
ਬੀਬੀ ਰਾਮੂਵਾਲੀਆ ਨੇ ਪੰਜਾਬ ਦੇ ਹੱਕ ਮਰਦੇ ਦੇਖ ਭਗਵੰਤ ਮਾਨ ਦੀ ਚੁੱਪੀ ’ਤੇ ਚੁੱਕੇ ਸਵਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ:
ਭਾਜਪਾ ਆਗੂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਪੰਜਾਬ ਦੇ ਵੋਟਰਾਂ ਨਾਲ ਬਹੁਤ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 3 ਕਰੋੜ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦੇ ਕੇ ਪੰਜਾਬ ਲਈ ਚੁਣਿਆ ਹੈ ਅਤੇ ਹੁਣ ਉਨ੍ਹਾਂ 92 ਵਿਧਾਇਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ।
ਇਸ ਦੇ ਚੱਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹੱਕਾਂ ਲਈ ਨੁਮਾਇੰਦਗੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਰਾਜ ਸਭਾ ਸੀਟਾਂ ਲਈ ਸਾਰੇ ਉਮੀਦਵਾਰ ਪੰਜਾਬੀ ਹੀ ਹੋਣਗੇ ਅਤੇ ਜੇਕਰ ਰਾਜ ਸਭਾ ਸੀਟਾਂ ਲਈ ਦਿੱਲੀ ਤੋਂ ਆਏ ਰਾਘਵ ਚੱਢਾ ਜਾਂ ਡਾ. ਸੰਦੀਪ ਪਾਠਕ ਉਮੀਦਵਾਰ ਹੋਣਗੇ ਤਾਂ ਪੰਜਾਬ ਦੇ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨਗੇ। ਇਹ ਜ਼ਰੂਰੀ ਹੈ ਕਿ ਪੰਜਾਬ ਦਾ ਪੱਖ ਪੰਜਾਬੀ ਹੀ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਬ ਵੋਟਾਂ ਲੈਣ ਲਈ ਹਮੇਸ਼ਾ ਕਹਿੰਦੇ ਰਹੇ ਕਿ ਪੰਜਾਬ ਸਰਕਾਰ ਪੰਜਾਬ ਤੋਂ ਚੱਲੇਗੀ, ਦਿੱਲੀ ਤੋਂ ਨਹੀਂ? ਲਿਹਾਜ਼ਾ ਹੁਣ ਉਹ ਆਪਣੀ ਜ਼ੁਬਾਨ ਉੱਤੇ ਖਰਾ ਉਤਰਨ ਅਤੇ ਪੰਜਾਬ ਨੂੰ ਚਲਾਉਣ ਲਈ ਜੋ 5 ਉਮੀਦਵਾਰ ਰਾਜ ਸਭਾ ਵਿੱਚ ਜਣੇ ਹਨ ਉਹ ਪੰਜਾਬ ਤੋਂ ਹੀ ਹੋਣੇ ਚਾਹੀਦੇ ਹਨ।