ਗੁਰਦਾਸਪੁਰ ਜ਼ਿਮਨੀ ਚੋਣ: ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਾਸਲ ਕੀਤੀ ਵੱਡੀ ਜਿੱਤ

ਮੁੱਖ ਮੰਤਰੀ ਨੇ ਸਾਰੇ ਵਾਅਦੇ ਪੂਰੇ ਕਰਨ ਦਾ ਭਰੋਸਾ ਦਿੱਤਾ, ਕਿਹਾ ਲੋਕ ਕਾਂਗਰਸ ਸ਼ਾਸਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ

ਭਾਜਪ-ਅਕਾਲੀ ਦਲ ਦੀ ਭ੍ਰਿਸ਼ਟ ਤੇ ਅਨੈਤਿਕ ਸਿਆਸਤ ਅਤੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਖਾਹਿਸ਼ਾਂ ਲੋਕਾਂ ਵੱਲੋਂ ਰੱਦ: ਕੈਪਟਨ

ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸਮੁੱਚੇ ਪਰਿਵਾਰ ਨੇ ਵੀ ਲਾਇਆ ਸੁਨੀਲ ਜਾਖੜ ਦੀ ਸ਼ਾਨਦਾਰ ਜਿੱਤ ਲਈ ਪੂਰਾ ਜ਼ੋਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਗੁਰਦਾਸਪੁਰ, 15 ਅਕਤੂਬਰ:
ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਕਾਂਗਰਸ ਦਾ ਮਾਣ ਵਧਾਇਆ ਹੈ। ਸਮੁੱਚੀ ਪੰਜਾਬ ਕੈਬਨਿਟ ਸਮੇਤ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੇ ਵੀ ਸ੍ਰੀ ਜਾਖੜ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਤਾਣ ਲਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਤੋਂ ਲੋਕ ਸਭਾ ਦੀ ਉਪ ਚੋਣ ਲਈ ਕਾਂਗਰਸ ਦੀ ਵੱਡੀ ਅਤੇ ਵਿਲੱਖਣ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੋਕ ਕਾਂਗਰਸ ਦੇ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਹੈ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੀ ਵੱਡੀ ਤੇ ਸ਼ਾਨਦਾਰ ਜਿੱਤ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਭ੍ਰਿਸ਼ਟ ਤੇ ਅਨੈਤਿਕ ਸਿਆਸਤ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਨੂੰ ਜਿੱਤਾ ਕੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਖਾਹਿਸ਼ਾਂ ’ਤੇ ਵੀ ਸਵਾਲੀ ਨਿਸ਼ਾਨ ਲਾ ਦਿੱਤਾ ਹੈ।
ਕਾਂਗਰਸ ਦੇ ਉਮੀਦਵਾਰ ਵਿੱਚ ਪ੍ਰਗਟਾਏ ਵਿਸ਼ਵਾਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੀ ਨਿਮਰਤਾ ਦੇ ਨਾਲ ਗੁਰਦਾਸਪੁਰ ਦੇ ਲੋਕਾਂ ਖਾਸ ਕਰ ਦਿਹਾਤੀ ਵੋਟਰਾਂ ਦਾ ਕਾਂਗਰਸ ਨੂੰ ਵੱਡਾ ਫਤਵਾ ਦੇਣ ਲਈ ਅਤੇ ਇਸ ਲਈ ਭਰੋਸਾ ਅਤੇ ਅਥਾਹ ਪ੍ਰੇਮ ਦਿਖਾਉਣ ਲਈ ਧੰਨਵਾਦ ਕੀਤਾ ਹੈ। ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦੀ 2014 ਦੀਆਂ ਚੋਣਾਂ ਦੌਰਾਨ ਭਾਜਪਾ ਦੇ ਵਿਨੋਦ ਖੰਨਾ ਤੋਂ 1.36 ਲੱਖ ਵੋਟਾਂ ਨਾਲ ਹੋਈ ਹਾਰ ਤੋਂ ਬਾਅਦ ਜਾਖੜ ਦੀ ਇਨ੍ਹਾਂ ਚੋਣਾਂ ਦੌਰਾਨ 1.93 ਲੱਖ ਦੇ ਨਾਲ ਹੋਈ ਜਿੱਤ ਕਾਂਗਰਸ ਲਈ ਇੱਕ ਵੱਡੇ ਸਨਮਾਣ ਤੋਂ ਘੱਟ ਨਹੀਂ ਹੈ। ਇਸ ਫਰਕ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ 1980 ਵਿੱਚ ਕਾਂਗਰਸ ਦੀ ਉਮੀਦਵਾਰ ਸੁਖਬੰਸ ਕੌਰ ਭਿੰਡਰ ਦੀ 1.51 ਲੱਖ ਵੋਟਾਂ ਨਾਲ ਹੋਈ ਜਿੱਤ ਤੋਂ ਮੌਜੂਦਾ ਜਿੱਤ ਕਾਫੀ ਵੱਡੀ ਹੈ।
ਸ੍ਰੀ ਜਾਖੜ ਦੀ ਜਿੱਤ ਨੇ ਚੋਣ ਮੁਹਿੰਮ ਦੌਰਾਨ ਅਕਾਲੀ ਪ੍ਰਧਾਨ ਵੱਲੋਂ ਕਾਂਗਰਸ ਦੇ ਪਿਛਲੇ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ ਕੀਤੇ ਕਾਰਜਾਂ ਨੂੰ ਘਟਾ ਕੇ ਪੇਸ਼ ਕਰਨ ਦੇ ਯਤਨਾਂ ਨੂੰ ਵੀ ਲੋਕਾਂ ਨੇ ਰੱਦ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਖਾਹਿਸ਼ਾਂ ਦਾ ਵੀ ਅੰਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਤੇ ਗੁਰਦਾਸਪੁਰ ਦੇ ਯੂਨਿਟਾਂ ਨੂੰ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਭੰਗ ਕਰਨ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਪਾਰਟੀ ਨੇ ਹਾਰ ਪ੍ਰਵਾਨ ਕਰ ਲਈ ਹੈ ਅਤੇ ਇਸ ਨੇ ਮੰਨ ਲਿਆ ਹੈ ਕਿ ਇਹ ਸੂਬੇ ਦੇ ਲੋਕਾਂ ਨਾਲ ਸੰਪਰਕ ਬਨਾਉਣ ਲਈ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।
ਸਵਰਨ ਸਿੰਘ ਸਲਾਰੀਆ ਦੀ ਹਾਰ ਦੇ ਲਈ ਭਾਜਪ ਦੇ ਨੈਤਿਕ ਦਿਵਾਲੀਆਪਨ ਅਤੇ ਕੇਂਦਰ ਵਿੱਚ ਇਸ ਦੇ ਪੂਰੀ ਤਰ੍ਹਾਂ ਨਾਕਾਮ ਰਹਿਣ ਨੂੰ ਪ੍ਰਮੁੱਖ ਕਾਰਕ ਮੰਨਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਵਿਕਾਸ ਚਾਹੁੰਦੇ ਹਨ ਜੋ ਸਿਰਫ ਕਾਂਗਰਸ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਮਾਰਚ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਕਾਂਗਰਸ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਪਹਿਲਕਦਮੀਆਂ ਤੋਂ ਲੋਕ ਪੂਰੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਨੂੰ ਸੂਬੇ ਦੇ ਵਿਕਾਸ ਲਈ ਸਰਕਾਰ ਦੀ ਬਚਨਵੱਧਤਾ ਵਿੱਚ ਪੂਰਾ ਵਿਸ਼ਵਾਸ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੇਠਲੇ ਪੱੱਧਰ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਕਾਂਗਰਸ ਦੇ ਵਿਰੁੱਧ ਝੂਠਾ ਭੰਡੀ ਪ੍ਰਚਾਰ ਕੀਤਾ। ਇਨ੍ਹਾਂ ਪਾਰਟੀਆਂ ਨੂੰ ਸਸਤੇ ਤੇ ਘਟੀਆ ਦਾਅਪੇਚ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸੱਤਾ ਵਿੱਚ ਲਿਆਉਣ ਵਿੱਚ ਸਫਲ ਨਹੀਂ ਹੋਏ ਸਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਪਾਰਟੀਆਂ ਇਨ੍ਹਾਂ ਤੱਥਾਂ ਤੋਂ ਇੱਕ ਵਾਰ ਫਿਰ ਸਬਕ ਸਿੱਖਣ ਤੋਂ ਇਨਕਾਰੀ ਰਹੀਆਂ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਝੂਠੇ ਬਿਆਨਾਂ ਦੇ ਨਾਲ ਲੋਕਾਂ ਵਿੱਚ ਜਾਣ ਦੀਆਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ, ਖਾਸ ਕਰ ਕਿਸਾਨੀ ਕਰਜ਼ਿਆਂ ਦੇ ਸਬੰਧ ਵਿੱਚ ਤਾਂ ਉਨ੍ਹਾਂ ਨੇ ਹੱਦੋਂ ਵੱਧ ਭਰਮ ਫੈਲਾਇਆ। ਆਮ ਆਦਮੀ ਪਾਰਟੀ ਨੇ ਵੀ ਇੱਕ ਵਾਰ ਫਿਰ ਇਸ ਸੀਟ ’ਤੇ ਕਬਜ਼ਾ ਕਰਨ ਲਈ ਘਟੀਆ ਅਤੇ ਨਾਟਕੀ ਸਿਆਸਤ ਕੀਤੀ ਜਦਕਿ ਇਨ੍ਹਾਂ ਦੋਵਾਂ ਧਿਰਾਂ ਨੂੰ ਭਾਰੀ ਨਿਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਸਿਰਫ ਗੁਰਦਾਸਪੁਰ ਦੇ ਸਿਆਣੇ ਵੋਟਰਾ ਦੇ ਕਾਰਨ ਹੋਇਆ ਹੈ ਜਿਨ੍ਹਾਂ ਨੂੰ ਸਹੀ ਤੇ ਗਲਤ ਦਾ ਪੂਰਾ ਗਿਆਨ ਹੈ ਅਤੇ ਉਨ੍ਹ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਿਰਫ਼ ਕਾਂਗਰਸ ਹੀ ਉਨ੍ਹਾਂ ਨੂੰ ਮੌਜੂਦਾ ਗੰਭੀਰ ਸਮੱਸਿਆਵਾਂ ਵਿੱਚੋਂ ਬਾਹਰ ਕੱਢ ਸਕਦੀ ਹੈ ਜਿਨ੍ਹਾਂ ਵਿੱਚ ਅਕਾਲੀ ਦਲ ਤੇ ਭਾਜਪਾ ਨੇ ਆਪਣੇ ਸ਼ਾਸਨ ਦੌਰਾਨ ਉਨ੍ਹਾਂ ਨੂੰ ਫਸਾਇਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ’ਤੇ ਨਿੱਜੀ ਹਮਲੇ ਕਰਨ ਲਈ ਵੀ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ ਕਿਉਂਕਿ ਇਨ੍ਹਾਂ ਪਾਰਟੀਆਂ ਨੇ ਜਾਖੜ ’ਤੇ ‘ਬਾਹਰੀ’ ਹੋਣ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਜਦਕਿ ਇਹ ਉਨ੍ਹਾਂ ਦੇ ਸਾਫ ਸੁਥਰੇ ਅਕਸ਼, ਸੰਜੀਦਗੀ ਅਤੇ ਬਚਨਵੱਧਤਾ ਦੇ ਸਬੰਧ ਵਿੱਚ ਕੋਈ ਦੋਸ਼ ਨਾ ਲਾ ਸਕੀਆਂ। ਉਨ੍ਹਾਂ ਕਿਹਾ ਕਿ ਵਿਕਾਸ ਹੀ ਇੱਕੋ ਇੱਕ ਮੁੱਦਾ ਹੈ ਜੋ ਗੁਰਦਾਸਪੁਰੀਆਂ ਦੀ ਚਿੰਤਾ ਹੈ ਕਿਉਂਕਿ ਇਸ ਖਿੱਤੇ ਨੂੰ ਅਨੇਕਾਂ ਵਰ੍ਹਿਆਂ ਤੋਂ ਵਿਕਾਸ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਲੋਕਾਂ ਨੇ ਖੇਤਰਵਾਦ ਨੂੰ ਰੱਦ ਕੀਤਾ ਹੈ ਅਤੇ ਉਹ ਸਿਰਫ ਸੰਜੀਦਾ ਅਤੇ ਸਮਰਪਤ ਵਿਅਕਤੀ ਚਾਹੁੰਦੇ ਹਨ।
ਸੰਸਦ ਵਿੱਚ ਗੁਰਦਾਸਪੁਰ ਦੀ ਆਵਾਜ਼ ਉਠਾਉਣ ਲਈ ਜਖੜ ਨੂੰ ਇੱਕ ਸਹੀ ਅਤੇ ਅਦਰਸ਼ ਆਗੂ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲੋਕਾ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਦੇ ਸੰਸਦ ਮੈਂਬਰ ਵੱਲੋਂ ਉਨ੍ਹਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਇਸ ਖਿੱਤੇ ਵਿੱਚ ਸ਼ੁਰੂ ਕੀਤੇ ਵਿਕਾਸ ਦੇ ਕਾਰਜ ਨੂੰ ਜਾਖੜ ਦੀ ਮੌਜੂਦਗੀ ਵਿੱਚ ਵੱਡਾ ਹੁਲਾਰਾ ਮਿਲੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਦੇ ਨਤੀਜਿਆਂ ਤੋਂ ਇੱਕ ਵਾਰ ਫਿਰ ਪ੍ਰਗਟਾਵਾ ਹੋਇਆ ਹੈ ਕਿ ਕਾਂਗਰਸ ਦੇਸ਼ ਵਿੱਚ ਮੁੜ ਉਭਾਰ ਦੇ ਰਾਹ ’ਤੇ ਹੈ। ਦੇਸ਼ ਦੀਆਂ ਵੱਖ ਯੂਨੀਵਰਸਿਟੀਆਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਦਿਆਰਥੀ ਚੋਣਾਂ ਅਤੇ ਦੋ ਦਿਨ ਪਹਿਲਾਂ ਮਹਾਰਾਸ਼ਟਰ ਵਿੱਚ ਨਗਰ ਪਾਲਿਕਾ ਚੋਣਾਂ ਸਪਸ਼ਟ ਸੰਕੇਤ ਦੇ ਰਹੀਆਂ ਹਨ ਕਿ ਪਾਰਟੀ ਦਾ ਭਵਿੱਖ ਉਜਵਲ ਹੈ। ਹੁਣ ਗੁਰਦਾਸਪੁਰ ਦੀ ਉਪ ਚੋਣ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਇਨ੍ਹਾਂ ਸੰਭਾਵਨਾਵਾ ਨੂੰ ਹੋਰ ਪੱਕੇ ਪੈਰੀਂ ਕੀਤਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…