ਆਪ ਨੂੰ ਜਬਰਦਸਤ ਝਟਕਾ: ਸੰਗਠਨ ਦੇ ਕਈ ਪ੍ਰਮੁੱਖ ਆਗੂ ਨੇ ਕੈਪਟਨ ਦੀ ਅਗਵਾਈ ’ਚ ਫੜਿਆ ਪੰਜਾਬ ਕਾਂਗਰਸ ਦਾ ਹੱਥ

ਕੇਜਰੀਵਾਲ ’ਤੇ ਸੱਤਾ ਹਥਿਆਉਣ ਲਈ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼: ਸਾਰੇ ਸਿਧਾਂਤ ਖੋਹ ਚੁੱਕੀ ਐ ‘ਆਪ’: ਕੈਪਟਨ ਅਮਰਿੰਦਰ ਸਿੰਘ

ਅਮਨਦੀਪ ਸਿੰਘ ਸੋਢੀ
ਨਵੀਂ ਦਿੱਲੀ, 11 ਦਸੰਬਰ
ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਸਮੇਂ ਜਬਰਦਸਤ ਵੱਡਾ ਝਟਕਾ ਲੱਗਿਆ ਜਦੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪਾਰਟੀ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਘੁਟਾਲੇ ਕਰਨ ਦਾ ਦੋਸ਼ ਲਗਾਉਂਦੇ ਹੋਏ ਸੰਗਠਨ ਦੇ ਕਈ ਪ੍ਰਮੁੱਖ ਆਗੂਆਂ ਨੇ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਏ ਆਪ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਆਪ ਦਾ ਗਰਾਫ਼ ਡਿੱਗਦਾ ਜਾ ਰਿਹਾ ਹੈ। ਉਨ੍ਹਾਂ ਕੇਜਰੀਵਾਲ ਵੱਲੋਂ ਕਾਂਗਰਸ ’ਤੇ ਅਕਾਲੀਆਂ ਨਾਲ ਮਿਲੀਭੁਗਤ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਤ ਅਤੇ ਮਨਘੜਤ ਦੱਸਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਗਲਤ ਪ੍ਰਚਾਰ ਕਰ ਰਹਹ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਖਾਤਿਰ ਝੂਠ ਫੈਲ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰਫ ਇਕ ਵਾਰ ਮਿਲੇ ਹਨ, ਜਦੋਂ ਉਹ ਉਨ੍ਹਾਂ ਦੀ ਪਤਨੀ ਦੇ ਦਿਹਾਂਤ ਮੌਕੇ ਅਫਸੋਸ ਕਰਨ ਗਏ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਪੰਜਾਬ ’ਚ ਕਈ ਸਿਧਾਂਤਾਂ ਦਾ ਢਿੰਢੋਰਾ ਪਿੱਟਦੇ ਹੋਏ ਆਏ ਸਨ, ਜਿਸ ਨਾਲ ਲੋਕ ਉਨ੍ਹਾਂ ਵੱਲ ਖਿੱਚੇ ਗਏ ਸਨ, ਲੇਕਿਨ ਜ਼ਲਦੀ ਹੀ ਲੋਕਾਂ ਦਾ ਭਰਮ ਦੂਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ’ਚ ਆਪ ਦਾ ਕੋਈ ਅਧਾਰ ਨਹੀਂ ਹੈ ਅਤੇ ਉਹ ਸੂਬੇ ਅੰਦਰ ਪ੍ਰਚਾਰ ਵਾਸਤੇ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ਤੋਂ 50 ਹਜ਼ਾਰ ਲੋਕਾਂ ਨੂੰ ਲੈ ਕੇ ਆਈ ਹੈ। ਕੈਪਟਨ ਨੇ ਸਪੱਸ਼ਟ ਕੀਤਾ ਕਿ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਨਵੇਂ ਆਗੂਆਂ ਨੂੰ ਉਥੇ ਹੀ ਉਮੀਦਵਾਰ ਬਣਾਇਆ ਜਾਵੇਗਾ, ਜਿਥੇ ਪਾਰਟੀ ਕੋਲ ਚੰਗਾ ਜਿੱਤਣ ਲਾਇਕ ਉਮੀਦਵਾਰ ਨਹੀਂ ਹੋਵੇਗਾ। ਇਸ ਮੌਕੇ, ਕੈਪਟਨ ਅਮਰਿੰਦਰ ਨੇ ਕਰਨਲ ਸੀ.ਐਮ ਲਖਨਪਾਲ, ਪੀ.ਕੇ ਸ਼ਰਮਾ, ਕਰਨਲ ਇਕਬਾਲ ਪਨੂੰ ਤੇ ਭਰਪੂਰ ਸਿੰਘ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਇਨ੍ਹਾਂ ਸਾਰਿਆਂ ਉੱਚ ਸਿੱਖਿਆ ਪ੍ਰਾਪਤ ਤੇ ਕਾਬਿਲ ਆਗੂਆਂ ਨੇ ਆਪ ਪ੍ਰਤੀ ਪੂਰੀ ਤਰ੍ਹਾਂ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪ ਭ੍ਰਿਸ਼ਟਾਚਾਰੀ ਤੇ ਸ਼ੋਸ਼ਣਕਾਰੀ ਲੋਕਾਂ ਦੀ ਪਾਰਟੀ ਬਣ ਚੁੱਕੀ ਹੈ, ਜਿਨ੍ਹਾਂ ਟੀਚਾ ਸਿਰਫ ਆਪਣੇ ਵਿਅਕਤੀਗਤ ਹਿੱਤਾਂ ਨੂੰ ਪੂਰਾ ਕਰਨਾ ਹੈ। ਕਾਂਗਰਸ ’ਚ ਸ਼ਾਮਿਲ ਹੋਣ ਵਾਲੇ ਨਵੇਂ ਆਗੂਆਂ ਨੇ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਪ੍ਰਤੀ ਬਗੈਰ ਕਿਸੇ ਸ਼ਰਤ ਆਪਣਾ ਸਮਰਥਨ ਪ੍ਰਗਟਾਇਆ, ਜਿਹੜੇ ਪੰਜਾਬ ਦੀ ਨਬਜ਼ ਸਮਝਦੇ ਹਨ ਅਤੇ ਸ਼ਾਨਦਾਰ ਇਤਿਹਾਸ ਨਾਲ ਲੋਕਾਂ ’ਚ ਅਸਧਾਰਨ ਭਰੋਸਾ ਰੱਖਦੇ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਨੂੰ ਲੋਕਾਂ ਦਾ ਲੀਡਰ ਦੱਸਿਆ। ਇਨ੍ਹਾਂ ਸਾਰੇ ਆਗੂਆਂ ਨੇ ਆਪ ਦੇ ਸੰਗਠਨ ਸਬੰਧੀ ਮਾਮਲਿਆਂ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ਅੰਦਰ ਹੁਣ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਲੋਕਾਂ ਦੀਆਂ ਉਮੀਦਾਂ ਉਪਰ ਖਰੀ ਉਤਰਨ ’ਚ ਨਾਕਾਮ ਰਹੀ ਹੈ, ਜਦਕਿ ਉਨ੍ਹਾਂ ਦਾ ਏਜੰਡਾ ਪੰਜਾਬ ਨੂੰ ਇਕ ਵਾਰ ਫਿਰ ਤੋਂ ਖੁਸ਼ਹਾਲ ਸੂਬਾ ਬਣਾਉਣਾ ਹੈ।
ਆਪ ਦੇ ਸੰਸਥਾਪਕ ਮੈਂਬਰ ਤੇ ਮੌਜ਼ੂਦਾ ਸਮੇਂ ’ਚ ਆਪ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਰਨਲ ਸੀ.ਐਮ ਲਖਨਪਾਲ, ਪਾਰਟੀ ਦੇ ਲੁਧਿਆਣਾ ਜੋਨ ਦੇ ਮੁਖੀ ਹੋਣ ਸਮੇਤ ਸੂਬੇ ਅੰਦਰ ਪਾਰਟੀ ਦੇ ਸਾਰੇ ਪ੍ਰਮੁੱਖ ਅਯੋਜਨਾਂ ਲਈ ਜ਼ਿੰਮੇਵਾਰੀ ਨਿਭਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਆਪ ਕਦੇ ਇਕ ਸਿਧਾਂਤਾਂ ਉਪਰ ਅਧਾਰਿਤ ਪਾਰਟੀ ਸੀ, ਜਿਸਨੇ ਹੁਣ ਉਨ੍ਹਾਂ ਸਾਰਿਆਂ ਸਿਧਾਂਤਾਂ ’ਤੇ ਸਮਝੌਤਾ ਕਰ ਲਿਆ ਹੈ ਅਤੇ ਦਾਗੀ ਇਤਿਹਾਸ ਰੱਖਣ ਵਾਲੇ ਲੋਕਾਂ ਨੂੰ ਉਮੀਦਵਾਰ ਬਣਾਉਣ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਨੇ ਇਸ ਸਬੰਧ ’ਚ ਬੈਂਸ ਭਰਾਵਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਮੌਜ਼ੂਦਾ ਹਾਲਾਤਾਂ ’ਚ ਉਨ੍ਹਾਂ ਦਾ ਆਪ ਨਾਲ ਜ਼ਿਆਦਾ ਵਕਤ ਬਣੇ ਰਹਿਣਾ ਨਾਮੁਮਕਿਨ ਸੀ। ਜਿਸ ਪਾਰਟੀ ਲਈ ਕਦੇ ਭ੍ਰਿਸ਼ਟਾਚਾਰ ਇਕ ਮੁੱਖ ਮੁੱਦਾ ਸੀ, ਹੁਣ ਉਸਦੇ 60 ਤੋਂ ਵੱਧ ਉਮੀਦਵਾਰ ਦਾਗੀ ਇਤਿਹਾਸ ਰੱਖਦੇ ਹਨ।
ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਪੰਡਤ ਰਾਮਗੋਪਾਲ ਸ਼ਰਮਾ ਦੇ ਪੋਤਰੇ, ਗਰੁੱਪ ਕੋਆਰਡੀਨੇਟਰ ਪੀ.ਕੇ ਸ਼ਰਮਾ, ਅੰਨਾ ਹਜ਼ਾਰੇ ਅੰਦੋਲਨ ਦੌਰਾਨ ਕਨਾਡਾ ਛੱਡ ਕੇ ਆਪ ’ਚ ਸ਼ਾਮਿਲ ਹੋ ਗਏ ਸਨ। ਲੇਕਿਨ ਪਾਰਟੀ ’ਚ ਡੂੰਘੀ ਅਵਿਵਸਥਾ ਦੇਖ ਕੇ ਜ਼ਲਦੀ ਹੀ ਉਨ੍ਹਾਂ ਦਾ ਮੋਹ ਭੰਗ ਹੋ ਗਿਆ। ਉਨ੍ਹਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਕਾਂਗਰਸ ਵਿੱਚ ਸ਼ਾਮਲ ਹੋਏ ਆਪ ਦੇ ਸੰਸਥਾਪਕ ਮੈਂਬਰ ਕਰਨਲ ਇਕਬਾਲ ਪਨੂੰ, ਸੀਨੀਅਰ ਮੀਤ ਪ੍ਰਧਾਨ, ਆਪ ਟਰੇਡ ਤੇ ਟਰਾਂਸਪੋਰਟ ਤੇ ਇੰਡਸਟਰੀਅਲ ਵਿੰਗ ਰਹੇ ਹਨ। ਭਰਪੂਰ ਸਿੰਘ ਆਪ ਦੇ ਸੈਕਟਰ ਕੋਆਰਡੀਨੇਟਰ ਸਨ, ਜਿਹੜੇ ਸੂਬੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਨੂੰ ਸੰਭਾਲ ਰਹੇ ਸਨ ਅਤੇ ਇਸ ਤੋਂ ਇਲਾਵਾ, ਰਾਮਗੜ੍ਹੀਆ ਐਸ.ਸੀ ਵਿੰਗ ਦੇ ਆਗੂ ਵੀ ਸਨ। ਉਹ ਕਰੀਬ ਢਾਈ ਸਾਲ ਪਹਿਲਾਂ ਆਪ ਨਾਲ ਜੁੜੇ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…