰ ਝੋਨੇ ਦੀ ਲਵਾਈ ਕਾਰਨ ਮਜ਼ਦੂਰਾਂ ਦੀ ਸਮੱਸਿਆ ਅਤੇ ਕਣਕ ਦੀ ਬਿਜਾਈ ਲੇਟ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਵਿੱਤੀ ਨੁਕਸਾਨ ਹੋਇਆ ਸੀ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ 1 ਜੂਨ ਨੂੰ ਝੋਨਾ ਲਾਉਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ’ਤੇ ਦਰਜ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਆਵਾਰਾ ਪਸ਼ੂਆਂ ਤੋਂ ਫਸਲਾਂ ਦਾ ਉਜਾੜਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਮੌਸਮ ਦੀ ਖ਼ਰਾਬੀ ਕਾਰਨ ਆਲੂਆਂ ਦੀ ਸਫਲ ਅਤੇ ਭਾਰੀ ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ 40 ਹਜ਼ਾਰ ਮੁਆਵਜ਼ਾ ਦਿੱਤਾ ਜਾਵੇ। ਦਿੱਲੀ ਸਰਕਾਰ ਦੀ ਤਰਜ਼ ’ਤੇ ਪੰਜਾਬ ਦੇ ਕਿਸਾਨਾਂ ਨੂੰ ਕਣਕ ਦਾ ਮੁੱਲ 2618 ਪ੍ਰਤੀ ਕੁਇੰਟਲ ਦਿੱਤਾ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ