Nabaz-e-punjab.com

ਸੋਮਵਾਰ ਨੂੰ ਬਡੂੰਗਰ (ਪਟਿਆਲਾ) ਵਿੱਚ ਹੋਵੇਗਾ ਬੀਰ ਦਵਿੰਦਰ ਸਿੰਘ ਦਾ ਅੰਤਿਮ ਸਸਕਾਰ

ਸਰਬੋਤਮ ਬੁਲਾਰੇ ਦੇ ਨਾਲ-ਨਾਲ ਵਧੀਆ ਹਾਜ਼ਰ-ਜਵਾਬੀ ਲਈ ਵੀ ਜਾਣੇ ਜਾਂਦੇ ਸਨ ਬੀਰਦਵਿੰਦਰ ਸਿੰਘ

ਬੀਰਦਵਿੰਦਰ ਦੀ ਸੂਝ-ਬੂਝ ਦਾ ਬਹੁਤਾ ਲਾਹਾ ਨਹੀਂ ਲੈ ਸਕੀਆਂ ਸਿਆਸੀ ਪਾਰਟੀਆਂ

ਬੇਬਾਕ ਤੇ ਸੱਚੀ ਗੱਲ ਮੂੰਹ ’ਤੇ ਕਹਿਣ ਦੀ ਹਿੰਮਤ ਰੱਖਦੇ ਸੀ ਸਰਦਾਰ ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 1 ਜੁਲਾਈ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਉੱਘੇ ਵਿਦਵਾਨ ਤੇ ਲੇਖਕ ਬੀਰ ਦਵਿੰਦਰ ਸਿੰਘ (75) ਜਿਨ੍ਹਾਂ ਦਾ ਬੀਤੇ ਕੱਲ੍ਹ ਪੀਜੀਆਈ ਹਸਪਤਲ ਵਿੱਚ ਦੇਹਾਂਤ ਹੋ ਗਿਆ ਸੀ। ਬੀਰਦਵਿੰਦਰ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਪਟਿਆਲਾ ਦੇ ਬਡੂੰਗਰ ਸਥਿਤ ਸ਼ਮਸ਼ਾਨਘਾਟ ਵਿੱਚ ਹੋਵੇਗਾ। ਬੀਰਦਵਿੰਦਰ ਸਿੰਘ ਦੇ ਪਰਿਵਰ ਦੇ ਨਜ਼ਦੀਕੀ ਗਗਨਪ੍ਰੀਤ ਸਿੰਘ ਬੈਂਸ ਨੇ ਦੱਸਿਅ ਕਿ ਕੁੱਝ ਸਮਾਂ ਪਹਿਲਾਂ ਹੀ ਬੀਰਦਵਿੰਦਰ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਕੁੱਝ ਹੋ ਗਿਆ ਤਾਂ ਬਡੂੰਗਰ ਛੱਡ ਆਇਓ। ਬੈਸਟ ਪਾਰਲੀਮੈਂਟੇਰਅਨ ਐਵਾਰਡ ਨਾਲ ਸਨਮਾਨਿਤ ਬੀਰ ਦਵਿੰਦਰ ਸਿੰਘ ਦੀ ਮੈਡੀਕਲ ਜਾਂਚ ਦੌਰਾਨ ਉਨ੍ਹਾਂ ਖ਼ੁਰਾਕ ਵਾਲੀ ਨਾਲੀ ਵਿੱਚ ਕੈਂਸਰ ਹੋਣ ਦੀ ਪੁਸ਼ਟੀ ਹੋਈ ਸੀ।
ਗਗਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਸਾਬਕਾ ਡਿਪਟੀ ਸਪੀਕਰ ਦੇ ਅੰਤਿਮ ਸਮੇਂ ਉਨ੍ਹਾਂ ਕੋਲ ਬੇਟਾ ਐਡਵੋਕੇਟ ਅਨੰਤਵੀਰ ਸਿੰਘ ਸਰਾਓ ਅਤੇ ਬੇਟੀ ਵਿੰਕੂ ਸਰਾਓ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਬੀਰਦਵਿੰਦਰ ਦੀ ਅਮਰੀਕਾ ਵਿੱਚ ਰਹਿੰਦੀ ਵੱਡੀ ਬੇਟੀ ਗਗਨ ਸਿੱਧੂ ਅਤੇ ਜਵਾਈ ਜਗਦੀਪ ਸਿੰਘ ਸਿੱਧੂ ਅਤੇ ਟਰਾਂਟੋ ਵਿੱਚ ਰਹਿੰਦੀ ਬੇਟੀ ਦੀਪ ਜੋਤ ਕੌਰ ਭਲਕੇ ਐਤਵਾਰ ਨੂੰ ਪਟਿਆਲਾ ਸਥਿਤ ਆਪਣੇ ਘਰ ਪਹੁੰਚਣਗੇ। ਸਭ ਤੋਂ ਛੋਟਾ ਬੇਟਾ ਅਨੰਤਵੀਰ ਵੀ ਆਪਣੇ ਪਿਤਾ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸੁਣ ਕੇ ਵਿਦੇਸ਼ ’ਚੋਂ ਹਫ਼ਤ ਕੁ ਪਹਿਲਾਂ ਹੀ ਪੰਜਾਬ ਆਇਆ ਸੀ। ਉੱਥੇ ਉਨ੍ਹਾਂ ਨੇ ਹਾਲ ਵਿੱਚ ਹੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਸੀ। ਅਨੰਤਵੀਰ ਆਪਣੇ ਪਿਤਾ ਬੀਰਦਵਿੰਦਰ ਸਿੰਘ ਦੀ ਦਿਲੀ ਇੱਛਾ ਮੁਤਾਬਕ ਵਿਦੇਸ਼ ਵਿੱਚ ਲਾਅ ਕੰਪਨੀ ਸਥਾਪਿਤ ਕਰੇਗਾ।
ਬੀਰਦਵਿੰਦਰ ਦੀ ਸੂਝ-ਬੂਝ ਦਾ ਸਿਆਸੀ ਪਾਰਟੀਆਂ ਬਹੁਤਾ ਲਾਹਾ ਨਹੀਂ ਲੈ ਸਕੀਆਂ। ਬੇਬਾਕੀ ਨਾਲ ਗੱਲ ਕਰਨੀ ਅਤੇ ਸੱਚੀ ਗੱਲ ਮੂੰਹ ’ਤੇ ਕਹਿਣ ਦੀ ਹਿੰਮਤ ਰੱਖਣ ਕਾਰਨ ਬੀਰਦਵਿੰਦਰ ਤੋਂ ਜ਼ਿਆਦਾਤਰ ਲੀਡਰ ਅਜੀਬ ਜਿਹਾ ਡਰ ਅਤੇ ਝਿਜਕ ਮਹਿਸੂਸ ਕਰਦੇ ਸਨ। ਸ਼ਾਇਦ ਇਸ ਕਰਕੇ ਕੁਰੱਪਟ ਸਿਸਟਮ ਦਾ ਹਿੱਸਾ ਨਹੀਂ ਬਣ ਸਕੇ। ਮੁੱਢਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਆਗੂ ਵਜੋਂ ਸਿਆਸਤ ਵਿੱਚ ਪੈਰ ਰੱਖਿਆ। ਉਹ 1971 ਤੋਂ 1977 ਤੱਕ ਫੈਡਰੇਸ਼ਨ ਵਿੱਚ ਰਹੇ ਅਤੇ 1980 ਵਿੱਚ ਉਨ੍ਹਾਂ ਨੇ ਸਰਹਿੰਦ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਆਸੀ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ। ਉਹ 1978 ਤੋਂ 86 ਅਤੇ 1999 ਤੋਂ 2008 ਅਤੇ ਫਿਰ 2014 ਤੋਂ 2016 ਤੱਕ ਕਾਂਗਰਸ ਵਿੱਚ ਰਹੇ।
ਲੰਬੀ ਚੁੱਪੀ ਤੋਂ ਬਾਅਦ ਸਾਲ 2002 ਵਿੱਚ ਉਨ੍ਹਾਂ ਖਰੜ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਅਤੇ ਵਿਧਾਇਕ ਚੁਣੇ ਗਏ ਸਨ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਵਿੱਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ। ਆਪਣੇ ਜੀਵਨ ਕਾਲ ਦੌਰਾਨ ਉਹ ਸਰਬੋਤਮ ਬੁਲਾਰੇ ਹੋਣ ਦੇ ਨਾਲ-ਨਾਲ ਵਧੀਆ ਹਾਜ਼ਰ-ਜਵਾਬੀ ਲਈ ਵੀ ਜਾਣੇ ਜਾਂਦੇ ਸਨ।
ਬੀਰ ਦਵਿੰਦਰ ਸਿੰਘ ਆਮ ਆਦਮੀ ਪਾਰਟੀ ਅਤੇ ਭਾਜਪਾ ਨੂੰ ਛੱਡ ਕੇ ਲਗਪਗ ਸਾਰੀਆਂ ਰਾਜਸੀ ਪਾਰਟੀਆਂ ਵਿੱਚ ਸਰਗਰਮ ਆਗੂ ਵਜੋਂ ਵਿਚਰੇ ਹਨ। ਉਂਜ ਉਹ ਜ਼ਿਆਦਾਤਰ ਸਮਾਂ ਕਾਂਗਰਸ ਨਾਲ ਜੁੜੇ ਰਹੇ। ਸਾਲ 2007 ਵਿੱਚ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ ਤੋਂ ਟਿਕਟ ਦੇ ਦਿੱਤੀ। ਜਿਸ ਕਾਰਨ ਉਨ੍ਹਾਂ ਕਾਂਗਰਸ ਨੂੰ ਅਲਵਿਦਾ ਆਖ ਦਿੱਤੀ। ਉਹ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਵਿੱਚ ਸਾਲ 2010 ਤੋਂ 2012 ਤੱਕ ਵੀ ਸਰਗਰਮ ਰਹੇ ਅਤੇ ਮੁਹਾਲੀ ਤੋਂ ਚੋਣ ਲੜੀ। ਸਾਲ 2008 ਤੋਂ 2010 ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਲੇਕਿਨ ਇੱਥੇ ਉਨ੍ਹਾਂ ਨੂੰ ਲੋੜੀਂਦਾ ਮਾਣ ਸਨਮਾਨ ਨਹੀਂ ਮਿਲਿਆ।
ਬਾਦਲ ਪਰਿਵਾਰ ਖ਼ਿਲਾਫ਼ ਵਿਰੋਧੀ ਸੁਰਾਂ ਉੱਠਣ ਕਾਰਨ ਉਹ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ। ਇੱਥੇ ਉਹ 5 ਫਰਵਰੀ 2019 ਤੋਂ 20 ਜੁਲਾਈ 2020 ਤੱਕ ਰਹੇ। ਇਸ ਦੌਰਾਨ ਬਾਦਲ ਪਰਿਵਾਰ ਖ਼ਿਲਾਫ਼ ਬਗਾਵਤ ਕਰਨ ਵਾਲੇ ਸੀਨੀਅਰ ਆਗੂਆਂ ਦੇ ਇੱਕ ਵੱਡੇ ਗਰੁੱਪ ਨੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ 20 ਜੁਲਾਈ 2010 ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਜਾ ਰਲੇ। ਹੁਣ ਕਾਫ਼ੀ ਸਮੇਂ ਢਿੱਲੇ ਮੱਠੇ ਹੋਣ ਕਾਰਨ ਉਹ ਰਾਜਨੀਤੀ ਵਿੱਚ ਬਹੁਤੇ ਸਰਗਰਮ ਨਹੀਂ ਸਨ। ਉਂਜ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਹ ਆਪਣੇ ਪੁਰਾਣੇ ਵਿਧਾਨ ਸਭਾ ਹਲਕਾ ਖਰੜ ਵਿੱਚ ਸਰਗਰਮ ਹੋ ਗਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਫ਼ੀ ਨਜ਼ਦੀਕੀ ਹੋਣ ਕਾਰਨ ਉਨ੍ਹਾਂ ਨੂੰ ਖਰੜ ਤੋਂ ਉਮੀਦਵਾਰ ਬਣਾਉਣ ਦੇ ਚਰਚੇ ਸ਼ੁਰੂ ਹੋ ਗਏ। ਲੇਕਿਨ ਇਸ ਦੌਰਾਨ ਅਚਾਨਕ ਉਨ੍ਹਾਂ ਦੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਕਾਫ਼ੀ ਦਿਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਰਹਿਣਾ ਪਿਆ। ਜਿਸ ਕਾਰਨ ਉਹ ਚੋਣ ਨਹੀਂ ਲੜ ਸਕੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …