
ਬੀਬੀ ਅਮਨਜੋਤ ਕੌਰ ਰਾਮੂਵਾਲੀਆ ਭਾਜਪਾ ਵਿੱਚ ਸ਼ਾਮਲ
ਨਾਰਾਜ਼ ਪਿਤਾ ਰਾਮੂਵਾਲੀਆ ਨੇ ਧੀ ਨਾਲੋਂ ਤੋੜੇ ਸਾਰੇ ਸਬੰਧ
ਦਰਸ਼ਨ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 2 ਅਗਸਤ:
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਸੋਮਵਾਰ ਨੂੰ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ਦਾ ਅੈਲਾਨ ਕਰਕੇ ਆਪਣੇ ਪਿਤਾ, ਹੋਰ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਉਹ ਦਿੱਲੀ ਵਿਖੇ ਭਾਜਪਾ ਵਿੱਚ ਸ਼ਾਮਲ ਹੋਏ। ਇਸੇ ਤਰਾਂ ਕਾਫੀ ਸਮਾਂ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਅਕਾਲੀ ਦਲ ਨੂੰ ਵੱਡਾ ਝਟਕਾ ਦੇ ਕੇ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਰਾਤੋ ਰਾਤ ਯੂਪੀ ਸਰਕਾਰ ਵਿੱਚ ਜੇਲ੍ਹ ਮੰਤਰੀ ਬਣੇ ਗਏ ਸੀ। ਉਦੋਂ ਸ੍ਰੀ ਰਾਮੂਵਾਲੀਆ ਮੁਹਾਲੀ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਸਨ।
ਸੂਤਰ ਦੱਸਦੇ ਹਨ ਕਿ ਅਕਾਲੀ ਪਿਛੋਕੜ ਵਾਲੇ ਕਈ ਹੋਰ ਸਥਾਨਕ ਪੱਧਰ ਦੇ ਹੋਰ ਆਗੂ ਵੀ ਬੀਬੀ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਉਧਰ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਆਪਣੀ ਧੀ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਅਤੇ ਦੁਖੀ ਹਨ। ਉਹਨਾਂ ਨੇ ਆਪਣੀ ਧੀ ਨਾਲ ਪਰਿਵਾਰਕ ਮੋਹ ਦੀਆਂ ਤੰਦਾਂ ਅਤੇ ਸਾਰੇ ਸਬੰਧ/ਨਾਤੇ ਤੋੜਨ ਦੀ ਗੱਲ ਕਹੀ ਜਾ ਰਹੀ ਹੈ। ਸ੍ਰੀ ਰਾਮੂਵਾਲੀਆ ਅੱਜ ਸ਼ਾਮ 5:30 ਵਜੇ ਮੁਹਾਲੀ ਦੇ ਫੇਜ-9 ਸਥਿਤ ਆਪਣੇ ਨਿਵਾਸ ‘ਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ ਲਈ ਮੀਡੀਆ ਦੇ ਰੂਬਰੂ ਹੋਣਗੇ।