
ਬੀਬੀ ਗਰਚਾ ਵੱਲੋਂ ਖਰੜ ਵਿੱਚ ਰਾਮਲੀਲਾ ਦਾ ਉਦਘਾਟਨ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਸਤੰਬਰ:
ਰਾਮ ਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ ਆਯੋਜਿਤ ਰਾਮ ਲੀਲਾ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓਐਸਡੀ ਬੀਬੀ ਲਖਵਿੰਦਰ ਕੌਰ ਗਰਚਾ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਗਰਚਾ ਨੇ ਕਿਹਾ ਕਿ ਰਾਮ ਲੀਲਾ ਦਾ ਆਯੋਜਨ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਰਾਮਲੀਲਾ ਰਾਹੀਂ ਨੌਜਵਾਨ ਪੀੜ੍ਹੀ ਨੂੰ ਮਾਰਗ ਦਰਸ਼ਨ ਮਿਲਦਾ ਹੈ। ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਧਰਮ ਨਾਲ ਜੋੜਣ ਦੀ ਬਹੁਤ ਲੋੜ ਹੈ ਤਾਂ ਕਿ ਨੌਜਵਾਨ ਪੀੜ੍ਹੀ ਕੁਰਾਹੇ ਨਾ ਪੈ ਸਕੇ।
ਉਹਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਸਾਰੇ ਧਰਮ ਹੀ ਭਾਈਚਾਰਕ ਸਾਂਝ ਵਧਾਉਣ ਦਾ ਸੰਦੇਸ਼ ਦਿੰਦੇ ਹਨ। ਇਸ ਮੌਕੇ ਰਾਮਲੀਲਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਸ਼ਿਵਚਰਨ ਪਿੰਕੀ ਅਤੇ ਹੋਰ ਅਹੁਦੇਦਾਰਾਂ ਨੇ ਬੀਬੀ ਗਰਚਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਗਰਚਾ ਨੇ ਰਾਮ ਲੀਲਾ ਦੇ ਤੀਜੀ ਪੀੜ੍ਹੀ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ। ਜ਼ਿਕਰਯੋਗ ਹੈ ਕਿ ਇਹ ਰਾਮਲੀਲਾ ਪਿਛਲੇ 57 ਸਾਲਾਂ ਤੋਂ ਚੱਲ ਰਹੀ ਹੈ ਅਤੇ ਰਾਮਲੀਲਾ ਦੇ ਉਸ ਸਮੇਂ ਦੇ ਕਲਾਕਾਰਾਂ ਦੀ ਤੀਜੀ ਪੀੜ੍ਹੀ ਹੁਣ ਇਸ ਰਾਮਲੀਲਾ ਵਿੱਚ ਕੰਮ ਕਰ ਰਹੀ ਹੈ।
ਇਸ ਮੌਕੇ ਰਾਜੇਸ਼ ਸੂਦ, ਪੰਕਜ ਚੱਢਾ, ਵਰਿੰਦਰ ਭਾਮਾ, ਹਰਿੰਦਰ ਬੱਬੂ, ਪੀਰ ਮਸੀਹ, ਸ਼ੌਂਕੀ ਮੁੰਡੀ ਖਰੜ ਪ੍ਰਾਪਰਟੀ ਡੀਲਰ, ਅਸ਼ੋਕ ਕੋਹਲੀ, ਸਤਵੀਰ ਸਿੰਘ, ਵਿੱਕੀ ਸੈਣੀ, ਤੀਰਥ ਸਿੰਘ ਦੇਸੂਮਾਜਰਾ, ਰਣਬੀਰ ਬੈਨੀਪਾਲ ਮੌਜੂਦ ਸਨ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਰਾਮਲੀਲਾ ਦੇ ਆਯੋਜਨ ਮੌਕੇ ਇਲਾਕੇ ਦੀਆਂ ਅੌਰਤਾਂ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।