nabaz-e-punjab.com

ਬੀਬੀ ਗਰਚਾ ਨੇ ਨਗਰ ਕੌਂਸਲ ਕੁਰਾਲੀ ਈ.ਓ ਅੱਗੇ ਖੋਲ੍ਹਿਆ ਸਮੱਸਿਆਵਾਂ ਦਾ ਪਿਟਾਰਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਜੁਲਾਈ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਵੱਲੋਂ ਹਲਕਾ ਖਰੜ ਖਾਸ ਕਰਕੇ ਕੁਰਾਲੀ ਸ਼ਹਿਰ ਅਤੇ ਆਸ ਪਾਸ ਇਲਾਕੇ ਦੇ ਵੱਖ ਵੱਖ ਖੇਤਰਾਂ ਦੀਆਂ ਸਮੱਸਿਆਵਾਂ ਸੁਣ ਕੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਦੇ ਸਿਲਸਿਲੇ ਵਜੋਂ ਨਗਰ ਕੌਂਸਲ ਕੁਰਾਲੀ ਦੇ ਕਾਰਜਸਾਧਕ ਅਫ਼ਸਰ ਨੂੰ ਮਿਲ ਕੇ ਕੁਰਾਲੀ ਸ਼ਹਿਰ ਦੀਆਂ ਸਮੱਸਿਆਵਾਂ ਦਾ ਪਿਟਾਰਾ ਖੋਲ੍ਹਿਆ।
ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਦੇਵੀ ਧੀਮਾਨ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਕਾਰਜ ਸਾਧਕ ਅਫ਼ਸਰ ਨੂੰ ਬੀਬੀ ਗਰਚਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਸਫ਼ਾਈ ਪ੍ਰਬੰਧਾਂ ਦੀ ਬੁਰੀ ਹਾਲਤ ਹੈ। ਜ਼ਿਆਦਾ ਵਾਰਡਾਂ ਵਿੱਚ ਤਾਂ ਕੂੜਾ ਸੁੱਟਣ ਲਈ ਡਸਟਬਿਨ ਹੀ ਨਹੀਂ ਹਨ ਅਤੇ ਲੋਕਾਂ ਨੂੰ ਆਪੋ ਆਪਣੇ ਮੁਹੱਲਿਆਂ ਵਿੱਚ ਖਾਲੀ ਪਲਾਟਾਂ ਵਿੱਚ ਹੀ ਕੂੜਾ ਸੁੱਟਣਾ ਪੈਂਦਾ ਹੈ। ਇਸ ਤਰ੍ਹਾਂ ਖਾਲੀ ਪਲਾਟਾਂ ਵਿੱਚ ਪਸਰੀ ਗੰਦਗੀ ਕਾਰਨ ਉਥੇ ਮੱਖੀ ਮੱਛਰ ਦੀ ਭਰਮਾਰ ਰਹਿੰਦੀ ਹੈ। ਰਿਹਾਇਸ਼ੀ ਖੇਤਰਾਂ ਵਿੱਚ ਡਸਟਬਿਨ ਤੁਰੰਤ ਰਖਵਾਏ ਜਾਣੇ ਚਾਹੀਦੇ ਹਨ। ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਾਇਆ ਗਿਆ ਸੀਵਰੇਜ ਅਜੇ ਵੀ ਚਾਲੂ ਨਹੀਂ ਕੀਤਾ ਜਾ ਸਕਿਆ ਹੈ। ਸ਼ਹਿਰ ਦੇ ਇਕਲੌਤੇ ਸਿਵਲ ਹਸਪਤਾਲ ਅਤੇ ਗਰਲਜ਼ ਸਕੂਲ ਦੇ ਵਿਚਕਾਰੋਂ ਬਜ਼ਾਰ ਵਿੱਚ ਜਾਣ ਵਾਲੀ ਛੋਟੀ ਜਿਹੀ ਸੜਕ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ।
ਬੀਬੀ ਗਰਚਾ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਸਮੱਸਿਆ ਆ ਰਹੀ ਹੈ ਥਾਂ ਥਾਂ ਗਲੀਆਂ ਬਜ਼ਾਰਾਂ ਵਿੱਚ ਘੁੰਮ ਰਹੇ ਹਨ। ਗਊਆਂ ਅਤੇ ਸਾਨ੍ਹ ਭੀੜ ਭਾੜ ਵਾਲੇ ਇਲਾਕਿਆਂ ਦੇ ਨਾਲ ਨਾਲ ਰਿਹਾਇਸ਼ੀ ਖੇਤਰਾਂ ਵਿੱਚ ਘੁੰਮਦੇ ਰਹਿੰਦੇ ਹਨ। ਕਈ ਵਾਰ ਤਾਂ ਸਕੂਲਾਂ ਵਿੱਚ ਜਾਣ ਵਾਲੇ ਛੋਟੇ ਛੋਟੇ ਬੱਚੇ ਇਨ੍ਹਾਂ ਅਵਾਰਾ ਪਸ਼ੂਆਂ ਤੋੱ ਡਰਦੇ ਗਲੀ ਵਿਚੋੱ ਵੀ ਨਹੀਂ ਲੰਘਦੇ ਅਤੇ ਅਕਸਰ ਸਕੂਲੋਂ ਲੇਟ ਵੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੇ ਲਈ ਗਊਸ਼ਾਲਾ ਦਾ ਪ੍ਰਬੰਧ ਕੀਤਾ ਜਾਵੇ। ਸ਼ਹਿਰ ਦੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਬੋਰਡ ਲਗਵਾਏ ਜਾਣ। ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਦੇਵੀ ਧੀਮਾਨ ਅਤੇ ਈਓ ਨਗਰ ਕੌਂਸਲ ਗੁਰਦੀਪ ਸਿੰਘ ਨੇ ਬੀਬੀ ਗਰਚਾ ਨੂੰ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਜਸਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਮਿਉਂਸਪਲ ਕੌਂਸਲ ਕੁਰਾਲੀ, ਵਿਪਨ ਕੁਮਾਰ ਸਾਬਕਾ ਐਮ.ਸੀ., ਪ੍ਰਮੋਦ ਜੋਸ਼ੀ, ਰਜਿੰਦਰ ਸਿੰਘ, ਰਾਜੇਸ਼ ਰਾਠੌਰ, ਰਜਿੰਦਰ ਸਿੰਘ ਰਾਜਪੂਤ, ਲੱਕੀ ਕਲਸੀ, ਸਤਨਾਮ ਸਿੰਘ ਧੀਮਾਨ, ਰਿੰਕੂ ਟੰਡਨ, ਰਿਸ਼ਭ ਬੰਧੂ ਗੌਤਮ, ਅਮਿਤ ਗੌਤਮ, ਹਨੀ ਕਲਸੀ, ਨਰੇਸ਼ ਕੁਮਾਰ ਸਮੇਤ ਸ਼ਹਿਰ ਦੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…