Nabaz-e-punjab.com

ਬੀਰਦਵਿੰਦਰ ਸਿੰਘ ਨੇ ਕਿਹੜੀ ਗੱਲੋਂ ਕੀਤੀ ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ

ਬੀਰਦਵਿੰਦਰ ਵੱਲੋਂ ਭਾਜਪਾ ਵਿਧਾਇਕ ’ਤੇ ਹੋਏ ਅਪਮਾਨਜਨਕ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਬੀਰਦਵਿੰਦਰ ਸਿੰਘ ਨੇ ਬੀਤੇ ਦਿਨੀਂ ਮਲੋਟ ਵਿਖੇ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਉੱਤੇ ਹੋਏ ਅਪਮਾਨਜਨਕ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸ਼ਰਮਨਾਕ ਘਟਨਾ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਮਹਿਸੂਸ ਕਰਦਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਨਿਜ਼ਾਮ ਬਿਲਕੁਲ ਢਹਿ-ਢੇਰੀ ਹੋ ਕੇ ਰਹਿ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਸਰੇ-ਬਾਜ਼ਾਰ ਨਿਰਵਸਤਰ ਕਰ ਦੇਣਾ ਅਤੇ ਫਿਰ ਉਸ ਦੀ ਪੁਲੀਸ ਦੀ ਮੌਜੂਦਗੀ ਵਿੱਚ ਖਿੱਲੀ ਉਡਾਉਣਾ ਕਿੱਥੋਂ ਦੀ ਸ਼ਰਾਫ਼ਤ ਹੈ।
ਸਾਬਕਾ ਡਿਪਟੀ ਸਪੀਕਰ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕਾਂਗਰਸ ਦੇ ਸ਼ਾਸਨ ਵਿੱਚ ਆਖਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਕੌਣ ਜ਼ਿੰਮੇਵਾਰ ਹੈ? ਇਹ ਸ਼ਰਮਨਾਕ ਵਰਤਾਰਾ ਮੰਗ ਕਰਦਾ ਹੈ ਕਿ ਪੰਜਾਬ ਵਿੱਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਭਾਜਪਾ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਨੂੰ ਵੀ ਇਹ ਮਸ਼ਵਰਾ ਦਿੱਤਾ ਕਿ ਉਨ੍ਹਾਂ ਨੂੰ ਵੀ ਕਿਸਾਨ ਅੰਦੋਲਨ ਦੇ ਸਿਖਰ ਤੇ ਅੱਪੜ ਜਾਣ ਦੀ ਨਾਜ਼ੁਕਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਪ੍ਰਚੰਡ ਲਹਿਰ ਦੌਰਾਨ ਅਣਦਿਸਦੇ ਵਿਆਪਕ ਅਖਰੋਸ਼ ਦੀ ਦ੍ਰਿਸ਼ਟੀ ਵਿੱਚ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਨੂੰ ਜਨਤਕ ਤੌਰ ’ਤੇ ਕੁੱਝ ਵੀ ਅਜਿਹਾ ਨਹੀਂ ਕਰਨਾ ਚਾਹੀਦਾ, ਜੋ ਉਕਸਾਊ, ਖਿਝਾਊ ਤੇ ਭੜਕਾਊ ਹੋਵੇ।
ਕਿਸਾਨ ਅੰਦੋਲਨ ਦੀ ਲੰਮੀ ਸ਼ਾਂਤਮਈ ਜੱਦੋਜਹਿਦ ਦੇ ਹੁਣ ਤੀਕਰ ਬੇਨਤੀਜਾ ਰਹਿਣ ਕਾਰਨ ਪੰਜਾਬ ਵਿੱਚ ਸਥਿਤੀ ਇਸ ਵੇਲੇ ਬੇਹੱਦ ਨਾਜ਼ੁਕ ਤੇ ਜਲਨਸ਼ੀਲ ਬਣੀ ਹੋਈ ਹੈ। ਇਸ ਲਈ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕੋਈ ਵੀ ਕ੍ਰੋਧ ਭੜਕਾਉਣ ਵਾਲੀ ਅਤੇ ਉਕਸਾਊ ਸਰਗਰਮੀ ਜਾਂ ਗਤੀਵਿਧੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਪੰਜਾਬ ਦੇ ਕਮਜ਼ੋਰ ਅਮਨ ਨੂੰ ਲਾਂਬੂ ਲਗਾਉਣ ਅਤੇ ਭਾਂਬੜ ਬਣਾ ਸਕਣ ਦੇ ਸਮਰੱਥ ਹੋਵੇ।

Load More Related Articles
Load More By Nabaz-e-Punjab
Load More In Awareness/Campaigns

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …