
ਆਜ਼ਾਦੀ ਦਿਹਾੜੇ ਤੇ ਮਿਸ਼ਨ ਫਤਿਹ ਨੂੰ ਸਮਰਪਿਤ ਚੱਪੜਚਿੜੀ ਤੱਕ ਸਾਈਕਲ ਰੈਲੀ ਕੱਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਅਤੇ ਹੈਰੀਟੇਜ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜੇ ਅਤੇ ਮਿਸ਼ਨ ਫਤਿਹ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਕੱਢੀ ਗਈ। ਜਿਸ ਨੂੰ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਨਵਾਂ ਗਾਉਂ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਾਈਕਲ ਰੈਲੀ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਸਥਿਤ ਜੰਗੀ ਯਾਦਗਾਰ ਵਿਖੇ ਪਹੁੰਚ ਕੇ ਸਮਾਪਤ ਹੋਈ। ਮੁੱਖ ਮੰਤਰੀ ਦੇ ਉਪ-ਪ੍ਰਮੁੱਖ ਸਕੱਤਰ ਨੇ ਖ਼ੁਦ ਵੀ ਇਸ ਰੈਲੀ ਵਿੱਚ ਹਿੱਸਾ ਲਿਆ ਅਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਕਸਰਤ ਕਰਨ ਅਤੇ ਸਾਈਕਲ ਚਲਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣ ਲਈ ਮਨੁੱਖ ਜੋੜਾ ਦੇ ਦਰਦ ਸਮੇਤ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।
ਇਸ ਮੌਕੇ ਸ੍ਰੀ ਸੋਢੀ ਨੇ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਕਰੋਨਾ ਮਹਾਮਾਰੀ ਤੋਂ ਸੁਰੱਖਿਅਤ ਰਹਿਣ ਲਈ ਘਰ ਤੋਂ ਬਾਹਰ ਜਾਣ ਸਮੇਂ ਹਮੇਸ਼ਾ ਮੂੰਹ ’ਤੇ ਮਾਸਕ ਪਾਉਦ, ਵਾਰ ਵਾਰ ਸਾਬਣ ਨਾਲ ਹੱਥ ਧੋਣ, ਇੱਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਈਕਲ ਰੈਲੀ ਦਾ ਉਦੇਸ਼ ਲੋਕਾਂ ਵਿੱਚ ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲਾਂ ਦੀ ਮਹੱਤਤਾ ਅਤੇ ਇਸ ਮਾਰੂ ਵਾਇਰਸ ਤੋਂ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਮੌਕੇ ਚੱਪੜਚਿੜੀ ਵਿੱਚ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਨੂੰ ਵੱਖ-ਵੱਖ ਯੂਥ ਕਲੱਬਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹਰਜਿੰਦਰ ਸਿੰਘ ਗਰੇਵਾਲ (ਨੈਸ਼ਨਲ ਐਵਾਰਡੀ), ਕੈਨੇਡੀਅਨ ਆਰਮੀ ਦੇ ਸੈਕਿੰਡ ਲੈਫਟੀਨੈਂਟ ਅਜੀਤ ਪਾਲ ਸਿੰਘ ਅਤੇ ਐਸਐਸ ਟੀਚਰ (ਨਾਭਾ ਤੋਂ ਕੌਮੀ ਹਾਕੀ ਖਿਡਾਰੀ) ਬਲਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਅਤੇ ਹੈਰੀਟੇਜ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੀ ਮੌਜੂਦ ਸਨ।