nabaz-e-punjab.com

ਭੋਗ ਤੇ ਵਿਸ਼ੇਸ਼: ਮਮਤਾ ਦੀ ਗੂੜ੍ਹੀ ਛਾਂ ਸੀ ਮਾਤਾ ਲਾਭ ਕੌਰ ਸੋਹਾਲ

ਮਾਤਾ ਲਾਭ ਕੌਰ ਸੋਹਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਅੱਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਬੀਤੀ 10 ਅਗਸਤ 2017 ਦੀ ਦੁਪਹਿਰ ਨੂੰ ਮਾਤਾ ਲਾਭ ਕੌਰ ਭਾਵੇਂ ਹਮੇਸ਼ਾ ਲਈ ਸੌਂ ਹੋ ਗਏ ਹਨ ਪਰ ਉਸਦੀ ਮਮਤਾ ਅਤੇ ਮੋਹ ਦੀ ਗੂੜ੍ਹੀ ਛਾਂ ਮਾਣਨ ਵਾਲਿਆਂ ਦੇ ਚੇਤਿਆਂ ਵਿੱਚ ਉਹ ਸਦਾ ਵੱਸਦੀ ਰਹੇਗੀ। 20 ਜੁਲਾਈ 1947 ਨੂੰ ਪਿਤਾ ਸ੍ਰ. ਜਗਤ ਸਿੰਘ ਅਤੇ ਮਾਤਾ ਇੰਦਰ ਕੌਰ ਦੇ ਘਰ ਪਿੰਡ ਢਕੋਰਾਂ ਵਿਖੇ ਪੈਦਾ ਹੋਈ ਲਾਭ ਕੌਰ ਦਾ ਵਿਆਹ ਉਸ ਸਮੇਂ ਦੇ ਰਿਵਾਜ਼ ਅਨੁਸਾਰ ਛੋਟੀ ਉਮਰ ਵਿੱਚ ਹੀ ਰੁੜਕੀ ਪੁਖਤਾ ਦੇ ਬਲਦੇਵ ਸਿੰਘ ਨਾਲ ਹੋ ਗਿਆ। ਪਤੀ ਦੇ ਠੇਕੇਦਾਰੀ ਦੇ ਵੱਧਦੇ ਰੁਝੇਵਿਆਂ ਕਾਰਣ ਆਪ ਵਿਆਹ ਤੋਂ ਬਾਅਦ ਜਲਦੀ ਹੀ ਮੁਹਾਲੀ ਵਿਖੇ ਰਹਿਣ ਲੱਗੇ ਅਤੇ ਫੈਕਟਰੀਆਂ ਦੇ ਸ਼ਹਿਰ ਨੂੰ ਆਬਾਦ ਹੁੰਦਿਆਂ ਦੇਖਿਆ। 1982 ਵਿੱਚ ਪਤੀ ਦੀ ਬੇਵਕਤੀ ਮੌਤ ਨੇ ਆਪ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਅਜਿਹੇ ਮੁਸ਼ਕਿਲ ਸਮੇਂ ਜਦੋਂ ਰਿਸ਼ਤੇਦਾਰਾਂ ਨੇ ਵੀ ਸਹਾਰਾ ਦੇਣ ਦੀ ਬਜਾਏ ਮੂੰਹ ਮੋੜ ਲਿਆ, ਆਪ ਨੇ ਇੱਕਲਿਆ ਹੀ ਚਾਰਾਂ ਪੁੱਤਰਾਂ ਦੀ ਪਰਵਰਿਸ਼ ਹੌਸਲੇ ਅਤੇ ਸਿਰੜ ਨਾਲ ਸਿਲਾਈ ਮਸ਼ੀਨ ਤੇ ਸਖਤ ਮਿਹਨਤ ਕਰਦਿਆਂ ਕੀਤੀ। ਚਾਰਾਂ ਪੁੱਤਰਾਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਅਤੇ ਉਹਨਾਂ ਨੂੰ ਸਮਾਜ ਦੇ ਇੱਜ਼ਤਯੋਗ ਸ਼ਹਿਰੀ ਬਣਾਇਆ।
ਸਮੇੱ ਦੇ ਥਪੇੜਿਆਂ ਨੂੰ ਸਹਿੰਦਿਆਂ ਮਾਤਾ ਲਾਭ ਕੌਰ ਦਾ ਸੁਭਾਅ ਕੁੱਝ ਸਖ਼ਤ ਜ਼ਰੂਰ ਹੋ ਗਿਆ ਸੀ ਪਰ ਕੁਰੱਖਤ ਕਦੇ ਨਹੀਂ ਹੋਇਆ। ਉਹਨਾਂ ਦਾ ਜੀਵਨ ਸੰਘਰਸ਼ ਅਤੇ ਮੁਸ਼ਕਿਲਾਂ ਵਿੱਚ ਹੀ ਹੌਂਸਲਾ ਕਾਇਮ ਰੱਖਣ ਦੀ ਉੱਚਤਮ ਮਿਸਾਲ ਹੈ। ਅਤਿ ਦੀਆਂ ਮੁਸ਼ਕਲ ਘੜੀਆਂ ਵਿੱਚ ਵੀ ਮਾਤਾ ਲਾਭ ਕੌਰ ਨੇ ਹੌਂਸਲਾ ਨਹੀਂ ਹਾਰਿਆ ਸਗੋਂ ਪ੍ਰਮਾਤਮਾ ਦੇ ਭਾਣੇ ਨੂੰ ਸਹਿਜ ਕਰ ਕੇ ਸਵੀਕਾਰ ਕੀਤਾ। ਆਪਣੇ ਸਿਰੜੀ ਸੁਭਾਅ ਕਾਰਣ, ਉਹ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝਦਿਆਂ ਵੀ, ਆਪਣੇ ਅੰਤਲੇ ਸਮੇੱ ਤੱਕ ਕਾਰਜਸ਼ੀਲ ਰਹੇ ਅਤੇ ‘ਮੂਲ ਨਾਲੋਂ ਵਿਆਜ ਪਿਆਰਾ’ ਦੇ ਅਖਾਣ ਅਨੁਸਾਰ ਆਪਣੇ ਪੋਤੇ ਪੋਤੀਆਂ ਦੀ ਪਿਆਰੀ ਦਾਦੀ ਮਾਂ ਬਣ ਕੇ, ਉਹਨਾਂ ਪ੍ਰਤੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉੱਦੇ ਰਹੇ। ਮਾਤਾ ਲਾਭ ਕੌਰ ਸਮਾਜਿਕ ਰਿਸ਼ਤਿਆਂ ਨੂੰ ਬਹੁਤ ਮਹੱਤਵ ਦਿੰਦੇ ਸਨ ਅਤੇ ਜਾਤ, ਧਰਮ ਨੂੰ ਭੁਲਾ ਕੇ ਸਰਬ ਸਾਂਝੀਵਾਲਤਾ ਦੇ ਮੁੱਦਈ ਸਨ। ਹਮਦਰਦੀ, ਪਿਆਰ ਅਤੇ ਹਰ ਇੱਕ ਦੇ ਕੰਮ ਆਉਣ ਦੀ ਭਾਵਨਾ ਨਾਲ ਉਹ ਭਰਪੂਰ ਸਨ। ਉਹਨਾਂ ਦੇ ਇਹਨਾਂ ਗੁਣਾਂ ਦੀ ਛਾਪ ਉਹਨਾਂ ਦੇ ਪੁੱਤਰਾਂ ਵਿੱਚ ਵੀ ਦਿਖਾਈ ਦਿੰਦੀ ਹੈ ਜਿਸ ਸਦਕਾ ਮਾਤਾ ਜੀ ਦੇ ਵੱਡੇ ਸਪੁੱਤਰ ਸ੍ਰ. ਗੁਰਮੁੱਖ ਸਿੰਘ ਸੋਹਲ ਲਗਾਤਾਰ ਦੂਜੀ ਵਾਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਾਰਡ ਨੰਬਰ 11 ਤੋਂ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਮਿਉਂਸਪਲ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਹਨ। ਉਹਨਾਂ ਦੇ ਪੁੱਤਰਾਂ ਵਿੱਚ ਸਮਾਜ ਸੇਵਾ ਪ੍ਰਤੀ ਝੁਕਾਅ ਮਾਤਾ ਜੀ ਦੀ ਬਦੌਲਤ ਹੀ ਹੈ ਜੋ ਮਿਹਨਤ ਮੁਸ਼ਕੱਤ ਕਰਦਿਆਂ ਵੀ ਸਮਾਜ ਸੇਵਾ ਪ੍ਰਤੀ ਆਪਣੇ ਫਰਜ਼ ਨਿਭਾਉੱਦੇ ਰਹੇ। ਮਾਤਾ ਲਾਭ ਕੌਰ ਸਬਰ, ਨਿਮਰਤਾ, ਸਹਿਣਸ਼ੀਲਤਾ ਅਤੇ ਸਾਦਗੀ ਦੀ ਮੂਰਤ ਸਨ।
ਅੌਰਤ ਦੀ ਸਮਾਜ ਵਿੱਚ ਥਾਂ ਤੇ ਅੌਰਤ ਦੀ ਸਮਾਜ ਨੂੰ ਦੇਣ ਪ੍ਰਤੀ ਉਹ ਜਾਗਰੂਕ ਸਨ ਅਤੇ ਇਸੇ ਕਾਰਨ ਉਹ ਲੜਕੀਆਂ ਦੀ ਵਿੱਦਿਆਂ ਦੀ ਡਟ ਕੇ ਹਮਾਇਤ ਕਰਦੇ ਸਨ। ਮਾਤਾ ਜੀ ਅੰਤਲੇ ਸਮੇਂ ਤੱਕ ਰਾਜਸੀ ਅਤੇ ਸਮਾਜਿਕ ਮਸਲਿਆਂ ਪ੍ਰਤੀ ਚੇਤੰਨ ਰਹੇਅਤੇ ਉਹ ਅਜੋਕੀਆਂ ਨਿੱਘਰਦੀਆਂ ਜਾ ਰਹੀਆਂ ਕਦਰਾਂ ਕੀਮਤਾਂ ਤੋਂ ਫਿਰਕਮੰਦ ਵੀ ਸਨ। ਅੱਜ ਭਾਵੇਂ ਮਾਤਾ ਜੀ ਰੂਪੀ ਗੂੜ੍ਹੀ ਛਾਂ ਸਾਡੇ ਸਿਰਾਂ ਤੋਂ ਉੱਠ ਚੁੱਕੀ ਹੈ ਪਰ ਉਹਨਾਂ ਦੀਆਂ ਪ੍ਰੇਰਣਾਮਈ ਜੀਵਨ ਸੂਝਾਂ ਜੋ ਉਹ ਸਮੇਂ ਸਮੇਂ ਸਿਰ ਸਾਰਿਆਂ ਨਾਲ ਸਾਂਝੀਆਂ ਕਰਦੇ ਰਹੇ, ਹਮੇਸ਼ਾ ਅਸ਼ੀਰਵਾਦ ਬਣ ਕੇ, ਸਾਡੀ ਅਗਵਾਈ ਕਰਦੀਆਂ ਰਹਿਣਗੀਆਂ। ਉਹਨਾਂ ਦੀ ਅੰਤਮ ਅਰਦਾਸ ਮੌਕੇ ਅਸੀਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। ਮਾਤਾ ਲਾਭ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 23 ਅਗਸਤ ਨੂੰ ਇੱਥੋਂ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਵਿਖੇ ਦੁਪਹਿਰ 12 ਤੋਂ ਡੇਢ ਵਜੇ ਤੱਕ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…