ਭਾਰਤਮਾਲਾ ਪ੍ਰਾਜੈਕਟ: ਅਦਾਲਤ ਦੇ ਫ਼ੈਸਲੇ ਤੱਕ ਜ਼ਮੀਨਾਂ ਦਾ ਕਬਜ਼ਾ ਨਹੀਂ ਦਿਆਂਗੇ: ਕਿਸਾਨ

ਨਬਜ਼-ਏ-ਪੰਜਾਬ, ਮੁਹਾਲੀ, 13 ਅਕਤੂਬਰ:
ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਮੁਹਾਲੀ ਸਮੇਤ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ’ਚੋਂ ਕੱਢੇ ਜਾ ਰਹੇ ਸਟੇਟ ਹਾਈਵੇਅ ਲਈ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ। ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਅਤੇ ਪ੍ਰੈਸ ਸਕੱਤਰ ਰਣਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਆਈਟੀ ਸਿਟੀ ਮੁਹਾਲੀ ਤੋਂ ਰੂਪਨਗਰ ਤੱਕ ਕਰੀਬ 32 ਕਿੱਲੋਮੀਟਰ ਲੰਮੀ 205-ਏ ਸੜਕ ਬਣਾਈ ਜਾ ਰਹੀ ਹੈ। ਇਸ ਪ੍ਰਾਜੈਕਟ ਲਈ ਕਰੀਬ 28 ਪਿੰਡਾਂ ਦੀ ਜ਼ਮੀਨ ਐਕਵਾਈਰ ਕੀਤੀ ਗਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੌਡੀਆਂ ਦੇ ਭਾਅ ਜ਼ਮੀਨਾਂ ਐਕਵਾਇਰ ਕਰਕੇ ਐਨਐਚਏਆਈ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਧੱਕੇਸ਼ਾਹੀ ਖ਼ਿਲਾਫ਼ ਇਲਾਕੇ ਦੇ ਕਿਸਾਨ ਪਿਛਲੇ 2 ਸਾਲ ਤੋਂ ਵਿਰੋਧ ਕਰ ਰਹੇ ਹਨ। ਇਹੀ ਨਹੀਂ ਯੋਗ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਦੇ ਲੜੀਵਾਰ 11 ਮਹੀਨੇ 20 ਦਿਨ ਧਰਨਾ ਦਿੱਤਾ ਗਿਆ ਪ੍ਰੰਤੂ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੌਜੂਦਾ ਹੁਕਮਰਾਨਾਂ ਨੇ ਕਿਸਾਨਾਂ ਦੀ ਇੱਕ ਨਾ ਸੁਣੀ ਤਾਂ ਮਜਬੂਰ ਹੋ ਕੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਉਣਾ ਪਿਆ। ਹੁਣ ਇਹ ਮਾਮਲਾ ਉੱਚ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨ ਯੂਨੀਅਨ (ਲੱਖੋਵਾਲ) ਚਟਾਨ ਵਾਂਗ ਪੀੜਤ ਕਿਸਾਨਾਂ ਨਾਲ ਖੜੀ ਹੈ। ਘੱਟ ਕੀਮਤ ’ਤੇ ਜ਼ਮੀਨਾਂ ਐਕਵਾਇਰ ਕਰਨ ਦੀ ਕਾਰਵਾਈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਹਾਈ ਕੋਰਟ ਦਾ ਫ਼ੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸਾਨ, ਨੈਸ਼ਨਲ ਹਾਈਵੇਅ ਅਥਾਰਟੀ ਨੂੰ ਆਪਣੀਆਂ ਜ਼ਮੀਨਾਂ ਦਾ ਕਬਜ਼ਾ ਨਹੀਂ ਦੇਣਗੇ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਝੋਨਾ ਕੱਟਣ ਤੋਂ ਬਾਅਦ ਹੁਣ ਪ੍ਰਸ਼ਾਸਨ ਜ਼ਮੀਨਾਂ ਦਾ ਕਬਜ਼ਾ ਲੈਣ ਦੀ ਤਾਕ ਵਿੱਚ ਹੈ। ਜੇਕਰ ਸਰਕਾਰ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਤੋਂ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਕਲਵੰਤ ਸਿੰਘ ਚਿੱਲਾ, ਗੁਰਮੀਤ ਸਿੰਘ ਖੂਨੀਮਾਜਰਾ, ਦਰਸ਼ਨ ਸਿੰਘ ਦੁਰਾਲੀ, ਜਸਪਾਲ ਸਿੰਘ ਲਾਂਡਰਾਂ, ਕਰਮ ਸਿੰਘ ਬਰੋਲੀ, ਜਸਵੰਤ ਸਿੰਘ ਪੂਨੀਆ, ਰਣਜੀਤ ਸਿੰਘ ਬਜਹੇੜੀ, ਬਲਜੀਤ ਸਿੰਘ ਭਾਊ, ਸੋਨੀ ਰਸਨਹੇੜੀ, ਗੁਰਮੀਤ ਸਿੰਘ ਬਜਹੇੜੀ, ਸੁਰਿੰਦਰ ਸਿੰਘ ਬਰਿਆਲੀ, ਅਵਤਾਰ ਸਿੰਘ ਬਜਹੇੜੀ, ਜਸਵਿੰਦਰ ਸਿੰਘ ਢੇਲਪੁਰ, ਬਲਵੀਰ ਸਿੰਘ ਦੁਰਾਲੀ, ਪਰਮਜੀਤ ਸਿੰਘ ਦੇਸੂਮਾਜਰਾ, ਕਰਨੈਲ ਸਿੰਘ ਮੌਲੀ, ਦਰਸ਼ਨ ਸਿੰਘ ਬੜੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…