
ਬਰਡ ਫਲੂ: ਨਿਗਰਾਨੀ ਵਧਾਉਣ ਲਈ ਜਲੰਧਰ ਵਿੱਚ ਕੋਵਿਡ-19 ਟੈਸਟਿੰਗ ਆਰਜ਼ੀ ਤੌਰ ’ਤੇ ਮੁਲਤਵੀ ਕੀਤੀ: ਸਿੱਧੂ
ਬਰਡ ਫਲੂ ਦੇ ਮੱਦੇਨਜ਼ਰ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ: ਹੁਸ਼ਨ ਲਾਲ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜਨਵਰੀ:
ਏਵੀਅਨ ਇਨਫਲੂਐਨਜ਼ਾ (ਬਰਡ ਫਲੂ) ਸਬੰਧੀ ਨਿਗਰਾਨੀ ਵਧਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਜਿਹੇ ਸ਼ੱਕੀ ਮਾਮਲਿਆਂ ਦੀ ਜਾਂਚ, ਪਸ਼ੂ ਪਾਲਣ ਵਿਭਾਗ ਦੀ ਰੀਜ਼ਨਲ ਡਿਸੀਜ਼ ਡਾਇਗਨੋਸਟਿਕ ਲੈਬਾਟਰੀ (ਆਰਡੀਡੀਐਲ), ਜਲੰਧਰ ਵਿਖੇ ਕਰਨ ਦਾ ਫੈਸਲਾ ਲਿਆ ਹੈ ਜਿੱਥੇ ਪਹਿਲਾਂ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਰਡ ਫਲੂ ਲਈ ਟੈਸਟਿੰਗ ਵਧਾਉਣ ਵਾਸਤੇ ਆਰਡੀਡੀਐੱਲ ਵਿਖੇ ਕੋਵਿਡ-19 ਟੈਸਟਿੰਗ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤੀ ਗਈ ਹੈ ਕਿਉਂ ਜੋ ਇੱਕ ਘੰਟੇ ਦੀ ਦੂਰੀ ’ਤੇ ਕੋਵਿਡ-19 ਟੈਸਟਿੰਗ ਦੀ ਢੁਕਵੀਂ ਸਮਰੱਥਾ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਬਰਡ ਫਲੂ ਦਾ ਖ਼ਤਰਾ ਟਲਣ ਉਪਰੰਤ ਆਰਡੀਡੀਐਲ ਵਿਖੇ ਕੋਵਿਡ-19 ਟੈਸਟਿੰਗ ਮੁੜ ਸ਼ੁਰੂ ਹੋ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਰਡੀਡੀਐਲ ਦੇ ਬੈਕਲਾਗ ਵਿੱਚ ਟੈਸਟਿੰਗ ਲਈ ਇੱਕ ਵੀ ਨਮੂਨਾ ਲੰਬਿਤ ਨਹੀਂ ਹੈ।
ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਬਰਡ ਫਲੂ ਫੈਲਣ ਦੇ ਮੱਦੇਨਜ਼ਰ ਇਸ ਸਬੰਧੀ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨਾਂ ਨੂੰ ਪੋਲਟਰੀ/ਪਰਵਾਸੀ ਪੰਛੀਆਂ ਆਦਿ ਦੀ ਕਿਸੇ ਵੀ ਅਸਾਧਾਰਣ ਮੌਤ ਦੀ ਜਾਣਕਾਰੀ ਲਈ ਆਪਣੇ ਸਬੰਧਤ ਜ਼ਿਲਿਆਂ ਵਿੱਚ ਪਸ਼ੂ ਪਾਲਣ ਵਿਭਾਗ ਨਾਲ ਬਾਕਾਇਦਾ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਖੇਤਰ ਵਿੱਚ ਵੈੱਟਲੈਂਡਜ਼ ਦੀ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸ਼ੱਕੀ ਮਨੁੱਖੀ ਕੇਸ ਸਾਹਮਣੇ ਆਉਂਦਾ ਹੈ ਤਾਂ ਹੋਰ ਮਾਮਲਿਆਂ ਦਾ ਪਤਾ ਲਗਾਉਣ ਲਈ ਪ੍ਰਭਾਵਿਤ ਖੇਤਰ ਵਿੱਚ ਮਹਾਂਮਾਰੀ ਐਪੀਡੈਮੀਓਲੋਜੀਕਲ (ਮਹਾਮਾਰੀ ਵਿਗਿਆਨ) ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ।
ਵੱਖ-ਵੱਖ ਲੈਬਾਂ ਵਿੱਚ ਕੀਤੇ ਜਾ ਰਹੇ ਟੈਸਟਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ਵਿਖੇ ਕੋਵਿਡ-19 ਟੈਸਟਿੰਗ ਸਮਰੱਥਾ 7000 (ਕੁੱਲ 21000) ਹੈ। ਗਡਵਾਸੂ, ਪੀ.ਬੀ.ਟੀ.ਆਈ. ਅਤੇ ਐਫ.ਐਸ.ਐਲ. ਦੀ ਟੈਸਟਿੰਗ ਸਮਰੱਥਾ ਕ੍ਰਮਵਾਰ 1600, 1500 ਅਤੇ 1000 ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਕਈ ਨਿੱਜੀ ਲੈਬਾਟਰੀਆਂ ਵੱਲੋਂ ਕੋਵਿਡ-19 ਟੈਸਟਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਸਮੇਂ ਰਾਜ ਦੀ ਟੈਸਟਿੰਗ ਸਮਰੱਥਾ 25 ਹਜ਼ਾਰ ਤੋਂ 30 ਹਜ਼ਾਰ ਪ੍ਰਤੀ ਦਿਨ ਹੈ।
ਸ੍ਰੀ ਹੁਸਨ ਲਾਲ ਨੇ ਅੱਗੇ ਕਿਹਾ ਕਿ ਫਰੀਦਕੋਟ ਵਿੱਚ ਕੋਵੀਡ-19 ਟੈਸਟਿੰਗ ਸਮਰੱਥਾ ਲੋੜ ਤੋਂ ਵੀ ਜ਼ਿਆਦਾ ਹੈੈ ਅਤੇ ਇੱਥੇ ਕੋਈ ਬੈਕਲਾਗ ਨਹੀਂ ਹੈ। ਆਰ.ਡੀ.ਡੀ.ਐਲ. ਅਤੇ ਫਰੀਦਕੋਟ ਸਮੇਤ ਸਾਰੀਆਂ ਲੈਬਾਂ 24 ਘੰਟਿਆਂ ਅੰਦਰ ਟੈਸਟ ਦੇ ਨਤੀਜੇ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾ ਕੋਵਿਡ -19 ਟੈਸਟਿੰਗ ਲਈ ਆਰ.ਡੀ.ਡੀ.ਐਲ. ਦੇ ਕਾਰਜਸ਼ੀਲ ਹੋਣ ਤੋਂ ਪਹਿਲਾਂ, ਨਮੂਨੇ ਜਲੰਧਰ ਤੋਂ ਫਰੀਦਕੋਟ ਲੈਬ ਵਿਚ ਹੀ ਭੇਜੇ ਜਾਂਦੇ ਸਨ।
ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਏਵੀਅਨ ਬਰਡ ਫਲੂ ਦੇ ਫੈਲਾਅ ਕਾਰਨ ਸਾਰੇ ਰਾਜ ਨੂੰ ਕੰਟਰੋਲਡ ਏਰੀਆ ਐਲਾਨ ਦਿੱਤਾ ਹੈ ਅਤੇ ਤੁਰੰਤ ਪ੍ਰਭਾਵ ਨਾਲ 15 ਜਨਵਰੀ 2021 ਤੱਕ ਪੰਜਾਬ ਵਿੱਚ ਪੋਲਟਰੀ ਤੇ ਪ੍ਰੋਸੈਸਡ ਨਾ ਕੀਤੇ ਗਏ ਪੋਲਟਰੀ ਮੀਟ ਸਮੇਤ ਜੀਵਤ ਪੰਛੀਆਂ ਦੀ ਦਰਾਮਦ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।