ਦੁਕਾਨਦਾਰਾਂ ਨੂੰ ਵੱਡੀ ਰਾਹਤ: ਮੁਹਾਲੀ ਜ਼ਿਲ੍ਹੇ ਵਿੱਚ ਹੁਣ ਆਮ ਦਿਨਾਂ ਵਾਂਗ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ

ਪ੍ਰਾਈਵੇਟ ਦਫ਼ਤਰ 33 ਫੀਸਦੀ ਦੀ ਥਾਂ 50 ਫੀਸਦੀ ਸਟਾਫ਼ ਨਾਲ ਕਰ ਸਕਦੇ ਹਨ ਦਫ਼ਤਰੀ ਕੰਮਕਾਜ

ਮਾਰਕੀਟਾਂ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕੋਵਿਡ ਮੌਨੀਟਰ ਲਗਾਉਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮੁਹਾਲੀ ਜ਼ਿਲ੍ਹੇ ਅੰਦਰ ਪੜਾਅਵਾਰ/ਅੌਡ-ਈਵਨ ਢੰਗ ਨਾਲ ਦੁਕਾਨਾਂ ਖੋਲ੍ਹਣ ਸਬੰਧੀ ਲਗਾਈ ਪਾਬੰਦੀ ਹਟਾ ਦਿੱਤੀ ਗਈ ਹੈ। ਇਹ ਐਲਾਨ ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮਾਰਕੀਟ ਐਸੋਸੀਏਸ਼ਨਾਂ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਅਤੇ ਹੋਰ ਭਾਈਵਾਲਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਸਾਂਝੀ ਮੀਟਿੰਗ ਤੋਂ ਬਾਅਦ ਕੀਤਾ। ਕੋਵਿਡ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆਉਣ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਦੁਕਾਨਦਾਰਾਂ ਦੀ ਮੰਗ ’ਤੇ ਸਹਿਮਤੀ ਜਤਾਈ ਅਤੇ ਪ੍ਰਾਈਵੇਟ ਦਫ਼ਤਰਾਂ ਨੂੰ ਵੀ 33 ਫੀਸਦੀ ਸਟਾਫ਼ ਦੀ ਥਾਂ 50 ਫੀਸਦੀ ਸਟਾਫ਼ ਨਾਲ ਦਫ਼ਤਰੀ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸ ਤਰ੍ਹਾਂ ਹੁਣ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
ਕੋਵਿਡ ਸਬੰਧੀ ਪਾਬੰਦੀਆਂ ਦੀ ਪਾਲਣਾ ਕਰਨ ਲਈ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਰੂਰੀ ਗਤੀਵਿਧੀਆਂ ਤੋਂ ਇਲਾਵਾ ਜਨਤਕ ਆਵਾਜਾਈ ’ਤੇ ਰੋਕ, ਪੜਾਅਵਾਰ ਢੰਗ ਨਾਲ ਦੁਕਾਨਾਂ ਖੋਲ੍ਹਣ, ਵੀਕੈਂਡ ਅਤੇ ਰਾਤ ਦੇ ਕਰਫ਼ਿਊ ਦੇ ਨਾਲ-ਨਾਲ ਟੀਕਾਕਰਨ ਨੇ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਕਾਫ਼ੀ ਹੱਦ ਤੱਕ ਸਹਾਇਤਾ ਕੀਤੀ ਹੈ। ਕੋਵਿਡ ਕੇਸਾਂ ਵਿੱਚ ਵਾਧੇ ਦੀ ਗਤੀ ਮੱਧਮ ਪੈਣ ਦੇ ਮੱਦੇਨਜ਼ਰ ਕੁਝ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਅਧੀਨ ਹੋਵੇਗੀ। ਮਾਰਕੀਟ ਐਸੋਸੀਏਸ਼ਨਾਂ ਨੂੰ ਹਰੇਕ ਮਾਰਕੀਟ ਲਈ ਕੋਵਿਡ ਨਿਗਰਾਨ ਨਿਯੁਕਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਐਸੋਸੀਏਸ਼ਨਾਂ ਨੂੰ ਆਪਣੇ ਸਮੁੱਚੇ ਸਟਾਫ਼ ਦੇ ਕੋਵਿਡ ਟੀਕਾਕਰਨ ਨੂੰ ਯਕੀਨੀ ਬਣਾਉਣ ਅਤੇ ਮਾਰਕੀਟ ਪੱਧਰ ’ਤੇ ਟੀਕਾਕਰਨ ਕੈਂਪ ਲਗਾਉਣ ਲਈ ਸਬੰਧਤ ਐਸਡੀਐਮ ਨਾਲ ਸੰਪਰਕ ਕਰਨ ਲਈ ਕਿਹਾ। ਬਲਟਾਣਾ ਫਰਨੀਚਰ ਮਾਰਕੀਟ ਐਸੋਸੀਏਸ਼ਨ ਨੇ ਸਟੇਟ ਕੋਵਿਡ ਟੀਕਾਕਰਨ ਫੰਡ ਵਿੱਚ 51 ਹਜ਼ਾਰ ਰੁਪਏ ਦੇ ਯੋਗਦਾਨ ਦਾ ਵਾਅਦਾ ਕੀਤਾ ਹੈ।
ਇਸ ਮੌਕੇ ਐਸਐਸਪੀ ਸਤਿੰਦਰ ਸਿੰਘ ਨੇ ਦੁਕਾਨਦਾਰਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਵਧੇਰੇ ਢਿੱਲ ਨਾਲ ਜ਼ਿੰਮੇਵਾਰੀ ਵੱਧ ਜਾਂਦੀ ਹੈ। ਦੁਕਾਨਦਾਰਾਂ ਨੂੰ ਭੀੜ-ਭੜੱਕੇ ਨੂੰ ਰੋਕਣਾ ਪਏਗਾ, ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਚਲਾਨ ਕੱਟੇ ਜਾਣਗੇ ਅਤੇ ਜੇਕਰ ਢਿੱਲ ਦੇ ਨਤੀਜੇ ਵਜੋਂ ਵਾਇਰਸ ਫੈਲਦਾ ਹੈ ਤਾਂ ਪ੍ਰਸ਼ਾਸਨ ਨੂੰ ਇਹ ਢਿੱਲ ਵਾਪਸ ਲੈਣ ਲਈ ਮਜਬੂਰ ਕਰ ਸਕਦਾ ਹੈ। ਇਸਦੇ ਉਲਟ ਜੇਕਰ ਐਕਟਿਵ ਮਾਮਲਿਆਂ ਵਿੱਚ ਕਮੀ ਆਉਣੀ ਜਾਰੀ ਰਹਿੰਦੀ ਹੈ ਤਾਂ ਸੂਬਾ ਪੱਧਰ ’ਤੇ ਕੁਝ ਹੋਰ ਢਿੱਲਾਂ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਣ ਨਾਲ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਅੱਜ ਡੀਸੀ ਨਾਲ ਹੋਈ ਮੀਟਿੰਗ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਉਹ ਪਹਿਲਾਂ ਵਾਂਗ ਪੂਰੀ ਸਾਵਧਾਨੀ ਵਰਤਣਗੇ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਇਸ ਸਬੰਧੀ ਬੀਤੇ ਦਿਨੀਂ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦੇ ਸਰਬਜੀਤ ਸਿੰਘ ਪਾਰਸ ਨੇ ਵੀ ਡੀਸੀ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਸੀ। ਇਸ ਮੌਕੇ ਏਡੀਸੀ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ, ਏਡੀਸੀ (ਵਿਕਾਸ) ਰਾਜੀਵ ਗੁਪਤਾ, ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ, ਹਿਮਾਂਸ਼ੂ ਜੈਨ, ਕੁਲਦੀਪ ਬਾਵਾ, ਜਗਦੀਪ ਸਹਿਗਲ (ਸਾਰੇ ਐਸਡੀਐਮਜ਼) ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ…