ਮੀਟਿੰਗ ਤੋਂ ਬਾਅਦ ਵਾਪਸ ਪਰਤ ਰਹੇ ਵੱਡੇ ਕਿਸਾਨ ਆਗੂ ਮੁਹਾਲੀ ’ਚ ਨਾਕਾ ਲਗਾ ਕੇ ਕੀਤੇ ਗ੍ਰਿਫ਼ਤਾਰ
ਸ਼ੰਭੂ ਤੇ ਖਨੌਰੀ ਬਾਰਡਰ ਵੀ ਜਬਰੀ ਖਾਲੀ ਕਰਵਾਏ, ਸਾਰਾ ਸਾਮਾਨ ਕੀਤਾ ਜ਼ਬਤ, ਕਿਸਾਨਾਂ ਵਿੱਚ ਭਾਰੀ ਰੋਸ
ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਫੇਜ਼11 ਥਾਣੇ ਲਿਆਂਦਾ, ਫਿਰ ਬਹਾਦਰਗੜ੍ਹ ਵਿੱਚ ਕੀਤੇ ਸ਼ਿਫ਼ਟ
ਨਬਜ਼-ਏ-ਪੰਜਾਬ, ਮੁਹਾਲੀ, 19 ਮਾਰਚ:
ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ’ਤੇ ਆਪਣੇ ਹੱਕਾਂ ਲਈ ਡਟੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅੱਜ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਚੰਡੀਗੜ੍ਹ ਵਿੱਚ ਹੋਈ ਸੱਤਵੀਂ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਤੋਂ ਬਾਅਦ ਆਪੋ ਆਪਣੇ ਟਿਕਾਣਿਆਂ ’ਤੇ ਪਹੁੰਚਣ ਲਈ ਵਾਪਸ ਪਰਤ ਰਹੇ ਕਿਸਾਨਾਂ ਨੂੰ ਪੰਜਾਬ ਵਿਚ ਦਾਖ਼ਲ ਹੁੰਦੇ ਹੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਮੁਹਾਲੀ ਪੁਲੀਸ ਨੇ ਫੇਜ਼-11 ਤੋਂ ਜਗਤਪੁਰਾ ਮੁੱਖ ਸੜਕ ’ਤੇ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਬੈਰੀਕੇਟ ਲਗਾ ਕੇ ਕਿਸਾਨਾਂ ਦਾ ਰਾਹ ਰੋਕਿਆ ਅਤੇ ਕਾਫ਼ੀ ਖਿੱਚਧੂਹ ਤੋਂ ਬਾਅਦ ਵੱਡੇ ਆਗੂਆਂ ਸਮੇਤ ਹੋਰਨਾਂ ਕਈ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ।
ਗ੍ਰਿਫ਼ਤਾਰ ਕੀਤੇ ਆਗੂਆਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਅਮਿੰਨਿਊ ਕੌਹਾੜ ਅਤੇ ਹੋਰ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੱਲੇਵਾਲ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਲਈ ਐਂਬੂਲੈਂਸ ਵਿਚ ਲਿਆਂਦਾ ਗਿਆ ਸੀ। ਇਨ੍ਹਾਂ ਸਾਰੇ ਕਿਸਾਨ ਆਗੂਆਂ ਨੂੰ ਫੜ ਕੇ ਪਹਿਲਾਂ ਫੇਜ਼-11 ਦੇ ਥਾਣੇ ਵਿਚ ਰੱਖਿਆ ਗਿਆ ਬਾਅਦ ਵਿਚ ਵੱਡੇ ਘਰ ਤੋਂ ਆਦੇਸ਼ ਮਿਲਣ ਮਗਰੋਂ ਸਾਰੇ ਕਿਸਾਨਾਂ ਨੂੰ ਬਹਾਦਰਗੜ੍ਹ ਕਿਲੇ੍ਹ ਵਿੱਚ ਸ਼ਿਫ਼ਟ ਕੀਤਾ ਗਿਆ। ਮੁਹਾਲੀ ਨਾਕੇ ’ਤੇ ਕਿਸਾਨਾਂ ਦੀ ਪੁਲੀਸ ਨਾਲ ਕਾਫ਼ੀ ਬਹਿਸ ਵੀ ਹੋਈ ਅਤੇ ਪ੍ਰੰਤੂ ਵੱਡੇ ਟਕਰਾਅ ਤੋਂ ਬਚਾਅ ਰਿਹਾ। ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਹਰ ਕੋਈ ਸਰਕਾਰ ਨੂੰ ਕੋਸ ਰਿਹਾ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਡਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਕਿਹਾ ਕਿ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਅਗਲੀ ਮੀਟਿੰਗ ਤੈਅ ਕਰਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨਾ ਵਿਸ਼ਵਾਸਘਾਤ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਸ਼ੰਭੂ ਅਤੇ ਖਨੌਰੀ ਬਾਰਡਰ ਪੁਲੀਸ ਛਾਊਣੀ ਵਿਚ ਤਬਦੀਲ ਸੀ। ਸਰਕਾਰ ਦੀ ਨੀਅਤ ਵਿਚ ਪਹਿਲਾਂ ਹੀ ਕਿਸਾਨਾਂ ਪ੍ਰਤੀ ਖੋਟ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ, ਭਾਜਪਾ ਦੀਆਂ ਪੈੜਾਂ ਵਿੱਚ ਪੈੜ ਧਰ ਕੇ ਕਿਸਾਨਾਂ ਖ਼ਿਲਾਫ਼ ਜਬਰ ਕਰਨ ’ਤੇ ਉਤਾਰੂ ਹੈ। ਬੀਤੀ 5 ਮਾਰਚ ਨੂੰ ਚੰਡੀਗੜ੍ਹ ਦੇ ਘਿਰਾਓ ਤੋਂ ਪਹਿਲਾਂ ਵੀ ਸਰਕਾਰ ਨੇ ਸੁੱਤੇ ਪਏ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕਾਫ਼ੀ ਆਗੂਆਂ ਦੀ ਹਾਊਸ ਅਰੈਸਟ ਪਾਈ ਗਈ ਸੀ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਭਾਜਪਾ ਦੀ ‘ਬੀ’ ਟੀਮ ਵਾਂਗ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨ ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਚੱਲ ਰਹੀ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਕਿਸੇ ਦਾ ਫੋਨ ਆਇਆ ਸੀ, ਸ਼ੱਕ ਹੈ ਕਿ ਉਹ ਫੋਨ ਕੇਂਦਰ ਸਰਕਾਰ ਦਾ ਹੋ ਸਕਦਾ ਹੈ। ਅੱਜ ਦੀ ਘਟਨਾ ਨੇ ਉਸ ਗੱਲ ’ਤੇ ਮੋਹਰ ਲਗਾ ਦਿੱਤੀ ਹੈ ਕਿ ਪੰਜਾਬ ਸਰਕਾਰ, ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਕਠਪੁਤਲੀ ਵਾਂਗ ਨੱਚ ਰਹੀ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਭਾਵੇਂ ਕਿਸਾਨ ਸੰਘਰਸ਼ ਤਿੰਨ ਮੋਰਚਿਆਂ ਵੱਲੋਂ ਚਲਾਏ ਜਾ ਰਹੇ ਹਨ ਪਰ ਸਾਰੀਆਂ ਕਿਸਾਨ ਜਥੇਬੰਦੀਆਂ ਸਰਕਾਰੀ ਜਬਰ ਦੇ ਖ਼ਿਲਾਫ਼ ਇੱਕਮੁੱਠ ਹਨ ਅਤੇ ਸਰਕਾਰੀ ਜਬਰ ਦਾ ਡਟ ਕੇ ਮੁਕਾਬਲਾ ਕਰਨਗੀਆਂ।
ਉਧਰ, ਮੈਂਬਰ ਪਾਰਲੀਮੈਂਟ ਅਤੇ ਪੰਥਕ ਆਗੂ ਭਾਈ ਸਰਬਜੀਤ ਸਿੰਘ ਖਾਲਸਾ ਨੇ ਬੁੱਧਵਾਰ ਦੇਰ ਸ਼ਾਮ ਮੁੱਲਾਂਪੁਰ ਗਰੀਬਦਾਸ ਥਾਣੇ ਵਿੱਚ ਪਹੁੰਚ ਕੇ ਇੱਥੇ ਫੜ ਕੇ ਬਿਠਾਏ ਹੋਏ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਦੀ ਤਾਜ਼ਾ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਸ਼ਰ੍ਹੇਆਮ ਲੋਕਤੰਤਰ ਦਾ ਘਾਟ ਹੈ। ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨ ਤੁਰੰਤ ਰਿਹਾਅ ਹੋਣੇ ਚਾਹੀਦੇ ਹਨ।