ਅਕਾਲੀ ਦਲ ਨੂੰ ਝਟਕਾ: ਅਕਾਲੀ ਸੰਸਦ ਮੈਂਬਰ ਘੁਬਾਇਆ ਦੇ ਬੇਟੇ, ਭਰਾ ਸਾਥੀਆਂ ਸਮੇਤ ਪੰਜਾਬ ਕਾਂਗਰਸ ਵਿੱਚ ਸ਼ਾਮਲ

ਅਮਨਦੀਪ ਸਿੰਘ ਸੋਢੀ
ਨਵੀਂ ਦਿੱਲੀ, 21 ਦਸੰਬਰ:
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਇੱਕ ਜਬਰਦਸਤ ਝਟਕਾ ਲੱਗਿਆ ਜਦੋਂ ਰਾਏ ਸਿੱਖਾਂ ਨਾਲ ਸਬੰਧਤ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੇ ਸਪੁੱਤਰ ਤੇ ਯੂਥ ਆਗੂ ਦਵਿੰਦਰ ਸਿੰਘ ਘੁਬਾਇਆ ਆਪਣੇ ਚਾਚਾ ਅਤੇ ਹੋਰ ਸਾਥੀਆਂ ਸਮੇਤ ਬਿਨਾਂ ਸ਼ਰਤ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋ ਗਏ। ਦਵਿੰਦਰ ਸਿੰਘ ਤੇ ਉਨ੍ਹਾਂ ਦੇ ਚਾਚਾ ਮੂੰਸ਼ਾ ਘੁਬਾਇਆ, ਰਜਤ ਨਹਿਰਾ, ਪੰਡਤ ਅਨੰਦ ਸ਼ਰਮਾ ਤੇ ਰਜਿੰਦਰ ਕੌਰ ਨੇ ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਦਵਿੰਦਰ ਘੁਬਾਇਆ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਹੀ ਹਫਤਿਆਂ ਪਹਿਲਾਂ ਅਤੇ ਨਿਰਾਸ਼ ਅਕਾਲੀ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਹੀ ਦਿਨਾਂ ਬਾਅਦ ਅਕਾਲੀ ਦਲ ਦੇ ਹੋਰ ਵੀ ਸੀਨੀਅਰ ਆਗੂ ਕਾਂਗਰਸ ਵਿੱਚ ਸ਼ਾਮਲ ਹੋਣਗੇ। ਇਸ ਸਬੰਧੀ ਕਈ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਅਕਾਲੀਆਂ ਨੂੰ ਉਮੀਦਵਾਰ ਲੱਭਣੇ ਅੌਖੇ ਹੋ ਜਾਣਗੇ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਕਾਂਗਰਸ ਦੀਆਂ ਨੀਤੀਆਂ ਤੇ ਵਾਅਦਿਆਂ ਨੂੰ ਹੋਰ ਮਜ਼ਬੂਤ ਮਿਲੀ ਹੈ ਅਤੇ ਸਪੱਸ਼ਟ ਹੁੰਦਾ ਹੈ ਕਿ ਲੋਕ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ, ਜਿਨ੍ਹਾਂ ਨੇ ਸੂਬੇ ਨੂੰ ਆਪਣੇ ਕੁਸ਼ਾਸਨ ਦੇ ਬੀਤੇ ਦੱਸ ਸਾਲਾ ਦੌਰਾਨ ਪੂਰੀ ਤਰ੍ਹਾਂ ਅਵਿਵਸਥਾ ਤੇ ਕੁਸ਼ਾਸਨ ਵਿੱਚ ਧਕੇਲ ਦਿੱਤਾ ਹੈ। ਪੱਤਰਕਾਰਾਂ ਵੱਲੋਂ ਆਈਆਈਟੀ ਰੁੜਕੀ ਤੋਂ ਗਰੈਜੂਏਟ ਦਵਿੰਦਰ ਸਿੰਘ ਨੂੰ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜਨ ਸਬੰਧੀ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਬਾਰੇ ਅੰਤਿਮ ਫੈਸਲਾ ਪਾਰਟੀ ਹਾਈ ਕਮਾਂਡ ਵੱਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਦਵਿੰਦਰ ਦੀ ਉਮੀਦਵਾਰੀ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਦਵਿੰਦਰ ਸਿੰਘ ਪੰਜਾਬ ਵਿੱਚ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਹੋਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…