ਫੇਜ਼-7 ਦੀ ਮਾਰਕੀਟ ਵਿੱਚ ਸ਼ੋਅਰੂਮ ਖਾਲੀ ਕਰਵਾਉਣ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਤੇ ਡਾਂਗਾਂ

ਮਟੌਰ ਥਾਣੇ ਵਿੱਚ ਦੋ ਧਿਰਾਂ ਵਿੱਚ ਸਮਝੌਤਾ, ਕਿਰਾਏਦਾਰ ਵੱਲੋਂ ਅਦਾਲਤ ਦੇ ਹੁਕਮਾਂ ਦੀ ਪਾਲਣ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਸਥਾਨਕ ਫੇਜ਼-7 ਵਿੱਚ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦੋ ਇੱਕ ਸ਼ੋਅਰੂਮ ਦੇ ਮਾਲਕ ਸੰਦੀਪ ਸਿੰਘ ਨੇ ਅਦਾਲਤ ਦੇ ਨੁਮਾਇੰਦੇ ਦੀ ਹਾਜ਼ਰੀ ਵਿਚ ਆਪਣੇ ਸਾਥੀਆਂ ਸਮੇਤ ਸ਼ੋਅਰੂਮ ਦੇ ਕਿਰਾਏਦਾਰ ਤੋਂ ਕਬਜ਼ਾ ਲੈਣ ਪਹੁੰਚ ਗਏ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਇਸ ਮੌਕੇ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ ਅਤੇ ਇਸ ਮੌਕੇ ਕਿਰਪਾਨਾਂ ਅਤੇ ਡਾਂਗਾਂ ਦੀ ਖੁੱਲ੍ਹ ਕੇ ਵਰਤੋਂ ਹੋਈ। ਇਸ ਲੜਾਈ ਵਿੱਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਲੜਾਈ ਕਾਰਨ ਮਾਰਕੀਟ ਵਿੱਚ ਦਹਿਸ਼ਤ ਫੈਲ ਗਈ ਅਤੇ ਕਾਫੀ ਸਮੇਂ ਤੱਕ ਸਹਿਮ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸ਼ੋਅਰੂਮ ਦਾ ਕਾਫੀ ਸਮੇਂ ਤੋਂ ਵਿਵਾਦ ਚਲ ਰਿਹਾ ਸੀ। ਸ਼ੋਅਰੂਮ ਮਾਲਕ ਨੇ ਇਸ ਸੰਬੰਧੀ ਅਦਾਲਤ ਵਿੱਚ ਕੇਸ ਕੀਤਾ ਸੀ ਕੇਸ ਨੂੰ ਜਿੱਤਣ ਤੋੱ ਬਾਅਦ ਅੱਜ ਸ਼ੋਅਰੂਮ ਮਾਲਕ ਅਦਾਲਤ ਦੇ ਨਮੁਾਇੰਦੇ ਨਾਲ ਇਹ ਸ਼ੋਅਰੂਮ ਖਾਲੀ ਕਰਵਾਉਣ ਆਇਆ ਸੀ ਜਿਸ ਦੌਰਾਨ ਇਹ ਸਾਰਾ ਝਗੜਾ ਹੋ ਗਿਆ।
ਸ਼ੋਅਰੂਮ ਦੇ ਕਿਰਾਏਦਾਰ ਕਮਲਜੀਤ ਸਿੰਘ ਅਤੇ ਉਸਦੇ ਭਰਾ ਵਰਿੰਦਰ ਸਿੰਘ ਨੇ ਦਸਿਆ ਕਿ ਉਹ ਸਵੇਰੇ ਦੁਕਾਨ ਖੋਲ ਕੇ ਬੈਠੇ ਹੀ ਸੀ ਕਿ ਸ਼ੋਅਰੂਮ ਮਾਲਕ ਸੰਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਆ ਕੇ ਦੁਕਾਨ ਵਿੱਚੋਂ ਉਹਨਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ, ਜਦੋਂ ਉਹਨਾਂ ਨੇ ਇਸ ਤਰ੍ਹਾਂ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਹਮਲਾ ਕਰਕੇ ਉਹਨਾਂ ਦੋਵਾਂ ਨੂੰ ਜਖਮੀ ਕਰ ਦਿਤਾ। ਉਹਨਾਂ ਕਿਹਾ ਕਿ ਅਦਾਲਤ ਨੇ 21 ਨਵੰਬਰ ਤਕ ਇਹ ਸ਼ੋਅਰੂਮ ਉਹਨਾਂ ਨੂੰ ਖਾਲੀ ਕਰਨ ਲਈ ਕਿਹਾ ਸੀ ਪਰ ਸ਼ੋਅਰੂਮ ਮਾਲਕ ਨੇ 12 ਦਿਨ ਪਹਿਲਾਂ ਹੀ ਉਹਨਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ, ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਇਸ ਮੌਕੇ ਮੌਜੂਦ ਅਦਾਲਤ ਦੇ ਨੁਮਾਇੰਦੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਮਾਣਯੋਗ ਅਦਾਲਤ ਦੇ ਹੁਕਮਾਂ ਤੇ ਹੀ ਇਹ ਸ਼ੋਅਰੂਮ ਖਾਲੀ ਕਰਵਾਉਣ ਆਏ ਹਨ। ਮੌਕੇ ’ਤੇ ਪਹੁੰਚੀ ਪੁਲੀਸ ਦੋਵਾਂ ਧਿਰਾਂ ਨੂੰ ਥਾਣੇ ਲੈ ਗਈ ਸੀ। ਜਿੱਥੇ ਉਨ੍ਹਾਂ ਦਾ ਆਪਸੀ ਸਮਝੌਤਾ ਵੀ ਹੋ ਗਿਆ।
ਉਧਰ, ਸ਼ੋਅਰੂਮ ਦੇ ਮਾਲਕ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਅਰੂਮ ’ਚੋਂ ਜਬਰਦਸਤੀ ਕਿਸੇ ਸਮਾਨ ਬਾਹਰ ਨਹੀਂ ਸੁੱਟਿਆ ਹੈ ਸਗੋਂ ਇਹ ਸਾਰੀ ਕਾਰਵਾਈ ਬਿਲਕੁਲ ਕਾਨੂੰਨ ਤਹਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਿਰਾਏਦਾਰ ਨਾਲ ਪਿਛਲੇ 5-6 ਸਾਲ ਤੋਂ ਵਿਵਾਦ ਚਲ ਰਿਹਾ ਸੀ ਜਦੋਂ ਕਿਰਾਏਦਾਰ ਨੇ ਸੋਅਰੂਮ ਖਾਲੀ ਨਹੀਂ ਕੀਤਾ ਤਾਂ ਉਨ੍ਹਾਂ ਨੇ ਅਦਾਲਤ ਦਾ ਬੂਹਾ ਖੜਕਾਇਆ ਗਿਆ। ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਇਸ ਮਗਰੋਂ ਉਹ ਅਦਾਲਤ ਦੇ ਨੁਮਾਇੰਦੇ ਵੈਲਫ਼ ਨੂੰ ਨਾਲ ਲੈ ਕੇ ਅੱਜ ਸੋਅਰੂਮ ਦਾ ਕਬਜ਼ਾ ਲੈਣ ਆਏ ਸੀ। ਜਿੱਥੇ ਕਿਰਾਏਦਾਰਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੱਲ ਥਾਣੇ ਤੱਕ ਪਹੁੰਚ ਗਈ। ਇਸ ਸਬੰਧੀ ਮਟੌਰ ਥਾਣੇ ਦੇ ਐਸਐਚਓ ਜਰਨੈਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਥਾਣੇ ਵਿੱਚ ਆਪਸੀ ਸਮਝੌਤਾ ਕਰ ਲਿਆ ਅਤੇ ਕਿਰਾਏਦਾਰ ਧਿਰ ਨੇ ਅਦਾਲਤ ਦੇ ਹੁਕਮ ਮੰਨਣ ਦੀ ਹਾਮੀ ਭਰਦਿਆਂ ਸੋਅਰੂਮ ਖਾਲੀ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…