Nabaz-e-punjab.com

ਬੀਰਦਵਿੰਦਰ ਸਿੰਘ ਨੇ ਸਵੇਰੇ ਘਰ ਬੈਠ ਕੇ ਰਣਨੀਤੀ ਘੜੀ, ਪਿੰਡਾਂ ਵਿੱਚ ਘਰ ਘਰ ਜਾ ਕੇ ਵੋਟਰਾਂ ਨੂੰ ਮਿਲੇ

ਪਿੰਡ ਦਾਊਂ ਦੇ ਲੋਕਾਂ ਨੇ ਖ਼ੁਦ ਬੀਰਦਵਿੰਦਰ ਸਿੰਘ ਨੂੰ ਸੱਥ ਵਿੱਚ ਸੱਦ ਕੇ ਸਿਰੋਪਾਓ ਦੇ ਕੇ ਦਿੱਤਾ ਸਮਰਥਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਚੋਣ ਖ਼ਤਮ ਹੋਣ ਤੋਂ ਬਾਅਦ ਨੇੜਲੇ ਪਿੰਡਾਂ ਵਿੱਚ ਘਰ ਘਰ ਜਾ ਕੇ ਵੋਟਰਾਂ ਨਾਲ ਤਾਲਮੇਲ ਕੀਤਾ। ਇਸ ਦੌਰਾਨ ਅੱਜ ਸਵੇਰੇ ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਵਿੱਚ ਕੁਝ ਲੋਕਾਂ ਨੇ ਖ਼ੁਦ ਬੀਰਦਵਿੰਦਰ ਸਿੰਘ ਨੂੰ ਸੱਦ ਕੇ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਤੋਂ ਪਹਿਲਾਂ ਬੀਰਦਵਿੰਦਰ ਸਿੰਘ ਨੇ ਮੁਹਾਲੀ ਸਥਿਤ ਆਪਣੇ ਨਿਵਾਸ ’ਤੇ ਪਾਰਟੀ ਦੇ ਸਰਗਰਮ ਆਗੂਆਂ ਅਤੇ ਸਮਰਥਕਾਂ ਨਾਲ ਚੋਣਾਂ ਸਬੰਧੀ ਚਰਚਾ ਕਰਦਿਆਂ ਪੋਲਿੰਗ ਬੂਥਾਂ ’ਤੇ ਪਹਿਰਾ ਦੇਣ ਲਈ ਰਣਨੀਤੀ ਘੜੀ ਅਤੇ ਪੋਲਿੰਗ ਏਜੰਟਾਂ ਨੂੰ ਮਤਦਾਨ ਦੌਰਾਨ ਸਾਵਧਾਨ ਰਹਿਣ ਲਈ ਪ੍ਰੇਰਿਆ। ਉਨ੍ਹਾਂ ਆਪਣੇ ਸਮਰਥਕਾਂ ਅਤੇ ਵਰਕਰਾਂ ਨੂੰ ਨਿਯਮਾਂ ਦਾ ਪਾਠ ਪੜਾਉਂਦਿਆਂ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਦਾ ਪਾਲਣਾ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।
ਦੱਸਣਯੋਗ ਹੈ ਕਿ ਅਕਾਲੀ ਸੰਸਦ ਮੈਂਬਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੂੰ ਆਦਰਸ਼ ਗਰਾਮ ਅਧੀਨ ਗੋਦ ਲਿਆ ਸੀ ਲੇਕਿਨ ਮੌਜੂਦਾ ਸਮੇਂ ਵਿੱਚ ਪਿੰਡ ਵਾਸੀ ਨਰਕ ਭੋਗਣ ਲਈ ਮਜਬੂਰ ਹਨ। ਇਹੀ ਨਹੀਂ ਪਿਛਲੇ ਢਾਈ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਵੀ ਦਾਊਂ ਪਿੰਡ ਦੀ ਕੋਈ ਸਾਰ ਨਹੀਂ ਲਈ। ਹਰੇਕ ਐਤਵਾਰ ਅਤੇ ਸੰਗਰਾਂਦ ਨੂੰ ਇੱਥੇ ਧਾਰਮਿਕ ਅਸਥਾਨ ’ਤੇ ਮੇਲਾ ਭਰਦਾ ਹੈ ਅਤੇ ਪੰਜਾਬ ਸਮੇਤ ਗੁਆਂਢੀ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਦਾਊਂ ਸਾਹਿਬ ਨਤਮਸਤਕ ਹੋਣ ਆਉਂਦੀ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਸਾਥੀਆਂ ਨੇ ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਅਤੇ ਕਲੋਨੀਆਂ ਵਿੱਚ ਪਹਿਰੇਦਾਰੀ ਅਤੇ ਲੋਕਾਂ ਦੀ ਲਾਮਬੰਦੀ ਦਾ ਮੋਰਚਾ ਸੰਭਾਲਣ ਦੀ ਜ਼ਿੰਮੇਵਾਰੀ ਲਈ। ਇੰਝ ਹੀ ਸਾਬਕਾ ਅਕਾਲੀ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਯੂਥ ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਸਾਹਿਬ ਸਿੰਘ ਬਡਾਲੀ ਨੇ ਖਰੜ, ਮਾਜਰੀ, ਮੁੱਲਾਂਪੁਰ ਗਰੀਬਦਾਸ, ਨਵਾਂ ਸ਼ਹਿਰ, ਮੋਰਿੰਡਾ, ਘੜੂੰਆਂ ਕਾਨੂੰਗੋਈ ਦੇ ਪਿੰਡਾਂ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…