Share on Facebook Share on Twitter Share on Google+ Share on Pinterest Share on Linkedin ਬੀਰਦਵਿੰਦਰ ਸਿੰਘ ਨੇ ਕਿਉਂ ਕੀਤੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲਣ ਅਤੇ ਕੁਫ਼ਰ ਤੋਲਣ ਦਾ ਦੋਸ਼ ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 3 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੁੱਖ ਬੁਲਾਰੇ ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਬਿਆਨ ਵਿੱਚ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 2 ਜਨਵਰੀ ਨੂੰ ਦਮਦਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲਣ ਅਤੇ ਕੁਫ਼ਰ ਤੋਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਵਾਰ ਵਾਰ ਅੱਡੀਆਂ ਚੁੱਕ-ਚੁੱਕ ਕੇ ਆਖ ਰਹੇ ਸਨ ਕਿ ‘‘ਜੇ ਕੋਈ ਸਾਬਤ ਕਰ ਦੇਵੇ ਕਿ ਮੈਂ ਬਤੌਰ ਕੇਂਦਰੀ ਮੰਤਰੀ ਕਿਤੇ ਵੀ ਕਿਸਾਨ ਵਿਰੋਧੀ ਕਾਨੂੰਨਾਂ ਦੀ ਹਮਾਇਤ ਵਿੱਚ ਦਸਤਖਤ ਕੀਤੇ ਹੋਣ ਜਾਂ ਸਹੀ ਪਾਈ ਹੋਵੇ ਤਾਂ ਮੈਂ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਾਂ’’। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਬੀਬੀ ਬਾਦਲ ਪਾਸੋਂ ਹੇਠ ਲਿਖੇ ਕੇਵਲ ਦੋ ਸਵਾਲਾਂ ਦੇ ਜਵਾਬ ਮੰਗਦਾ ਹਾਂ, ਪਹਿਲਾ ਸਵਾਲ: ਮੈਂ ਬੀਬੀ ਹਰਸਿਮਰਤ ਕੌਰ ਪਾਸੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੇਂਦਰੀ ਕੈਬਨਿਟ ਦੀ 3 ਜੂਨ 2020 (ਦਿਨ ਬੁੱਧਵਾਰ) ਨੂੰ ਹੋਈ ਮੀਟਿੰਗ ਵਿੱਚ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਕੀ ਤੁਸੀਂ ਉਸ ਕੈਬਨਿਟ ਮੀਟਿੰਗ ਵਿੱਚ ਮੌਜੂਦ ਨਹੀਂ ਸੀ? ਕੀ ਇਹ ਵੀ ਸੱਚ ਨਹੀਂ ਕਿ ਉਸ ਕੈਬਨਿਟ ਮੀਟਿੰਗ ਵਿੱਚ ਮੌਜੂਦ ਹੁੰਦਿਆਂ ਹੋਇਆ ਵੀ ਉਸ ਦੀ ਕਾਰਵਾਈ ਵਿੱਚ ਤੁਸੀਂ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਕੋਈ ਵੀ ਆਪਣਾ ਲਿਖਤੀ ਇਤਰਾਜ਼ ਸਨਦ ਨਹੀਂ ਕਰਵਾਇਆ ਜੇਕਰ ਕਰਵਾਇਆ ਹੈ ਤਾਂ ਉਸ ‘ਇਤਰਾਜ਼ੀਆ ਨੋਟ’ ਦੀ ਕੈਬਨਿਟ ਸਕੱਤਰ ਦੁਆਰਾ ਤਸਦੀਕ ਸ਼ੁਦਾ ਕਾਪੀ, ਸਿੱਖ ਸੰਗਤਾਂ ਦੀ ਜਾਣਕਾਰੀ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਕੀਤੀ ਜਾਵੇ। ਦੂਜਾ ਸਵਾਲ: ਬੀਬੀ ਹਰਸਿਮਰਤ ਕੌਰ ਨੂੰ ਇਹ ਹੈ ਕਿ ਕੀ ਇਹ ਸੱਚ ਨਹੀਂ ਕਿ 5 ਜੂਨ 2020 ਤੋਂ ਲੈ ਕੇ 14 ਸਤੰਬਰ 2020 ਤੱਕ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਦੇ ਰਹੇ ਹੋ, ਜੇ ਤੁਸੀਂ ਕੇਂਦਰੀ ਮੰਤਰੀ ਹੁੰਦੇ ਹੋਏ ਇਸ ਸਾਢੇ ਤਿੰਨ ਮਹੀਨੇ ਦੇ ਲੰਬੇ ਵਕਫੇ ਵਿੱਚ ਇੱਕ ਵੀ ਬਿਆਨ ਅਖ਼ਬਾਰਾਂ ਵਿੱਚ ਜਾਂ ਕਿਸੇ ਟੀਵੀ ਚੈਨਲ ਉੱਤੇ ਸਮੇਤ ਤੁਹਾਡੇ ਆਪਣੇ ਚੈਨਲ ਪੀਟੀਸੀ ਨਿਊਜ਼ ਉੱਤੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਦਿੱਤਾ ਹੋਵੇ ਤਾਂ ਉਨ੍ਹਾਂ ਦੀਆਂ ਵੀ ਤਸਦੀਕ ਸ਼ੁਦਾ ਕਾਪੀਆਂ ਅਤੇ ਵੀਡੀਓ ਕਲਿਪ, ਸਬੂਤ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਪੇਸ਼ ਕੀਤੇ ਜਾਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਹ ਸਾਬਤ ਹੋ ਜਾਵੇਗਾ ਕਿ ਤੁਸੀਂ ਇੱਕ ਲੰਬਾ ਅਰਸਾ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨਾਲ ਆਪਣੇ ਰਾਜਸੀ ਹਿੱਤਾਂ ਲਈ ਧ੍ਰੋਹ ਕਮਾਇਆ ਹੈ ਅਤੇ ਹੁਣ ਪੰਜਾਬ ਦੇ ਰਾਜਸੀ ਪਿੜ ਵਿੱਚ ਆਪਣੀ ਗਵਾਚੀ ਹੋਈ ਸਾਖ ਨੂੰ ਮੁੜ ਬਹਾਲ ਕਰਨ ਦੀ ਫਿਰਾਕ ਵਿੱਚ ਪੈਂਤੜਾ ਬਦਲ ਲਿਆ ਹੈ। ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲ ਕੇ ਅਤੇ ਕੁਫ਼ਰ ਤੋਲ ਕੇ ਸਿੱਖ ਧਰਮ ਦੀ ਰਹਿਤ ਮਰਿਆਦਾ ਦਾ ਅਪਮਾਣ ਕੀਤਾ ਹੈ। ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ੍ਹੇ ਹੋ ਕੇ ਝੂਠ ਬੋਲਣਾ ਅਤੇ ਨਿੰਦਿਆਂ ਕਰਨਾ, ਬੱਜਰ ਕੁਰਹਿਤ ਹੈ। ਇਸ ਸਬੰਧੀ ਬੀਰ ਦਵਿੰਦਰ ਸਿੰਘ ਨੇ ਉਪਰੋਕਤ ਬਿਆਨ ਦੀ ਇੱਕ ਕਾਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਇਮ-ਮੁਕਾਮ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜੀ ਜਾ ਰਹੀ ਹੈ, ਤਾਂ ਕਿ ਉਹ ਬੀਬੀ ਬਾਦਲ ਪਾਸੋਂ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲਣ ਅਤੇ ਕੁਫ਼ਰ ਤੋਲਣ ਦੇ ਕਥਿਤ ਬੱਜਰ ਪਾਪ ਦਾ ਸਖ਼ਤ ਨੋਟਿਸ ਲੈਂਦੇ ਹੋਏ ਬੀਬੀ ਪਾਸੋਂ ਲਿਖਤੀ ਸਪੱਸ਼ਟੀਕਰਨ ਮੰਗਣ। ਸਾਡੀ ਇਹ ਵੀ ਮੰਗ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਧਰਮ ਦੀ ਪ੍ਰਵਾਨਿਤ ਰਹਿਤ ਮਰਿਆਦਾ ਦਾ ਉਲੰਘਣ ਕਰਨ ਅਤੇ ਪੰਥਕ ਰਵਾਇਤਾਂ ਦੀ ਬੇਹੁਰਮਤੀ ਕਰਨ ਕਾਰਨ ਬੀਬੀ ਹਰਸਿਮਰਤ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਤਲਬ ਕਰਕੇ ਸਿੱਖ ਧਰਮ ਦੀ ਰਹਿਤ ਮਰਿਆਦਾ ਅਨੁਸਾਰ ਦੰਡਿਤ ਕੀਤਾ ਜਾਵੇ ਅਤੇ ਅੱਗੇ ਤੋਂ ਝੂਠ ਨਾ ਬੋਲਣ ਦੀ ਤਾੜਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੇਰੇ ਬਿਆਨ ਵਿੱਚ ਕੋਈ ਵੀ ਤੱਥ ਜਾਂ ਤਰਕ ਗਲਤ ਜਾਂ ਅਸੰਗਤ ਹੋਵੇ ਤਾਂ ਮੈਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਾਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ