ਬੀਰਦਵਿੰਦਰ ਨੇ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਬਰੀ ਕੀਤੇ ਜਾਣ ’ਤੇ ਦਿੱਤੀ ਵਧਾਈ

ਲੋਕਾਂ ਦਾ ਨਿਆਂ ਪ੍ਰਣਾਲੀ ਵਿੱਚ ਭਰੋਸਾ ਵਧਿਆ, ਗੰਧਲੀ ਸਿਆਸਤ ਤੋਂ ਪੀੜਤ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਪੰਜਾਬ ਦੇ ਸਥਾਨਕ ਸਰਕਾਰਾਂ, ਸਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਇੱਕ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਬਰੀ ਕੀਤੇ ਜਾਣ ’ਤੇ ਵਧਾਈ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉੱਚ ਅਦਾਲਤ ਦੇ ਇਸ ਫੈਸਲੇ ਨਾਲ ਉਹ ਸਾਰੇ ਲੋਕ ਪ੍ਰਸੰਨ ਹੋਏ ਹਨ ਜੋ ਪੰਜਾਬ ਸਮੇਤ ਸਮੁੱਚੇ ਭਾਰਤ ਨੂੰ ਗੰਧਲੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਦੇਖਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਫੈਸਲਾ ਸਿੱਧੂ ਦੇ ਖ਼ਿਲਾਫ਼ ਹੁੰਦਾ ਤਾਂ ਅੱਜ ਪੰਜਾਬ ਕੈਬਨਿਟ ’ਚੋਂ ਇੱਕ ਇਮਾਨਦਾਰ ਮੰਤਰੀ ਮਨਫ਼ੀ ਹੋ ਜਾਣਾ ਸੀ। ਇਸ ਨਾਲ ਉਹ ਸਾਰੀਆਂ ਤਾਕਤਾਂ ਕਮਜ਼ੋਰ ਹੋ ਜਾਂਦੀਆਂ, ਜਿਹੜੀਆਂ ਇਮਾਨਦਾਰ ਪ੍ਰਸ਼ਾਸਨ ਦੀਆਂ ਮੁੱਦਈ ਹਨ।
ਅੱਜ ਇੱਥੇ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਮਾਮਲੇ ਵਿੱਚ ਇਹ ਚੰਗਾ ਫੈਸਲਾ ਆਇਆ ਹੈ। ਇਸ ਨਾਲ ਆਮ ਲੋਕਾਂ ਦਾ ਨਿਆਂ ਪ੍ਰਣਾਲੀ ਵਿੱਚ ਭਰੋਸਾ ਵਧਿਆ ਹੈ ਅਤੇ ਭਵਿੱਖ ਵਿੱਚ ਗੰਧਲੀ ਸਿਆਸਤ ਤੋਂ ਪੀੜਤ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ ਅਤੇ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਵੇਲੇ ਪੰਜਾਬ ਕੈਬਨਿਟ ਵਿੱਚ ਬੈਠ ਕੇ ਸ੍ਰੀ ਨਵਜੋਤ ਸਿੱਧੂ ਦੀ ਆਵਾਜ਼ ਇਕੱਲੀ ਜਾਪਦੀ ਹੈ ਪ੍ਰੰਤੂ ਆਸ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਸਿੱਧੂ ਦੇ ਸਾਥੀ ਮੰਤਰੀ ਵੀ ਉਨ੍ਹਾਂ ਦਾ ਸਾਥ ਦੇਣਗੇ ਤਾਂ ਜੋ ਪ੍ਰਸ਼ਾਸਨ ਵਿੱਚ ਸਿਆਸੀ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਫੈਸਲੇ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਦੱਸਦਿਆਂ ਕਿਹਾ ਕਿ ਅਦਾਲਤ ਦੇ ਇਸ ਨਿਰਣੇ ਨਾਲ ਸਿੱਧੂ ਦੇ ਹੱਥ ਮਜ਼ਬੂਤ ਹੋਣਗੇ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਉੱਚ ਅਦਾਲਤ ਦੇ ਫੈਸਲਾ ਤੋਂ ਬਾਅਦ ਹੁਣ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੱਤਾ ਦਾ ਦੁਰਪ੍ਰਯੋਗ ਕਰਕੇ ਅਤੇ ਪੈਸੇ ਦੇ ਬਲਬੂਤੇ ’ਤੇ ਕਿਸੇ ਇਮਾਨਦਾਰ ਅਤੇ ਇਨਸਾਫ਼ ਪ੍ਰਸੰਦ ਵਿਅਕਤੀ ਨੂੰ ਝੂਠੇ ਕੇਸ ਵਿੱਚ ਨਹੀਂ ਫਸਾਇਆ ਜਾ ਸਕਦਾ ਹੈ ਕਿਉਂਕਿ ਜਿੱਥੇ ਹਮੇਸ਼ਾ ਸਚਾਈ ਦੀ ਜਿੱਤ ਹੁੰਦੀ ਹੈ, ਉੱਥੇ ਪ੍ਰਮਾਤਮਾ ਵੀ ਉਸ (ਪੀੜਤ) ਦਾ ਸਹਾਈ ਹੁੰਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…