Nabaz-e-punjab.com

ਵੱਡੀ ਖਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ

ਸੀ.ਬੀ.ਐਸ.ਈ ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ: ਵਿਜੈ ਇੰਦਰ ਸਿੰਗਲਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਜੂਨ:
ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ਨਿਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੀ.ਬੀ.ਐਸ.ਈ. ਵੱਲੋਂ ਅਪਣਾਏ ਜਾਣ ਵਾਲੇ ਫ਼ਾਰਮੂਲੇ ਦੇ ਆਧਾਰ ’ਤੇ ਹੀ ਨਤੀਜਾ ਐਲਾਨਿਆ ਜਾਵੇਗਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਸੀ ਇਮਤਿਹਾਨਾਂ ਬਾਰੇ ਢੁੱਕਵਾਂ ਫੈਸਲਾ ਲਿਆ ਜਾਵੇ ਕਿਉਂਕਿ ਉਚੇਰੀ ਸਿੱਖਿਆ ਵਾਲੇ ਕੋਰਸਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਾਥੀਆਂ ਅਤੇ ਉਹਨਾਂ ਦੇ ਮਾਪੇ ਦੋਵੇਂ ਬਹੁਤ ਚਿੰਤਤ ਸਨ। ਸ੍ਰੀ ਸਿੰਗਲਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2020-21 ਦੇ ਵਿਦਿਅਕ ਸੈਸ਼ਨ ਦੌਰਾਨ 3,08,000 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬਾਰਵੀਂ ਜਮਾਤ ਵਿੱਚ ਦਾਖਲਾ ਲਿਆ ਸੀ। ਉਹਨਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਸਿੱਖਿਆ ਬੋਰਡ ਲਈ ਇਮਤਿਹਾਨਾਂ ਲੈਣੇ ਸੰਭਵ ਨਹੀਂ ਸਨ। ਉਨਾਂ ਕਿਹਾ ਕਿ ਅਪਣਾਏ ਗਏ ਫਾਰਮੂਲੇ ਅਨੁਸਾਰ, ਸਿੱਖਿਆ ਬੋਰਡ ਕ੍ਰਮਵਾਰ 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਦੇ ਪ੍ਰਦਰਸ਼ਨ ਦੇ ਅਧਾਰ ’ਤੇ 30:30:40 ਦੇ ਅਨੁਪਾਤ ਅਨੁਸਾਰ ਨਤੀਜਾ ਤਿਆਰ ਕਰੇਗਾ। ਸ੍ਰੀ ਸਿੰਗਲਾ ਨੇ ਕਿਹਾ ਕਿ ਬੋਰਡ ਔਸਤਨ 30 ਫੀਸਦ ਵੇਟੇਜ : 10 ਵੀਂ ਜਮਾਤ ਦੇ ਮੁੱਖ ਪੰਜ ਵਿਸ਼ਿਆਂ ਵਿਚੋਂ ਤਿੰਨ ਵਧੀਆ ਪ੍ਰਦਸ਼ਨ ਵਾਲੇ ਵਿਸ਼ੇ, 30 ਫੀਸਦ ਵੇਟੇਜ : 11ਵੀਂ ਜਮਾਤ ਦੇ ਪ੍ਰੀ ਬੋਰਡ ਅਤੇ ਪ੍ਰੈਕਟੀਕਲਜ਼ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਅਤੇ 40 ਫੀਸਦ ਵੇਟੇਜ : 12ਵੀਂ ਵਿੱਚ ਪ੍ਰੀ-ਬੋਰਡ,ਪ੍ਰੈਕਟੀਕਲ ਪ੍ਰੀਖਿਆ ਅਤੇ ਇਨਟਰਨਲ ਅਸੈਸਮੈਂਟ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ’ਤੇ ਨਤੀਜੇ ਦਾ ਖਰੜਾ ਤਿਆਰ ਕਰੇਗਾ। ਮੰਤਰੀ ਨੇ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਗਿਆਰਵੀਂ ਤੋਂ ਬਾਅਦ ਸਟਰੀਮ ਬਦਲੀ ਹੈ, ਉਨਾਂ ਵਿਦਿਆਰਥੀਆਂ ਦਾ ਨਤੀਜਾ 10ਵੀਂ ਵਿੱਚ ਵਧੀਆ ਪ੍ਰਦਸ਼ਨ ਵਾਲੇ ਤਿੰਨਾਂ ਵਿਸ਼ਿਆਂ ਵਿਚੋਂ ਪ੍ਰਾਪਤ ਅਤੇ 12ਵੀਂ ਵਿੱਚ ਪ੍ਰੀ-ਬੋਰਡ + ਪ੍ਰੈਕਟੀਕਲ ਪ੍ਰੀਖਿਆ + ਇਨਟਰਨਲ ਅਸੈਸਮੈਂਟ ਦੇ ਫਾਰਮੂਲੇ ਅਨੁਸਾਰ ਤਿਆਰ ਕੀਤਾ ਜਾਵੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਨਿਰਧਾਰਤ ਮਾਪਦੰਡਾਂ ਨੂੰ ਲਾਗੂ ਕਰਨ ਸਬੰਧੀ ਵਿਸਥਾਰਤ ਵੇਰਵੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਅਤੇ ਸਕੂਲਾਂ ਦੇ ਲਾਗਇਨ ਆਈ.ਡੀ ਉੱਤੇ ਵੀ ਜਨਤਕ ਕੀਤੇ ਜਾਣਗੇ। ਉਹਨਾਂ ਅੱਗੇ ਕਿਹਾ ਕਿ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਨੰਬਰਾਂ ਨੂੰ ਪੋਰਟਲ ‘ਤੇ ਅਪਲੋਡ ਕਰਨ ਲਈ ਸਕੂਲ ਮੁਖੀ ਜਿੰਮੇਵਾਰ ਹੋਣਗੇ ਅਤੇ ਨਤੀਜੇ 31 ਜੁਲਾਈ ਨੂੰ ਜਾਂ ਇਸ ਤੋਂ ਪਹਿਲਾਂ ਐਲਾਨੇ ਜਾਣ ਦੀ ਆਸ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਜੋ ਵਿਦਿਆਰਥੀ ਉਕਤ ਫਾਰਮੂਲੇ ਅਨੁਸਾਰ ਨਤੀਜਿਆਂ ਤੋਂ ਸੰਤੁਸਟ ਨਹੀਂ ਹੋਣਗੇ, ਉਨਾਂ ਦੀ ਪ੍ਰੀਖਿਆ ਉਦੋਂ ਲਈ ਜਾਵੇਗੀ ਜਦੋਂ ਹਾਲਾਤ ਸੁਖਾਵੇਂ ਹੋ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …