Nabaz-e-punjab.com

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਫਸਲਾਂ ਦੇ ਉਜਾੜੇ ਵਿਰੁੱਧ ਰੋਸ ਮੁਜ਼ਾਹਰਾ

ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਪਸ਼ੂ ਤੇ ਜਾਨਵਰ ਛੱਡਣ ਜਾ ਰਹੇ ਕਿਸਾਨਾਂ ਨੂੰ ਵਾਈਪੀਐਸ ਚੌਕ ’ਤੇ ਰੋਕਿਆ

ਸੱਤ ਟਰਾਲੀਆਂ ਵਿੱਚ ਆਵਾਰਾ ਪਸ਼ੂ ਅਤੇ ਇੱਕ ਟਰਾਲੀ ਵਿੱਚ ਆਵਾਰਾ ਕੁੱਤੇ ਫੜ ਕੇ ਲਿਆਏ ਸੀ ਕਿਸਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਕਿਸਾਨਾਂ ਦੀਆਂ ਫਸਲਾਂ ਦੇ ਉਜਾੜੇ ਖ਼ਿਲਾਫ਼ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਖ਼ਿਲਾਫ਼ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ। ਪੰਜਾਬ ਦੇ ਵੱਖ ਵੱਖ ਪਿੰਡਾਂ ’ਚੋਂ ਵੱਡੀ ਗਿਣਤੀ ਵਿੱਚ ਕਿਸਾਨ ਅੱਜ ਟਰਾਲੀਆਂ ਵਿੱਚ ਆਵਾਰਾ ਪਸ਼ੂ ਅਤੇ ਜਾਨਵਰ ਲੈ ਕੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਖੁੱਲ੍ਹੇ ਗਰਾਉਂਡ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਕਿਸਾਨਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਕਿਸਾਨ ਆਪਣੇ ਨਾਲ ਸੱਤ ਟਰਾਲੀਆਂ ਵਿੱਚ 50 ਤੋਂ ਵੱਧ ਆਵਾਰਾ ਪਸ਼ੂ ਅਤੇ ਇੱਕ ਟਰਾਲੀ ਵਿੱਚ ਆਵਾਰਾ ਕੁੱਤੇ ਕੁੱਤੀਆਂ ਲੱਦ ਕੇ ਲਿਆਏ ਸੀ। ਕਿਸਾਨਾਂ ਨੇ ਇੱਥੇ ਕਿਸਾਨੀ ਮੁੱਦਿਆਂ ’ਤੇ ਲੰਮੀ ਵਿਚਾਰ ਚਰਚਾ ਕਰਨ ਤੋਂ ਬਾਅਦ ਆਵਾਰਾ ਪਸ਼ੂ ਅਤੇ ਜਾਨਵਰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਛੱਡਣ ਲਈ ਚਾਲੇ ਪਾ ਦਿੱਤੇ ਪ੍ਰੰਤੂ ਮੁਹਾਲੀ ਪੁਲੀਸ ਨੇ ਕਿਸਾਨਾਂ ਨੂੰ ਵਾਈਪੀਐਸ ਚੌਕ ’ਤੇ ਬੈਰੀਕੇਟ ਲਗਾ ਕੇ ਰੋਕ ਲਿਆ। ਜਿਸ ਕਾਰਨ ਰੋਹ ਵਿੱਚ ਆਏ ਕਿਸਾਨਾਂ ਨੇ ਜ਼ਬਰਦਸਤ ਮੁਜ਼ਾਹਰਾ ਕੀਤਾ।
ਉਧਰ, ਕਿਸਾਨਾਂ ਦੇ ਇਸ ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸਿੰਘ ਬਰਾੜ ਨੇ ਮੌਕੇ ’ਤੇ ਪਹੁੰਚ ਗਏ ਅਤੇ ਕਿਸਾਨਾਂ ਤੋਂ ਮੰਗ ਪੱਤਰ ਲੈ ਕੇ ਉਨ੍ਹਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਜਲਦੀ ਹੀ ਕਿਸਾਨ ਆਗੂਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਗੱਲ ਵੀ ਆਖੀ। ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਪਸ਼ੂ ਅਤੇ ਜਾਨਵਰ ਉੱਥੇ ਹੀ ਛੱਡ ਦਿੱਤੇ ਅਤੇ ਆਪਣੇ ਘਰਾਂ ਨੂੰ ਪਰਤ ਗਏ। ਇਸ ਮੌਕੇ ਮੁਹਾਲੀ ਨਗਰ ਨਿਗਮ ਵੱਲੋਂ ਭੇਜੇ ਵਾਹਨਾਂ ਰਾਹੀਂ ਆਵਾਰਾ ਪਸ਼ੂਆਂ ਅਤੇ ਹੋਰ ਜਾਨਵਰਾਂ ਨੂੰ ਗਊਸ਼ਾਲਾ ਵਿੱਚ ਲਿਜਾਇਆ ਗਿਆ।
ਇਸ ਮੌਕੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਤੋਂ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਪਸ਼ੂਆਂ ਅਤੇ ਕੁੱਤਿਆਂ ਕਾਰਨ ਜਿੱਥੇ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ, ਉੱਥੇ ਇਹ ਜਾਨਵਰ ਕਿਸਾਨਾਂ ਦੀਆਂ ਫਸਲਾਂ ਦਾ ਵੀ ਉਜਾੜਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਵਿੱਚ ਵੱਖ ਵੱਖ ਥਾਵਾਂ ’ਤੇ ਗਊਸ਼ਾਲਾ ਅਤੇ ਸਲਾਟਰ ਹਾਊਸ ਬਣਾਏ ਜਾਣ ਅਤੇ ਇਨ੍ਹਾਂ ਦਾ ਮੀਟ ਵੇਚਿਆ ਜਾਵੇ, ਇਸ ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਅਤੇ ਲੋਕਾਂ ਤੋਂ ਗਊ ਸੈਸ ਦਾ ਭਾਰ ਵੀ ਘਟੇਗਾ। ਉਨ੍ਹਾਂ ਮੰਗ ਕੀਤੀ ਕਿ ਜੰਗਲੀ ਸੂਰਾਂ ਨੂੰ ਮਾਰਨ ਦੀ ਖੁੱਲ੍ਹ ਹੋਵੇ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਖਸਖਸ ਦੀ ਖੇਤੀ ਦੀ ਖੁੱਲ੍ਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ 80 ਫੀਸਦੀ ਅਫ਼ੀਮ ਬਾਹਰੋਂ ਮੰਗਵਾਉਂਦਾ ਹੈ ਜਦੋਂਕਿ ਦੇਸ਼ ਵਿੱਚ ਕਿਸਾਨ ਤੋਂ ਜਿੰਨੀ ਮਰਜ਼ੀ ਅਫੀਮ ਪੈਦਾ ਕਰਵਾਈ ਜਾ ਸਕਦੀ ਹੈ। ਇਸ ਨਾਲ ਨੌਜਵਾਨ ਸਿੰਥੈਟਿਕ ਨਸ਼ਿਆਂ ਤੋਂ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਕਿਸਾਨ ਨੂੰ ਇੱਕ ਏਕੜ ਦਾ ਪਟਾ ਖਸਖਸ ਦੀ ਖੇਤੀ ਕਰਨ ਲਈ ਦੇਵੇ ਅਤੇ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਰੱਖੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਫਸਲਾਂ ਦੇ ਉਜਾੜੇ ਦਾ ਮੁਆਵਜ਼ਾ ਦਿੱਤੇ ਜਾਵੇ ਅਤੇ ਗੰਨੇ ਦੀ ਬਕਾਇਆ ਰਾਸ਼ੀ ਦਿੱਤੀ, ਨਕਲੀ ਕੀਟਨਾਸ਼ਕ ਦਵਾਈਆਂ ਤੇ ਨਕਲੀ ਬੀਜ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਕਲੀ ਦੁੱਧ ਵੇਚਣ ਵਾਲਿਆਂ ਨੂੰ ਨੱਥ ਪਾਈ ਜਾਵੇ, ਕਿਸਾਨਾਂ ਨੂੰ ਦਿਨ ਵਿੱਚ 12 ਘੰਟੇ ਪਾਵਰ ਬਿਜਲੀ ਸਪਲਾਈ ਦਿੱਤੀ ਜਾਵੇ।
ਇਸ ਮੌਕੇ ਰਾਮਕਰਨ ਸਿੰਘ, ਮਾ. ਸ਼ਮਸ਼ੇਰ ਸਿੰਘ ਘੜੂੰਆਂ, ਸਿਮਰਜੀਤ ਸਿੰਘ ਘੁਦੂਵਾਲ, ਗੁਰਮੀਤ ਸਿੰਘ ਗੋਲੇਵਾਲ, ਅਵਤਾਰ ਸਿੰਘ ਮੋਹਲੇ, ਸੂਰਤ ਸਿੰਘ ਕਾਦਰਵਾਲ, ਪਵਿੱਤਰ ਸਿੰਘ ਮਾਂਗੇਵਾਲ, ਮਹਿੰਦਰ ਸਿੰਘ ਵੜੈਚ, ਹਰਚਰਨ ਸਿੰਘ ਮੁਕਤਸਰ, ਹਰਮਿੰਦਰ ਸਿੰਘ ਖਹਿਰਾ, ਦਰਸ਼ਨ ਸਿੰਘ ਭਾਲਾ, ਦਲਜੀਤ ਸਿੰਘ ਪਟਿਆਲਾ, ਸੁਰਜੀਤ ਸਿੰਘ ਹਰੀਏਵਾਲਾ, ਜਗਸ਼ੀਰ ਸਿੰਘ ਬਰਨਾਲਾ, ਦਵਿੰਦਰ ਸਿੰਘ ਦੇਹਕਲਾਂ ਪ੍ਰਧਾਨ ਜ਼ਿਲ੍ਹਾ ਮੁਹਾਲੀ, ਨਛੱਤਰ ਸਿੰਘ ਬੈਦਵਾਨ, ਚਰਨ ਸਿੰਘ ਮੁੰਡੀਆਂ ਪ੍ਰਧਾਨ ਰੂਪਨਗਰ, ਨਿਰਮਲ ਸਿੰਘ ਝੰਡੂਕੇ ਮਾਨਸਾ, ਸਰਬਜੀਤ ਸਿੰਘ ਪ੍ਰਧਾਨ ਲੁਧਿਆਣਾ (ਪੂਰਬੀ), ਹਰਮੇਲ ਸਿੰਘ ਭੁਟਹੇੜੀ ਫਹਤਿਗੜ੍ਹ ਸਾਹਿਬ, ਅਮਰੀਕ ਸਿੰਘ ਮਮਦੋਦ ਪ੍ਰਧਾਨ ਫਿਰੋਜਪੁਰ, ਗੁਰਚਰਨ ਸਿੰਘ ਕਪੂਰਥਲਾ, ਪ੍ਰੀਤਮ ਸਿੰਘ ਹੁਸ਼ਿਆਰਪੁਰ, ਅਵਤਾਰ ਸਿੰਘ ਭੇਡਪੁਰੀ ਕਾਰਜਕਾਰੀ ਪ੍ਰਧਾਨ ਪਟਿਆਲਾ, ਪਿੱਪਲ ਸਿੰਘ ਮੁਕਤਸਰ, ਦਾਰਾ ਸਿੰਘ ਬਠਿੰਡਾ, ਹਰਜੀਤ ਸਿੰਘ ਢੇਸੀ ਜਲੰਧਰ, ਜਸਵੰਤ ਸਿੰਘ ਜੈਮਵਾਲਾ ਮੋਗਾ, ਗੁਰਨਾਮ ਸਿੰਘ ਗੁਰਦਾਸਪੁਰ, ਦਲਵਾਰ ਸਿੰਘ ਤਰਨਤਾਰਨ, ਅਜਮੇਰ ਸਿੰਘ ਸਰਾਂ ਅੰਮ੍ਰਿਤਸਰ, ਪ੍ਰਦੂਮਣ ਕੁਮਾਰ ਫਾਜ਼ਿਲਕਾ, ਰਣਜੀਤ ਸਿੰਘ ਰੁਟੇਡਾ ਨਵਾਂ ਸ਼ਹਿਰ, ਅਵਤਾਰ ਸਿੰਘ ਬਾਦਸ਼ਾਹਪੁਰ, ਅਜਮੇਰ ਸਿੰਘ ਮੇਹਲੋਂ, ਜਸਵੰਤ ਸਿੰਘ ਬੀਜਾ, ਰਘੀਬਰ ਸਿੰਘ ਕੁੰਮਕਲ੍ਹਾਂ ਜ਼ਿਲ੍ਹਾ ਕੈਸ਼ੀਅਰ ਲੁਧਿਆਣਾ (ਪੂਰਬੀ), ਗੁਰਚਰਨ ਸਿੰਘ ਹਵਾਸ, ਬਿੰਦਰ ਦੁਗਲ, ਸਰੂਪ ਸਿੰਘ ਸਿੱਧੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…