Nabaz-e-punjab.com

ਬੀਰਦਵਿੰਦਰ ਸਿੰਘ ਨੇ ਢੀਂਡਸਾ, ਬ੍ਰਹਮਪੁਰਾ, ਕਿਸਾਨ ਜਥੇਬੰਦੀਆਂ ’ਤੇ ਕੱਢੀ ਭੜਾਸ, ਪੜ੍ਹੋ ਪੂਰੀ ਰਿਪੋਰਟ

ਬੀਰ ਦਵਿੰਦਰ ਸਿੰਘ ਨੇ ਢੀਂਡਸਾ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਪਹਿਲਾਂ ਤਾਂ ਕਿਸਾਨ ਕਹਿੰਦੇ ਸੀ ਕਿਸਾਨ ਅੰਦੋਲਨ ਗੈਰ ਸਿਆਸੀ ਹੈ ਹੁਣ ਖ਼ੁਦ ਹੀ ਵੋਟਾਂ ਮੰਗਣ ਤੁਰ ਪਏ

ਜੇ ਸਿਆਸਤ ਦਾ ਏਨਾ ਹੀ ਚਾਅ ਸੀ ਫਿਰ ਸਿਆਸਤ ਤੋਂ ਕਿਨਾਰਾਕਸ਼ੀ ਦਾ ਪਾਖੰਡ ਕਿਉਂ ਕਰਦੇ ਰਹੇ ਕਿਸਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅੱਜ ਆਪਣੀ ਚੁੱਪੀ ਤੋੜਦਿਆਂ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ, ਇਨ੍ਹਾਂ ਦੋਵਾਂ ਚੌਧਰੀਆਂ ਨੇ ਭਾਜਪਾ ਅਤੇ ਬਾਦਲ ਟੱਬਰ ਕੋਲ ਪੰਥ ਅਤੇ ਪੰਜਾਬ ਨੂੰ ਵੇਚ ਦਿੱਤਾ ਹੈ। ਇਸ ਲਈ ਹੁਣ ਉਨ੍ਹਾਂ ਦਾ ਉੱਥੇ ਅਕਾਲੀ ਦਲ (ਸੰਯੁਕਤ) ਵਿੱਚ ਬੈਠੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ।
ਅੱਜ ਇੱਥੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਢੀਂਡਸਾ ਅਤੇ ਬ੍ਰਹਮਪੁਰਾ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਵਿਸ਼ਵਾਸਘਾਤ ਕੀਤਾ ਹੈ, ਉੱਥੇ ਕੁੱਝ ਕਿਸਾਨ ਜਥੇਬੰਦੀਆਂ ਦੇ ਚੌਧਰੀ ਬਣੇ ਆਗੂਆਂ ਨੇ ਵੀ ਪੰਜਾਬ ਦੇ ਲੋਕਾਂ ਨਾਲ ਸਿਰੇ ਦਾ ਵਿਸ਼ਵਾਸਘਾਤ ਕੀਤਾ ਹੈ। ਜਿੰਨੀ ਦੇਰ ਤੱਕ ਕਿਸਾਨ ਅੰਦੋਲਨ ਚਲਦਾ ਰਿਹਾ। ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਅਤੇ ਕਿਸਾਨਾਂ ਨੂੰ ਤਕੜਾ ਕਰਨ ਲਈ ਉਨ੍ਹਾਂ ਦੀ ਮਦਦ ਕੀਤੀ। ਉਦੋਂ ਕਿਸਾਨ ਜਥੇਬੰਦੀਆਂ ਨੇ ‘ਸਾਡੇ ਮੰਚ ’ਤੇ ਨਾ ਚੜਿਓ’ ਕਹਿ ਕੇ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਤੋਂ ਬੋਲਣ ਤੱਕ ਨਹੀਂ ਸੀ ਦਿੱਤਾ ਅਤੇ ਆਖਦੇ ਸੀ ਕਿ ਸਾਡਾ ਅੰਦੋਲਨ ਸਿਆਸੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਦੁਨੀਆ ਭਰ ਵਿੱਚ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਡਟਵੀਂ ਮਦਦ ਕੀਤੀ ਜਾਵੇ। ਉਨ੍ਹਾਂ ਪੱਲਾ ਅੱਡ ਕੇ ਇਹ ਅਪੀਲ ਕੀਤੀ ਕਿ ਪੰਜਾਬ ਅਤੇ ਕਿਸਾਨਾਂ ਦੀ ਇੱਜ਼ਤ ਦਾ ਸਵਾਲ ਹੈ ਅਤੇ ਕਿਸਾਨੀ ਦੇ ਬੁਨਿਆਦੀ ਧੰਦੇ ਨੂੰ ਬਚਾਉਣ ਦਾ ਸਵਾਲ ਹੈ। ਇਹੀ ਨਹੀਂ ਉਨ੍ਹਾਂ ਨੇ ਸਿੱਖ ਕਦਰਾਂ-ਕੀਮਤਾਂ ਅਤੇ ਖਾਲਸਾ ਪੰਥ ਦੀਆਂ ਸ਼ਾਨਦਾਰ ਰਵਾਇਤਾਂ ਦਾ ਵਾਸਤਾ ਦਿੱਤਾ ਪ੍ਰੰਤੂ ਹੁਣ ਇਨ੍ਹਾਂ (ਕੁੱਝ ਕਿਸਾਨ ਜਥੇਬੰਦੀਆਂ) ਨੇ ਖ਼ੁਦ ਹੀ ਕੁਰਬਾਨੀ ਦੀ ਭਾਵਨਾ ਸੱਚ ਨੂੰ ਪਿੱਠ ਦੇ ਕੇ ਸਾਰਾ ਕੁੱਝ ਮਲੀਆ ਮੇਟ ਕਰਕੇ ਰੱਖ ਦਿੱਤਾ ਹੈ।
ਬੀਰਦਵਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਸਵਾਲ ਕੀਤਾ ਕਿ ਜੇ ਸਿਆਸਤ ਦਾ ਏਨਾ ਹੀ ਚਾਅ ਸੀ, ਫਿਰ ਸਿਆਸਤ ਤੋਂ ਕਿਨਾਰਾਕਸ਼ੀ ਦਾ ਪਾਖੰਡ ਕਿਉਂ ਕਰ ਰਹੇ ਸਨ? ਹੁਣ ਕਿਸਾਨ ਆਗੂਆਂ ’ਤੇ ਉਸੇ ਹੀ ਸੱਤਾ ਦੀ ਸਿਆਸਤ ਦਾ ਸਿਆਸੀ ਰੰਗ ਕਿਉਂ ਚੜ੍ਹਨਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਉਹ ਕਿਸਾਨੀ ਅੰਦੋਲਨ ਦੇ 750 ਸ਼ਹੀਦਾਂ ਦੇ ਬਲਦੇ ਸਿਵਿਆਂ ਦੇ ਸੇਕ ’ਚੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਨੂੰ ਫਿਰਦੇ ਹਨ ਅਤੇ ‘ਕੁਰਸੀਆਂ’ ਦੇ ਲੋਭੀ ਬਣੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤਕ ਅਫ਼ਰਾ-ਤਫਰੀ ਦੇ ਮਾਹੌਲ ਵਿੱਚ ਸੱਤਾ ਦੇ ਦਲਾਲ, ਧਾੜਵੀਆਂ ਵਾਂਗ ਪੰਜਾਬ ਨੂੰ ਲੁੱਟਣ ਲਈ, ਹਾਬੜੇ ਫਿਰਦੇ ਹਨ। ਇਸ ਬੇਯਕੀਨੀ ਦੇ ਵਾਤਾਵਰਨ ਵਿੱਚ ਪੰਜਾਬ ਦੇ ਆਮ ਲੋਕਾਂ ਦੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਜ਼ੁਬਾਨ ਤੋਂ ਪਿੱਛੇ ਹਟਣ ਵਾਲੇ ਲੋਕਾਂ ਨੂੰ ਬੂਰੀ ਤਰ੍ਹਾਂ ਨਕਾਰ ਕੇ ਉਨ੍ਹਾਂ ਨੂੰ ਫਰਜ਼ਾਂ ਪ੍ਰਤੀ ਸੁਚੇਤ ਕਰਨ ਦਾ ਬੀੜਾ ਚੁੱਕਣ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਵੋਟਾਂ ਮੰਗਣ ਆਉਣ ’ਤੇ ਉਨ੍ਹਾਂ ਪਾਸੋਂ ਉਕਤ ਸਵਾਲਾਂ ਦੇ ਜਵਾਬ ਜ਼ਰੂਰ ਮੰਗਣ ਦੀ ਹਿੰਮਤ ਦਿਖਾਉਣ। ਉਨ੍ਹਾਂ ਕਿਹਾ ਕਿ ਉਹ ਬਹੁਤ ਛੇਤੀ ਸਿਹਤਯਾਬ ਹੋ ਕੇ ਲੋਕਾਂ ਵਿੱਚ ਆਪਣੀ ਗੱਲ ਰੱਖਣਗੇ ਅਤੇ ਪੰਜਾਬ ਦੇ ਲੋਕਾਂ ਦੇ ਵਡੇਰੇ ਹਿੱਤਾਂ ’ਤੇ ਪਹਿਰਾ ਦੇਣ ਦੀ ਪੂਰੀ ਵਾਹ ਲਾਉਣਗੇ।

Load More Related Articles
Load More By Nabaz-e-Punjab
Load More In Agriculture & Forrest

Check Also

Punjab to host Punjab Arena Polo Challenge Cup during Holla Mohalla celebrations in Sri Anandpur Sahib, Says S. Kultar Singh Sandhwan

Punjab to host Punjab Arena Polo Challenge Cup during Holla Mohalla celebrations in Sri An…