ਬੀਮਾ ਸਕੀਮ: ਜਨ ਸੁਰੱਖਿਆ ਮੁਹਿੰਮ ਤਹਿਤ ਜਾਗਰੂਕਤਾ ਲਹਿਰ ਜ਼ੋਰਾਂ ’ਤੇ

ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਨੇ ਜਾਗਰੂਕਤਾ ਕੈਂਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਮੁੱਚੇ ਜ਼ਿਲ੍ਹੇ ਵਿੱਚ ਜਨ ਸੁਰੱਖਿਆ ਮੁਹਿੰਮ ਤਹਿਤ ਜਾਗਰੂਕਤਾ ਲਹਿਰ ਜ਼ੋਰਾਂ ’ਤੇ ਹੈ। ਜਿਸ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਕੈਂਪ ਲਗਾ ਕੇ ਲੋਕਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਬਾਰੇ ਜਾਗਰੂਕ ਕਰਕੇ ਇਨ੍ਹਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ ਜਾ ਰਿਹਾ ਹੈ। ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ 50 ਤੋਂ ਵੱਧ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਨੂੰ ਜਲਦੀ ਕਵਰ ਕੀਤਾ ਜਾਵੇਗਾ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਸਾਲਾਨਾ 20 ਰੁਪਏ ਪ੍ਰੀਮੀਅਮ ਵਿੱਚ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕੀਤਾ ਜਾਂਦਾ ਹੈ। ਇਹ ਉਨ੍ਹਾਂ ਸਾਰੇ ਬੈਂਕ ਖਾਤਾ ਧਾਰਕਾਂ ਲਈ ਹੈ, ਜਿਨ੍ਹਾਂ ਦੀ ਉਮਰ 18 ਤੋਂ 70 ਸਾਲ ਦਰਮਿਆਨ ਹੈ ਅਤੇ ਦੁਰਘਟਨਾ ਤਹਿਤ ਸਥਾਈ ਅਪਾਹਜ ਹੋਣਾ ਵੀ ਬੀਮਾ ਕਵਰ ਵਿੱਚ ਸ਼ਾਮਲ ਹੈ। ਪ੍ਰੀਮੀਅਮ ਰਾਸ਼ੀ ਸਬੰਧੀ ਖਾਤਾਧਾਰਕ ਦੇ ਬੱਚਤ ਖਾਤੇ ’ਚੋਂ ਆਟੋ ਡੈਬਿਟ ਦੀ ਸਹੂਲਤ ਹੈ ਅਤੇ ਕੋਈ ਵੀ ਵਿਅਕਤੀ ਕੇਵਲ ਇੱਕ ਬੈਂਕ ਖਾਤੇ ਵਿੱਚ ਇਹ ਸਹੂਲਤ ਲੈ ਸਕਦਾ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤਹਿਤ 436 ਰੁਪਏ ਸਾਲਾਨਾ ਪ੍ਰੀਮੀਅਮ ਤਹਿਤ 2 ਲੱਖ ਰੁਪਏ ਦਾ ਜੀਵਨ ਬੀਮਾ ਕੀਤਾ ਜਾਂਦਾ ਹੈ। ਇਹ ਉਨ੍ਹਾਂ ਸਾਰੇ ਬੈਂਕ ਖਾਤਾ ਧਾਰਕਾਂ ਲਈ ਹੈ, ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਹੈ। ਬੀਮਾ ਧਾਰਕ ਤੋਂ ਬਾਅਦ ਪਰਿਵਾਰ ਨੂੰ ਬੀਮਾ ਰਾਸ਼ੀ ਮਿਲਦੀ ਹੈ। ਪ੍ਰੀਮੀਅਮ ਰਾਸ਼ੀ ਸਬੰਧੀ ਖਾਤਾਧਾਰਕ ਦੇ ਬੱਚਤ ਖਾਤੇ ’ਚੋਂ ਆਟੋ ਡੈਬਿਟ ਦੀ ਸਹੂਲਤ ਹੈ ਅਤੇ ਕੋਈ ਵੀ ਵਿਅਕਤੀ ਕੇਵਲ ਇੱਕ ਬੈਂਕ ਖਾਤੇ ਵਿੱਚ ਇਹ ਸਹੂਲਤ ਲੈ ਸਕਦਾ ਹੈ।
ਏਡੀਸੀ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦੇਣ ਲਈ 4 ਬੀਡੀਪੀਓਜ਼, 32 ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਜੋ ਕਿ 428 ਬੈਂਕ ਬਰਾਂਚਾਂ ਦੀ ਨੁਮਾਇੰਦਗੀ ਕਰਦੇ ਹਨ, ਨੂੰ ਜ਼ਿਲ੍ਹੇ ਦੀਆਂ 332 ਪੰਚਾਇਤਾਂ ਨੂੰ ਜਲਦੀ ਕਵਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮਕੇ ਭਾਰਦਵਾਜ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਇੱਕ ਤੈਅ ਯੋਜਨਾ ਮੁਤਾਬਕ ਕੰਮ ਕੀਤਾ ਜਾ ਰਿਹਾ ਹੈ ਅਤੇ ਬਲਾਕ ਪੱਧਰ ’ਤੇ ਨੋਡਲ ਅਫ਼ਸਰ ਲਾਏ ਗਏ ਹਨ। ਸਰਪੰਚਾਂ ਅਤੇ ਪੰਚਾਇਤ ਸਕੱਤਰਾਂ ਦੇ ਨੰਬਰ ਨੋਡਲ ਅਫ਼ਸਰਾਂ ਨਾਲ ਸਾਂਝੇ ਕੀਤੇ ਗਏ ਹਨ ਤਾਂ ਜੋ ਜਾਗਰੂਕਤਾ ਕੈਂਪ ਲਾਉਣ ਅਤੇ ਲੋਕਾਂ ਨੂੰ ਇਨ੍ਹਾਂ ਭਲਾਈ ਸਕੀਮਾਂ ਦੇ ਘੇਰੇ ਵਿੱਚ ਲਿਆਉਣ ਲਈ ਕੋਈ ਦਿੱਕਤ ਨਾ ਆਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਹ ਮੁਹਿੰਮ ਮਈ ਦੇ ਅੰਤ ਤੱਕ ਜਾਰੀ ਰਹੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…