ਬਰਡ ਫਲੂ: ਮੁਹਾਲੀ ਜ਼ਿਲ੍ਹੇ ਵਿੱਚ ਪੰਛੀਆਂ ਦੀ ਕਲਿੰਗ ਮੁਹਿੰਮ ਸਮਾਪਤ

ਪ੍ਰਭਾਵਿਤ ਪੋਲਟਰੀ ਫਾਰਮਾਂ ਦੀ ਮੋਪਿੰਗ ਤੇ ਸੈਨੇਟਾਈਜੇਸ਼ਨ ਮੁਕੰਮਲ: ਡੀਸੀ ਗਿਰੀਸ਼ ਦਿਆਲਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
‘‘ਪੰਛੀਆਂ ਦੀ ਕਲਿੰਗ ਸਬੰਧੀ ਤਿੰਨ ਹਫ਼ਤਿਆਂ ਦੇ ਵਿਆਪਕ ਉਪਾਵਾਂ ਤੋਂ ਬਾਅਦ ਜ਼ਿਲ੍ਹੇ ਵਿੱਚ ਏਵੀਅਨ ਫਲੂ ਦੇ ਫੈਲਾਅ ਸਬੰਧੀ ਖ਼ਤਰੇ ਨਾਲ ਸਫਲਤਾ ਪੂਰਵਕ ਨਜਿੱਠਿਆ ਗਿਆ ਹੈ।’’ ਅੱਜ ਇੱਥੇ ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਕਿਹਾ ਕਿ 21 ਜਨਵਰੀ ਨੂੰ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਸ਼ਾਸਨ ਹਾਈ ਅਲਰਟ ’ਤੇ ਰਿਹਾ। ਇਸ ਸਬੰਧੀ ਪੰਜ-ਪੰਜ ਮੈਂਬਰਾਂ ਵਾਲੀਆਂ 25 ਰੈਪਿਡ ਰਿਸਪਾਂਸ ਟੀਮਾਂ ਨੂੰ ਤੁਰੰਤ ਕਾਰਵਾਈ ਲਈ ਤਾਇਨਾਤ ਕੀਤਾ ਗਿਆ ਸੀ।
ਪਿੰਡ ਬਹੇੜਾ ਵਿਖੇ ਪ੍ਰਭਾਵਿਤ ਫਾਰਮ ਅਲਫਾ, ਰਾਇਲ ਅਤੇ ਐਵਰਗ੍ਰੀਨ ਵਿਚ 22 ਜਨਵਰੀ ਨੂੰ ਕਲਿੰਗ ਦੀ ਸ਼ੁਰੂਆਤ ਕੀਤੀ ਗਈ ਅਤੇ 29 ਜਨਵਰੀ ਤੱਕ ਇਨ੍ਹਾਂ ਫਾਰਮਾਂ ’ਚੋਂ ਲਗਭਗ 84505 ਪੰਛੀਆਂ ਦੀ ਕਲਿੰਗ ਕੀਤੀ ਗਈ। ਇਸ ਤੋਂ ਬਾਅਦ, 2760 ਅੰਡੇ ਅਤੇ 128850 ਕਿੱਲੋਗ੍ਰਾਮ ਫੀਡ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਉਪਰੰਤ ਮੋਪਿੰਗ ਸ਼ੁਰੂ ਕੀਤੀ ਗਈ ਜੋ ਤਕਰੀਬਨ ਦਸ ਦਿਨ ਤੱਕ ਚੱਲੀ। ਇਸ ਤੋਂ ਬਾਅਦ ਵੱਡੇ ਪੱਧਰ ’ਤੇ ਸੈਨੀਟਾਈਜੇਸ਼ਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਸਬੰਧਤ ਫਾਰਮਾਂ ਨੂੰ ਸੈਨੇਟਾਈਜੇਸ਼ਨ ਸਬੰਧੀ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਹਨ ਅਤੇ ਕਲਿੰਗ ਮੁਹਿੰਮ ਮੁਕੰਮਲ ਹੋ ਗਈ ਹੈ।
ਜ਼ਿਲ੍ਹੇ ਦੇ ਏਵੀਅਨ ਇਨਫਲੂਐਂਜ਼ਾ ਤੋਂ ਮੁਕਤ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਦਿਆਲਨ ਨੇ ਕਿਹਾ, ‘‘ਫਿਲਹਾਲ ਖ਼ਤਰਾ ਨਹੀਂ ਰਿਹਾ ਪਰ ਅਧਿਕਾਰਤ ਤੌਰ ’ਤੇ ਜ਼ੋਨ ਨੂੰ ਬਰਡ ਫਲੂ ਮੁਕਤ ਘੋਸ਼ਿਤ ਕਰਨ ਲਈ ਅਜੇ ਵੀ ਕੁਝ ਸਮਾਂ ਉਡੀਕ ਕਰਨੀ ਪਵੇਗੀ।’’ ਜ਼ੋਨ ਨੂੰ ਬਰਡ ਫਲੂ ਤੋਂ ਮੁਕਤ ਕਰਨ ਲਈ, ਇਹ ਲਾਜ਼ਮੀ ਹੈ ਕਿ ਕਲਿੰਗ, ਮੋਪਿੰਗ ਅਤੇ ਸੈਨੀਟਾਈਜ਼ੇਸ਼ਨ ਤੋਂ ਬਾਅਦ, ਪ੍ਰਭਾਵਿਤ ਕੇਂਦਰ ਦੇ 10 ਕਿੱਲੋਮੀਟਰ ਦੇ ਘੇਰੇ ਦੀ ਨੇੜਿਓਂ ਜਾਂਚ ਕੀਤੀ ਜਾਣੀ ਹੈ। ਇਸ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਜਾਣਾ ਹੈ ਅਤੇ ਹਰੇਕ ਜ਼ੋਨ ਤੋਂ ਦੋ ਮਹੀਨਿਆਂ ਹਰ ਪੰਦਰਵਾੜੇ ਨਮੂਨੇ ਲੈਣੇ ਅਤੇ ਟੈਸਟ ਕੀਤੇ ਜਾਣੇ ਹਨ। ਜੇਕਰ ਪਾਜੇਟਿਵ ਨਮੂਨੇ ਸਾਹਮਣੇ ਨਹੀਂ ਆਉਂਦੇ ਤਾਂ ਹੀ ਖੇਤਰ ਨੂੰ ਬਰਡ ਫਲੂ ਮੁਕਤ ਘੋਸ਼ਿਤ ਕੀਤਾ ਜਾਵੇਗਾ। ਇਸ ਦੌਰਾਨ, ਜਿਹਨਾਂ ਫਾਰਮਾਂ ਵਿੱਚ ਕਲਿੰਗ ਕੀਤੀ ਗਈ ਹੈ, ਉੱਥੇ ਵਿੱਚ ਤਿੰਨ ਮਹੀਨਿਆਂ ਲਈ ਹਰ 15 ਦਿਨਾਂ ਬਾਅਦ ਫਾਰਮਲਿਨ ਸਪਰੇਅ ਕੀਤਾ ਜਾਵੇਗਾ। ਇਸ ਉਪਰੰਤ ਉਹ ਕਾਰੋਬਾਰ ਦੁਬਾਰਾ ਸ਼ੁਰੂ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…