ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਸਰਕਾਰ ਨੂੰ ਭੇਜਿਆ ਮੰਗ ਪੱਤਰ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਸਬੰਧੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾ ਦੀ ਅਗਵਾਈ ਵਿੱਚ ਵੀਰਵਾਰ ਨੂੰ ਮੁਹਾਲੀ ਦੇ ਸਹਾਇਕ ਕਮਿਸ਼ਨਰ ਯਸ਼ਪਾਲ ਸ਼ਰਮਾ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ।
ਕਿਸਾਨ ਆਗੂਆਂ ਵੱਲੋਂ ਕਿਹਾ ਗਿਆ ਹੈ ਕਿ ਕਰੋਨਾਵਾਇਰਸ ਦੀ ਇਸ ਭਿਆਨਕ ਮਹਾਂਮਾਰੀ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਨਾਲ ਕਿਸਾਨਾਂ ਨੇ ਕਣਕ ਦੀ ਵਾਢੀ ਅਤੇ ਮੰਡੀ ਦਾ ਕੰਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਕਾਇਆ ਹੈ ਪ੍ਰੰਤੂ ਮੰਡੀਆਂ ਵਿੱਚ ਬਾਰਿਸ਼ ਕਾਰਨ ਕਣਕ ਵਿੱਚ ਕੁਆਲਟੀ ਦੇ ਨਾ ਹੇਠ ਕਿਸਾਨ ਨੂੰ ਕੀਤੀ ਅਦਾਇਗੀ ਦੌਰਾਨ ਕੱਟ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਇਦਾ ਕੀਤਾ ਸੀ ਕਿ ਪਿੱਛਲੇ ਸਾਲਾਂ ਦੇ ਲਗਾਏ ਕੱਟ ਵੀ ਵਾਪਸ ਕੀਤੇ ਜਾਣਗੇ ਅਤੇ ਹੁਣ ਪੁਰਾਣੇ ਅਤੇ ਨਵੇਂ ਕੱਟ ਦੀ ਰਕਮ ਕਿਸਾਨਾਂ ਨੂੰ ਦਿੱਤੀ ਜਾਵੇ।
ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਲਾਕਡਾਊਨ ਦੌਰਾਨ ਐਲਾਨੀ ਅਤੇ ਘਰੇ ਸਟੋਰ ਕੀਤੀ ਕਣਕ ਤੇ ਬੋਨਸ ਦਿੱਤਾ ਜਾਵੇ, ਪਿਛਲੇ ਸਾਲ ਅੰਦੋਲਨ ਦੌਰਾਨ ਕੀਤੇ ਵਾਅਦੇ ਅਨੁਸਾਰ ਪਰਾਲੀ ਸਾੜਨ ਤੇ ਦਰਜ ਪਰਚੇ, ਇੰਦਰਾਜ, ਜੁਰਮਾਨੇ ਰੱਦ ਕੀਤੇ ਜਾਣ, ਧਰਨੇ ਦੌਰਾਨ ਸ਼ਹੀਦ ਕਿਸਾਨ ਪਰਿਵਾਰ ਨੂੰ ਕੀਤੇ ਵਾਅਦੇ ਪੂਰੇ ਕੀਤੇ ਜਾਣ, ਝੋਨੇਦੀ ਲਵਾਈ ਲਈ ਲੇਬਰ ਰੇਲ ਗੱਡੀਆਂ ਚਾਲੂ ਕਰਵਾਈਆਂ ਜਾਣ, ਲੇਬਰ ਘਾਟ ਕਾਰਨ ਕਿਸਾਨ ਸਿੱਧੀ ਬਿਜਾਈ ਕਰਨ ਦਾ ਵੱਡੇ ਪੱਧਰ ਤੇ ਇੱਛੁਕ ਹੈ ਜਿਸ ਨਾਲ ਪਾਣੀ ਤੇ ਵਾਤਾਵਰਣ ਦੀ ਬੱਚਤ ਹੋਵੇਗੀ, ਇਸ ਲਈ 10 ਘੰਟੇ ਬਿਜਲੀ ਦਿੱਤੀ ਜਾਵੇ ਅਤੇ ਝੋਨੇ ਦੀ ਪਨੀਰੀ ਦੀ ਲਵਾਈ 1 ਜੂਨ ਤੋਂ ਕੀਤੀ ਜਾਵੇ।
ਯੂਨੀਅਨ ਦਾ ਕਹਿਣਾ ਹੈ ਕਿ ਝੋਨੇ ਦੀ ਬੀਜ ਦੇ ਰੇਟ ਕਈ ਗੁਣਾਂ ਵੱਧ ਗਏਹਨ ਇਸ ਕਿਸਾਨੀ ਲੁਟ ਨੂੰ ਰੋਕਿਆ ਜਾਵੇ। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਮਾਰਕੀਟ ਵਿੱਚ ਡਿੱਗਣ ਕਾਰਨ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਡੀਜਲ ਦੀਆਂ ਕੀਮਤਾਂ ਲਗਭਗ 42 ਰੁਪਏ ਪ੍ਰਤੀ ਲੀਟਰ ਘੱਟ ਗਈਆਂ ਹਨ ਪਰ ਕਿਸਾਨੀ ਲਈ ਮਹਾਂਮਾਰੀ ਕਾਰਨ ਖਰਾਬ ਹਾਲਤ ਨੂੰ ਸੁਧਾਰਨ ਲਈ ਡੀਜਲ ਤੇ ਬਿਨਾਂ ਟੈਕਸ ਕਿਸਾਨੀ ਲਈ ਦਿੱਤਾ ਜਾਵੇ, ਫਸਲੀ ਵਿਭਿੰਨਤਾ ਤਹਿਤ ਕਿਸਾਨਾਂ ਵੱਲੋਂ ਬੀਜੀਆਂ ਸਬਜ਼ੀਆਂ, ਦਾਲਾਂ ਅਤੇ ਮੱਕੀ ਦੀਆਂ ਫਸਲਾਂ ਨੂੰ ਜੰਗਲੀ ਜਾਨਵਰ ਅਤੇ ਆਵਾਰਾ ਪਸ਼ੂਆਂ ਤੋਂ ਬਚਾਇਆ ਜਾਵੇ, ਮਹਾਂਮਾਰੀ ਦੌਰਾਨ ਕਿਸਾਨੀ ਦਾ ਮੁੱਖ ਸਹਾਇਕ ਧੰਦਾ ਡੇਅਰੀ ਵਿੱਚ ਦੁੱਧ ਦੇ ਰੇਟ ਲਗਭਗ 6 ਰੁਪਏ ਪ੍ਰਤੀ ਲਿਟਰ ਘੱਟਣ ਕਾਰਨ ਡਗਮਗਾ ਗਿਆ ਹੈ, ਇਹ ਘਟੇ ਰੇਟ ਤੁਰੰਤ ਵਾਪਸ ਲਏ ਜਾਣ, ਮਹਾਂਮਾਰੀ ਵਿੱਚ ਦੱਬੇ ਕਿਸਾਨਾਂ ਨੂੰ ਰਾਹਤ ਲਈ ਕਿਸਾਨ ਦੇ ਵੇਚੇ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਦਿੱਤੀ ਜਾਵੇ। ਇਸ ਮੌਕੇ ਯੂਨੀਅਨ ਆਗੂ ਗਿਆਨ ਸਿੰਘ ਧੜਾਕ, ਜਸਵੀਰ ਸਿੰਘ ਮੋਗਾ, ਹਰਬਚਨ ਲਾਲ ਰੰਗੀਆਂ ਅਤੇ ਰਣਜੀਤ ਸਿੰਘ ਧਾਸੀਆਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…