
ਮਨੁੱਖੀ ਤਸਕਰਾਂ ਤੇ ਅਗਵਾਕਾਰਾਂ ਖ਼ਿਲਾਫ਼ ਵੱਡੀ ਕਾਰਵਾਈ, 5 ਗ੍ਰਿਫ਼ਤਾਰ, 3 ਕਰੋੜ ਭਾਰਤੀ ਕਰੰਸੀ ਬਰਾਮਦ
ਮੁਲਜ਼ਮਾਂ ਕੋਲੋਂ ਵਾਹਨਾਂ ਸਮੇਤ ਕਰੀਬ 4 ਕਰੋੜ ਦਾ ਸਮਾਨ ਬਰਾਮਦ ਕੀਤਾ: ਐੱਸਐੱਸਪੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਮੁਹਾਲੀ ਪੁਲੀਸ ਨੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿੱਚ ਅਗਵਾ ਕਰਨ ਮਗਰੋਂ ਤਸ਼ੱਦਦ ਢਾਹ ਕੇ ਸਰੀਰਕ ਸ਼ੋਸ਼ਣ ਕਰਨ ਅਤੇ ਗੰਨ ਪੁਆਇੰਟ ’ਤੇ ਡਰਾ-ਧਮਕਾ ਕੇ ਪੀੜਤ ਵਿਅਕਤੀਆਂ ਦੇ ਮਾਪਿਆਂ ਤੋਂ ਫਰੌਤੀ ਮੰਗਣ ਦੇ ਮਾਮਲੇ ਵਿੱਚ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਅੱਜ ਦੇਰ ਸ਼ਾਮ ਮੁਹਾਲੀ ਦੇ ਐੱਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਸੋਨੀਆ ਵਾਸੀ ਜਲੰਧਰ, ਸਰਬਜੀਤ ਕੌਰ ਤੇ ਗੌਰਵ ਸਹੋਤਾ ਦੋਵੇਂ ਵਾਸੀ ਪਿੰਡ ਜੱਸੀਆ (ਲੁਧਿਆਣਾ), ਮਲਕੀਤ ਸਿੰਘ ਵਾਸੀ ਪਿੰਡ ਰਾਓਵਾਲੀ (ਜਲੰਧਰ), ਵਿਨੈ ਸੇਠ ਵਾਸੀ ਮੁਸਲਿਮ ਕਲੋਨੀ (ਜਲੰਧਰ) ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਕੋਲੋਂ 8 ਲੱਖ ਰੁਪਏ ਦੀ ਨਗਦੀ, ਦੋ ਕਾਰਾਂ, ਇੱਕ ਮੋਟਰਸਾਈਕਲ ਅਤੇ 5 ਲੱਖ ਦੀ ਕੀਮਤ ਦਾ ਇਲੈਕਟ੍ਰਾਨਿਕ ਦਾ ਸਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਅਤੇ ਖਰੜ ਥਾਣੇ ਵਿੱਚ ਪਹਿਲਾਂ ਹੀ ਪਰਚੇ ਦਰਜ ਹਨ।
ਐੱਸਐੱਸਪੀ ਨੇ ਦੱਸਿਆ ਕਿ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਬਣਾਈ ਜਾਂਚ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਉਕਤ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਆਪਸ ਵਿੱਚ ਮਿਲ ਕੇ ਇੰਡੋਨੇਸ਼ੀਆ, ਦਿੱਲੀ ਅਤੇ ਨੇਪਾਲ ਵਿੱਚ ਟਿਕਾਣੇ ਬਣਾਏ ਹੋਏ ਸਨ। ਮੁਲਜ਼ਮ ਭੋਲੋ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਦਿੱਲੀ ਅਤੇ ਨੇਪਾਲ ਲੈ ਜਾਂਦੇ ਹਨ। ਮੁਲਜ਼ਮਾਂ ਵੱਲੋਂ ਕਰੀਬ 35 ਵਿਅਕਤੀਆਂ ਨੂੰ ਦਿੱਲੀ ਤੋਂ ਅਗਵਾ ਕੀਤਾ ਸੀ ਅਤੇ ਉਨ੍ਹਾਂ ਕੋਲੋਂ 40 ਲੱਖ ਰੁਪਏ ਪ੍ਰਤੀ ਵਿਅਕਤੀ ਵਸੂਲਦੇ ਸਨ। ਇਸੇ ਤਰ੍ਹਾਂ ਦਰਜਨ ਵਿਅਕਤੀਆਂ ਨੂੰ ਨੇਪਾਲ ਵਿੱਚ ਅਗਵਾ ਕਰਕੇ 70 ਲੱਖ ਰੁਪਏ ਪ੍ਰਤੀ ਵਿਅਕਤੀ ਵਸੂਲ ਕੀਤੇ ਗਏ ਹਨ। ਇੰਜ ਹੀ ਇੱਕ ਅੌਰਤ ਤੇ ਉਸ ਦੇ ਦੋ ਛੋਟੇ ਬੱਚਿਆਂ ਸਮੇਤ ਨੇਪਾਲ ਵਿੱਚ ਅਗਵਾ ਕੇ ਉਸ ਦੇ ਪਰਿਵਾਰ ਕੋਲੋਂ ਕਰੀਬ 70 ਲੱਖ ਰੁਪਏ ਦੀ ਠੱਗੀ ਮਾਰੀ ਜਾ ਚੁੱਕੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਪੁਲੀਸ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਨ੍ਹਾਂ ਕੋਲੋਂ 2 ਕਰੋੜ 92 ਲੱਖ ਰੁਪਏ ਭਾਰਤੀ ਕਰੰਸੀ ਅਤੇ ਸੋਨੇ ਚਾਂਦੀ, ਡਾਇਮੰਡ ਦੇ ਗਹਿਣੇ ਅਤੇ ਕੁੱਝ ਗਲਜ਼ਰੀ ਗੱਡੀਆਂ ਤੇ ਹੋਰ ਵਾਹਨਾਂ ਸਮੇਤ ਕਰੀਬ 4 ਕਰੋੜ ਤੋਂ ਵੱਧ ਕੀਮਤ ਦਾ ਸਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।