Nabaz-e-punjab.com

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ 128ਵਾਂ ਜਨਮ ਦਿਵਸ ਮਨਾਇਆ

ਜਾਤੀਵਾਦ ਦੇ ਬੰਧਨਾਂ ਨੂੰ ਤੋੜ ਕੇ ਬਰਾਬਰੀ ਦਾ ਸਮਾਜ ਸਿਰਜਣ ਦੀ ਬੇਹੱਦ ਲੋੜ: ਸਾਕਸ਼ੀ ਸਾਹਨੀ

ਡਾ. ਭੀਮ ਰਾਓ ਅੰਬੇਦਕਰ ਦੇ ਸੰਘਰਸ਼ ਦੀ ਬਦੌਲਤ ਮਿਲੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਇੱਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਐਤਵਾਰ ਨੂੰ ਛੁੱਟੀ ਵਾਲੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 128ਵਾਂ ਜਨਮ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਡਾ. ਅੰਬੇਦਕਰ ਵੱਲੋਂ ਅੌਰਤਾਂ ਅਤੇ ਦਲਿਤਾਂ ਨੂੰ ਬਰਾਬਰ ਅਧਿਕਾਰ ਦਿਵਾਉਣ ਲਈ ਵਿੱਢੇ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦੇ ਸੰਘਰਸ਼ ਸਦਕਾ ਹੀ ਅੱਜ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹਾਸਲ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਜਾਤੀਵਾਦ ਦੇ ਬੰਧਨਾਂ ਨੂੰ ਤੋੜ ਕੇ ਬਰਾਬਰੀ ਦਾ ਸਮਾਜ ਸਿਰਜਣ ਦੀ ਬੇਹੱਦ ਲੋੜ ਹੈ ਅਤੇ ਇਹ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਬਾਬਾ ਸਾਹਿਬ ਦੇ ਸੰਘਰਸ਼ ਦੀ ਬਦੌਲਤ ਮਿਲੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ।
ਇਸ ਤੋਂ ਪਹਿਲਾਂ ਐਸਡੀਐਮ ਜਗਦੀਪ ਸਹਿਗਲ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਖਾਸ ਪਹਿਲੂਆਂ ਤੋਂ ਲੈ ਕੇ ਡਾ. ਅੰਬੇਦਕਰ ਦੇ ਬਰਾਬਰੀ ਦੇ ਸਿਧਾਂਤ ਲਈ ਲੜੇ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਬੇਹੱਦ ਲੋੜ ਹੈ ਕਿਉਂਕਿ ਅੱਜ ਵੀ ਜਦੋਂ ਮੈਂ ਅਖ਼ਬਾਰਾਂ ਵਿੱਚ ਵਿਆਹ ਸਬੰਧੀ ਇਸ਼ਤਿਹਾਰ ਦੇਣ ਵੇਲੇ ਜਾਤ ਨੂੰ ਤਰਜ਼ੀਹ ਦੇਣ ਬਾਰੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅੰਤਰਜਾਤੀ ਵਿਆਹ ਨੂੰ ਉਤਸ਼ਾਹਿਤ ਕਰਨ ਦੀ ਸਖ਼ਤ ਲੋੜ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਸਮੇਤ ਸਹਾਇਕ ਕਮਿਸ਼ਨਰ (ਜ) ਯਸਪਾਲ ਸ਼ਰਮਾ, ਜ਼ਿਲ੍ਹਾ ਭਲਾਈ ਅਫ਼ਸਰ ਸੁਖਸਾਗਰ ਸਿੰਘ, ਐਸਡੀਐਮ ਜਗਦੀਪ ਸਹਿਗਲ, ਤਹਿਸੀਲਦਾਰ ਸ੍ਰੀਮਤੀ ਸੁਖਪਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਗੁਰਪ੍ਰੀਤ ਕੌਰ ਵੱਲੋਂ ਬਾਬਾ ਸਾਹਿਬ ਦੀ ਤਸਵੀਰ ’ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ

ਦਿਵਿਆਂਗ ਬੱਚਿਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦਾ ਲੜੀਵਾਰ ਧਰਨਾ 59ਵੇਂ ਦਿਨ ’ਚ ਦਾਖ਼ਲ ਨਬਜ਼-ਏ-ਪੰਜਾਬ, ਮੁਹਾਲ…