nabaz-e-punjab.com

ਬੀਬੀ ਗਰਚਾ ਵੱਲੋਂ ਕਸਬਾ ਕੁਰਾਲੀ ਵਿੱਚ ਸਿਟੀ ਪੁਲੀਸ ਸਟੇਸ਼ਨ ਵੱਖਰਾ ਬਣਾਉਣ ਦੀ ਮੰਗ

ਪੁਲੀਸ ਸਟੇਸ਼ਨ ਬਣਾਉਣ ਤੱਕ ਆਰਜ਼ੀ ਤੌਰ ’ਤੇ ਸਿਟੀ ਪੁਲੀਸ ਚੌਂਕੀ ਬਣਾ ਕੇ ਦਿੱਤੀ ਜਾਵੇ ਰਾਹਤ: ਗਰਚਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਨਵੰਬਰ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓਐਸਡੀ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਸ਼ਹਿਰ ਵਿਚ ਲਗਾਤਾਰ ਚੋਰੀਆਂ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕੁਰਾਲੀ ਸ਼ਹਿਰ ਲਈ ਵੱਖਰਾ ਪੁਲਿਸ ਸਟੇਸ਼ਨ ਬਣਾਉਣ ਦੀ ਮੰਗ ਕੀਤੀ ਹੈ। ਇਸੇ ਸਬੰਧ ਵਿੱਚ ਉਨ੍ਹਾਂ ਡੀਜੀਪੀ ਪੰਜਾਬ ਨੂੰ ਵੀ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਕੁਰਾਲੀ ਦੇ ਲਈ ਪਿੰਡਾਂ ਨਾਲੋਂ ਵੱਖਰਾ ਪੁਲੀਸ ਸਟੇਸ਼ਨ ਹੋਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਿੱਚ ਪੁਲੀਸ ਦੀ ਮੁਸਤੈਦੀ ਵਧ ਸਕੇ ਅਤੇ ਸ਼ਹਿਰ ਦੇ ਲੋਕੀਂ ਸ਼ਾਂਤੀ ਵਾਲਾ ਜੀਵਨ ਬਤੀਤ ਕਰ ਸਕਣ।
ਬੀਬੀ ਗਰਚਾ ਨੇ ਡੀ.ਜੀ.ਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸ਼ਹਿਰ ਕੁਰਾਲੀ ਦੇ ਬਜ਼ਾਰ ਵਿੱਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਿਟੀ ਪੁਲੀਸ ਸਟੇਸ਼ਨ ਚਲਿਆ ਆ ਰਿਹਾ ਸੀ ਜੋ ਕਿ ਸਿਰਫ਼ ਸ਼ਹਿਰ ਕੁਰਾਲੀ ਦੇ ਲਈ ਹੀ ਸੀ। ਪਿਛਲੀ ਸਰਕਾਰ ਦੇ ਸਮੇਂ ਵਿੱਚ ਇਸ ਸਿਟੀ ਪੁਲਿਸ ਸਟੇਸ਼ਨ ਨੂੰ ਖ਼ਤਮ ਕਰਕੇ ਸਦਰ ਪੁਲਿਸ ਸਟੇਸ਼ਨ ਵਿੱਚ ਜੋੜ ਦਿੱਤਾ ਗਿਆ ਅਤੇ ਇਸ ਸਮੇਂ ਸਿਰਫ਼ ਇੱਕ ਹੀ ਪੁਲੀਸ ਸਟੇਸ਼ਨ ਕੁਰਾਲੀ ਸ਼ਹਿਰ ਵਿੱਚ ਹੈ ਜੋ ਕਿ ਪਿੰਡਾਂ ਅਤੇ ਸ਼ਹਿਰ ਦੋਵਾਂ ਲਈ ਹੈ। ਇਸ ਪਿੰਡਾਂ ਅਤੇ ਸ਼ਹਿਰ ਦੇ ਲਈ ਇਕਲੌਤੇ ਪੁਲੀਸ ਸਟੇਸ਼ਨ ਦਾ ਦਾਇਰਾ ਕਾਫ਼ੀ ਵਧਣ ਕਾਰਨ ਪੁਲੀਸ ਸ਼ਹਿਰ ਕੁਰਾਲੀ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾ ਰਹੀ ਹੈ। ਜਿਸ ਕਾਰਨ ਸ਼ਹਿਰ ਕੁਰਾਲੀ ਵਿੱਚ ਚੋਰੀਆਂ ਵਰਗੀਆਂ ਘਟਨਾਵਾਂ ਕਾਫ਼ੀ ਵਧਣ ਲੱਗੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਕੁਰਾਲੀ ਦਾ ਦਾਇਰਾ ਵੀ ਕਾਫ਼ੀ ਵਧਣ ਕਾਰਨ ਹੁਣ ਕੁਰਾਲੀ ਸ਼ਹਿਰ ਲਈ ਵੱਖਰਾ ਪੁਲੀਸ ਸਟੇਸ਼ਨ ਬਣਾਇਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਐਸ.ਐਸ.ਪੀ ਮੁਹਾਲੀ ਕੁਲਦੀਪ ਸਿੰਘ ਚਹਿਲ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਤੱਕ ਕੁਰਾਲੀ ਵਿੱਚ ਵੱਖਰਾ ਸਿਟੀ ਪੁਲੀਸ ਸਟੇਸ਼ਨ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਵੱਖਰੀ ਸਿਟੀ ਪੁਲੀਸ ਚੌਂਕੀ ਬਣਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਬੀਬੀ ਗਰਚਾ ਨੇ ਇਹ ਵੀ ਕਿਹਾ ਕਿ ਉਹ ਬਹੁਤ ਜਲਦ ਕੁਰਾਲੀ ਵਿੱਚ ਵੱਖਰਾ ਪੁਲੀਸ ਸਟੇਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਡੀਜੀਪੀ ਨਾਲ ਮੁਲਾਕਾਤ ਵੀ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …