
ਬੀਬੀ ਧਨੋਆ ਨੇ ਵਾਰਡ ਨੰਬਰ-29 ਵਿੱਚ ਪਾਰਕਾਂ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ
ਸੈਕਟਰ ਵਾਸੀਆਂ ਦੀ ਸਹੂਲਤ ਲਈ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ: ਬੀਬੀ ਧਨੋਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਇੱਥੋਂ ਦੇ ਸੈਕਟਰ-69 (ਵਾਰਡ ਨੰਬਰ-29) ਤੋਂ ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਅੱਜ ਆਪਣੇ ਵਾਰਡ ਦੇ ਪਾਰਕਾਂ ਦੇ ਸੁੰਦਰੀਕਰਨ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਖੇਤਰ ਦੇ ਪਾਰਕ ਪਹਿਲਾਂ ਹੀ ਕਾਫ਼ੀ ਵਧੀਆ ਹਨ ਪ੍ਰੰਤੂ ਸੈਕਟਰ ਵਾਸੀਆਂ ਦੀ ਸਹੂਲਤ ਲਈ ਇਨ੍ਹਾਂ ਪਾਰਕਾਂ ਨੂੰ ਹੋਰ ਵਧੇਰੇ ਖ਼ੂਬਸੂਰਤ ਅਤੇ ਸੈਰਗਾਹ ਵਜੋਂ ਵਿਕਸਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਲੋੜ ਅਨੁਸਾਰ ਵਿਕਾਸ ਕੰਮ ਕੀਤੇ ਜਾ ਰਹੇ ਹਨ।
ਬੀਬੀ ਧਨੋਆ ਨੇ ਕਿਹਾ ਕਿ ਸੈਕਟਰ ਦੇ ਸਾਰੇ ਪਾਰਕਾਂ ਅਤੇ ਐਂਟਰੀ ਪੁਆਇੰਟਾਂ ਦਾ ਮੂੰਹ-ਮੁਹਾਂਦਰਾ ਬਦਲਣ ਦੇ ਉਪਰਾਲੇ ਜਾਰੀ ਰਹਿਣਗੇ ਅਤੇ ਸੈਕਟਰ ਵਾਸੀ ਵੀ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿਉਂਕਿ ਜੋ ਉਹ ਵਿਕਾਸ ਅਤੇ ਹੋਰ ਸਮਾਜਿਕ ਕੰਮਾਂ ਵਿੱਚ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕਾਰਜ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚੜ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਚੌਤਰਫ਼ਾ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਵਿਕਾਸ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ, ਮਨਪ੍ਰੀਤ ਸਿੰਘ ਰੂਬਲ, ਜਸਵੰਤ ਕੌਰ ਗਿੱਲ, ਮਨਜੀਤ ਕੌਰ, ਚਰਨਜੀਤ ਕੌਰ, ਸੁਦੇਸ਼ ਕੁਮਾਰੀ, ਰਾਜਿੰਦਰ ਕੌਰ ਵਾਲੀਆ, ਦਵਿੰਦਰ ਸਿੰਘ, ਹਰਭਗਤ ਸਿੰਘ ਬੇਦੀ, ਅਮਰੀਕ ਸਿੰਘ ਚਾਹਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।