ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਕਿਸਾਨੀ ਮੰਗਾਂ ਸਬੰਧੀ ਵਿਸ਼ਾਲ ਧਰਨਾ

ਐਸਡੀਐਮ ਡਾਕਟਰ ਆਰਪੀ ਸਿੰਘ ਨੇ ਹਾਸਲ ਕੀਤਾ ਮੰਗ ਪੱਤਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਗੰਨੇ ਦੀ ਅਦਾਇਗੀ ਅਤੇ ਕਿਸਾਨਾਂ ਦੀਆਂ ਹੋਰ ਹੱਕੀ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਮੁਹਾਲੀ ਚੰਡੀਗੜ੍ਹ ਦੀ ਸਾਂਝੀ ਹਦੂਦ ’ਤੇ ਵਿਸ਼ਾਲ ਧਰਨਾ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਪਿੰਡਾਂ ’ਚੋਂ ਕਿਸਾਨ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਦੁਸਹਿਰਾ ਗਰਾਉਂਡ ਵਿੱਚ ਪਹੁੰਚੇ ਅਤੇ ਇੱਥੇ ਕਿਸਾਨੀ ਮੰਗਾਂ ’ਤੇ ਤਕਰੀਰਾਂ ਕਰਨ ਮਗਰੋਂ ਕੈਪਟਨ ਸਰਕਾਰ ਨੂੰ ਘੇਰਨ ਲਈ ਚੰਡੀਗੜ੍ਹ ਵੱਲ ਚਾਲੇ ਪਾਏ ਪ੍ਰੰਤੂ ਚੰਡੀਗੜ੍ਹ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਵੱਧਣ ਦਿੱਤਾ। ਜਿਸ ਕਾਰਨ ਕਿਸਾਨ ਉੱਥੇ ਹੀ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ। ਧਰਨੇ ਦੀ ਅਗਵਾਈ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੀਤੀ। ਮੁਹਾਲੀ ਦੇ ਐਸਡੀਐਮ ਡਾਕਟਰ ਆਰ.ਪੀ. ਸਿੰਘ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣ ਦਾ ਭਰੋਸਾ ਦੇ ਕੇ ਕਿਸਾਨਾਂ ਤੋਂ ਮੰਗ ਪੱਤਰ ਲਿਆ। ਦੱਸਿਆ ਗਿਆ ਹੈ ਕਿ ਇਸ ਮੰਗ ਪੱਤਰ ’ਤੇ ਕਰੀਬ ਇੱਕ ਲੱਖ ਕਿਸਾਨਾਂ ਦੇ ਦਸਖ਼ਤ ਕੀਤੇ ਹੋਏ ਸਨ।
ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਝੋਨੇ ਦੀ ਪਰਾਲੀ ਦਾ ਸਥਾਈ ਹੱਲ ਕਰਨ ਲਈ 300 ਰੁਪਏ ਪ੍ਰਤੀ ਏਕੜ ਬੋਨਸ ਦੇਵੇ ਨਹੀਂ ਤਾਂ ਪੰਜਾਬ ਦੇ ਸਾਰੇ ਕਿਸਾਨ 30 ਸਤੰਬਰ ਨੂੰ ਪੰਜਾਬ ਭਰ ਦੇ ਕਿਸਾਨ ਪਰਾਲੀ ਫੂਕਣਗੇ। ਉਨ੍ਹਾ ਕਿਹਾ ਕਿ ਸਰਕਾਰ ਨੇ ਜਿਹੜੀ ਪ੍ਰੀਕ੍ਰਿਆ ਦੱਸੀ ਹੈ ਉਸ ਤਹਿਤ ਪਰਾਲੀ ਦਾ ਕੱਢਣਾ ਬੜਾ ਅੌਖਾ ਕੰਮ ਹੈ। ਦੁਪਿਹਰ ਵੇਲੇ ਵੱਡੇ ਕਾਫ਼ਲੇ ਦੇ ਰੂਪ ਵਿਚ ਗੁਰਦੁਆਰਾ ਅੰਬ ਸਾਹਿਬ ਤੋਂ ਚੰਡੀਗੜ੍ਹ ਵੱਲ ਮਾਰਚ ਕਰਦੇ ਕਿਸਾਨਾਂ ਨੇ ਗਲ ਵਿਚ ਸੰਗਲ ਪਾਕੇ ਪੰਜਾਬ ਸਰਕਾਰ ਦੇ ਰਾਜ ਵਿਚ ਗੁਲਾਮੀ ਵਾਲਾ ਜੀਵਨ ਜਿਊਣ ਦੀ ਗੱਲ ਕਹੀ। ਇਸ ਤੋਂ ਇਲਾਵਾ, ਹੱਥਾਂ ਵਿਚ ਤਖ਼ਤੀਆਂ ਫੜੀਆਂ ਮੈਂ ਡਿਫ਼ਾਲਟਰ ਹਾਂ, ਮੈਂ ਗੁਲਾਮ ਹਾਂ ਵਾਲੀਆਂ ਤਖ਼ਤੀਆਂ ਫੜ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕੁੱਟਦੀ ਵੀ ਹੈ, ਰੋਣ ਵੀ ਨਹੀਂ ਦਿੰਦੀ. ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਵਿਚ ਸ਼ਾਂਤਮਈ ਰੋਸ ਵੀ ਪ੍ਰਗਟ ਨਹੀਂ ਕਰਨ ਦਿੱਤਾ ਜਾਂਦਾ, ਉਸ ਤੋਂ ਲੱਗਦਾ ਹੈ ਕਿ ਪੰਜਾਬੀਆਂ ਲਈ ਚੰਡੀਗੜ੍ਹ ਵਿਦੇਸ਼ੀ ਧਰਤੀ ਹੈ। ਇਸ ਲਈ ਕਿਸਾਨਾਂ ਨੂੰ ਸੋਚਣਾ ਹੋਵੇਗਾ ਕਿ ਉਹ ਚੰਡੀਗੜ੍ਹ ਲਈ ਦੁੱਧ ਅਤੇ ਸਬਜ਼ੀਆਂ ਆਦਿ ਦੀ ਸਪਲਾਈ ਕਦੋਂ ਤੋਂ ਬੰਦ ਕਰਨ।
ਕਿਸਾਨ ਆਗੂ ਸ੍ਰੀ ਰਾਜੇਵਾਲ ਨੇ ਕਿਹਾ ਕਿ ਅੱਜ ਕਿਸਾਨ ਉਨ੍ਹਾਂ ਅਮੀਰ ਸ਼ਹਿਰੀ ਬਾਬੂਆਂ ਅਤੇ ਰਾਜ ਨੇਤਾਵਾਂ ਦਾ ਗੁਲਾਮ ਬਣ ਕੇ ਰਹਿ ਗਿਆ ਹੈ, ਜਿਨ੍ਹਾਂ ਨੂੰ ਖੇਤੀ ਦੀ ਕੋਈ ਸਮਝ ਹੀ ਨਹੀਂ। ਉਨ੍ਹਾਂ ਕਿਹਾ ਕਿ ਹਾਲੇ ਤਾਂ ਉਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ, ਫਿਰ ਵੀ ਦਿੱਲੀ ਦੇ ਪ੍ਰਦੂਸ਼ਣ ਦਾ ਪੱਧਰ ਕੀ ਹੈ? ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ? ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਦਿੱਲੀ ਵਾਲੇ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਖੌਤੀ ਮਾਹਰਾਂ ਅਨੁਸਾਰ ਦੱਸੇ ਤਰੀਕਿਆਂ ਨਾਲ ਪਰਾਲੀ ਨੂੰ ਸੰਭਾਲਣ ਉੱਤੇ ਕਿਸਾਨਾਂ ਦਾ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵੱਧ ਖਰਚਾ ਆਉਂਦਾ ਹੈ, ਜੋ ਭਾਅ ਮਿੱਥਣ ਸਮੇਂ ਕਿਸੇ ਨੇ ਵੀ ਹਿਸਾਬ ਵਿਚ ਨਹੀਂ ਲਿਆ। ਇਸ ਕੰਮ ਲਈ ਲੋੜੀਂਦੀ ਮਸ਼ੀਨਰੀ ਉੱਤੇ ਹਰ ਕਿਸਾਨ ਨੂੰ 15 ਲੱਖ ਤੋਂ ਵੱਧ ਦਾ ਖਰਚਾ ਕਰਨਾ ਪਵੇਗਾ। ਫਿਰ ਵੀ ਇਹ ਮਸ਼ੀਨਰੀ ਮਾਰਕੀਟ ’ਚੋਂ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਵਾਢੀ ਤੋਂ ਬਾਅਦ ਆਲੂ ਅਤੇ ਸਬਜ਼ੀਆਂ ਲਾਉਣ ਵਾਲੇ ਕਿਸਾਨਾਂ ਕੋਲ ਜ਼ਮੀਨ ਤਿਆਰ ਕਰਨ ਲਈ ਸੱਤ ਦਿਨ ਅਤੇ ਕਣਕ ਦੀ ਬਿਜਾਈ ਲਈ 20 ਦਿਨ ਦਾ ਸਮਾਂ ਹੁੰਦਾ ਹੈ।
ਪੰਜਾਬ ਦੇ ਝੋਨੇ ਹੇਠ 38 ਲੱਖ ਹੈਕਟੇਅਰ ਰਕਬੇ ਨੂੰ ਇੰਨੇ ਥੋੜ੍ਹੇ ਸਮੇਂ ਵਿੱਚ ਤਿਆਰ ਕਰਨਾ ਅਸੰਭਵ ਹੈ। ਉਨ੍ਹਾਂ ਸਪੱਸ਼ਟ ਐਲਾਨ ਕੀਤਾ ਕਿ ਕਿਸਾਨ ਇਸ ਨਾਦਰਸ਼ਾਹੀ ਫਰਮਾਨ ਨੂੰ ਬਿਲਕੁੱਲ ਨਹੀਂ ਮੰਨਣਗੇ। ਇਸ ਮੌਕੇ ਸ੍ਰੀ ਨੇਕ ਸਿੰਘ ਖੋਖ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦੇ ਜੋ ਵਾਅਦੇ ਕੀਤੇ ਸਨ। ਅੱਜ ਉਹ ਉਸ ਤੋਂ ਪਾਸ ਵੱਟ ਕਿਉਂ ਕਰ ਰਹੇ ਹਨ? ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਸਰਕਾਰ ਹੱਥ ਤੇ ਹੱਥ ਧਰੀ ਬੈਠੀ ਹੈ। ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਨੇ ਕਿਹਾ ਕਿ ਸਰਕਾਰਾਂ ਨੇ ਹੀ ਕਿਸਾਨਾਂ ਨੂੰ ਕਰਜੇ ਦੇ ਜਾਲ ਵਿੱਚ ਫਸਾਇਆ ਹੈ ਅਤੇ ਅੱਜ ਕਿਸਾਨ ਦੀ ਪੁੱਛ ਪ੍ਰਤੀਤ ਨਹੀਂ. ਉਨ੍ਹਾਂ ਸਰਕਾਰ ਨੂੰ ਅਵਾਰਾ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਨੂੰ ਸੰਭਾਲਣ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…