nabaz-e-punjab.com

ਪੰਜਾਬ ਵਿੱਚ ਪਹਿਲੀ ਵਾਰ ਮਨਾਇਆ ‘ਪੰਛੀਆਂ ਦਾ ਮੇਲਾ’

ਨਵਜੋਤ ਸਿੱਧੂ ਵੱਲੋਂ ਕੇਸ਼ੋਪੁਰ ਛੰਭ ਵਿੱਚ 5 ਕਰੋੜ ਦੀ ਲਾਗਤ ਨਾਲ ਬਣੇ ਵਿਆਖਿਆ ਕੇਂਦਰ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਕੇਸ਼ੋਪੁਰ ਛੰਭ (ਗੁਰਦਾਸਪੁਰ), 29 ਜਨਵਰੀ:
ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੇਸ਼ੋਪੁਰ ਛੰਭ ਵਿਖੇ ਆਉਂਦੇ ਪਰਵਾਸੀਆਂ ਪੰਛੀਆਂ ਦਾ ਮੇਲਾ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ.ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪਰਵਾਸੀ ਪੰਛੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਹੈ ਜਿਸ ਦਾ ਸਬੂਤ ਹੈ ਕਿ ਇਥੇ ਕੇਸ਼ੋਪੁਰ ਛੰਭ ਵਿਖੇ ਹਰ ਸਾਲ 25-30 ਹਜ਼ਾਰ ਪਰਵਾਸੀ ਪੰਛੀ ਅਤੇ ਹਰੀਕੇ ਪੱਤਣ ਵਿਖੇ 70 ਹਜ਼ਾਰ ਤੋਂ ਵੱਧ ਪਰਵਾਸੀ ਪੰਛੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਅਜਿਹੀਆਂ ਜਲਗਾਹਾਂ (ਵੈਟਲੈਂਡਜ਼) ਹਨ ਜਿੱਥੇ ਪੰਜਾਬ ਨਾਲੋਂ ਘੱਟ ਪਰਵਾਸੀ ਪੰਛੀ ਆਉਂਦੇ ਹਨ ਪ੍ਰੰਤੂ ਉਨ੍ਹਾਂ ਵੱਲੋਂ ਇਨ੍ਹਾਂ ਖੇਤਰਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਵੱਧ ਮਕਬੂਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸੈਰ ਸਪਾਟਾ ਲਈ ਅਥਾਹ ਸਮਰੱਥਾ ਹੈ ਜਿਸ ਨੂੰ ਵਰਤਿਆ ਨਹੀਂ ਗਿਆ ਅਤੇ ਹੁਣ ਵਿਭਾਗ ਦੀ ਇਹੋ ਕੋਸ਼ਿਸ਼ ਹੈ ਕਿ ਸੈਰ ਸਪਾਟਾ ਲਈ ਮੌਜੂਦ ਅਸੀਮ ਸੰਭਾਵਨਾਵਾਂ ਨੂੰ ਸੈਲਾਨੀਆਂ ਲਈ ਵਰਤਿਆ ਜਾਵੇ।
ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਸੈਰ ਸਪਾਟਾ ਨੂੰ ਹੁਲਾਰਾ ਦੇਣ ਲਈ ਜਿੱਥੇ ਇਤਿਹਾਸਕ, ਧਾਰਮਿਕ, ਵਿਰਾਸਤੀ ਸੈਲਾਨੀਆਂ ਲਈ ਸਰਕਟ ਬਣਾਏ ਜਾ ਰਹੇ ਹਨ ਉਥੇ ਕੁਦਰਤ ਅਤੇ ਪੰਛੀ ਪ੍ਰੇਮੀਆਂ ਨੂੰ ਪੰਜਾਬ ਅੰਦਰ ਖਿੱਚਣ ਲਈ ‘ਵੈਟਲੈਂਡ ਸਰਕਟ’ ਬਣਾਇਆ ਜਾਵੇਗਾ ਜਿਸ ਵਿੱਚ ਸਾਰੀਆਂ ਜਲਗਾਹਾਂ ਨੂੰ ਸੈਲਾਨੀਆਂ ਲਈ ਖਿੱਚ ਭਰਪੂਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਰਕਟ ਨਾਲ ਟੂਰ ਅਪਰੇਟਰਾਂ ਅਤੇ ਸੈਲਾਨੀਆਂ ਨੂੰ ਜੋੜਿਆ ਜਾਵੇਗਾ ਤਾਂ ਜੋ ਪੰਜਾਬ ਅੰਦਰ ਸਥਿਤ ਜਲਗਾਹਾਂ ਸੈਲਾਨੀ ਕੇਂਦਰ ਵਜੋਂ ਵਿਕਸਤ ਹੋ ਜਾਣ। ਇਨ੍ਹਾਂ ਜਲਗਾਹਾਂ ’ਤੇ ਸੈਲਾਨੀਆਂ ਲਈ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਸਥਾਪਤ ਕੀਤੀਆਂ ਜਾਣਗੀਆਂ। ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਜਲਗਾਹਾਂ ’ਤੇ ਵਿਸ਼ਵ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਲਈ ਡਿਸਕਵਰੀ, ਨੈਸ਼ਨਲ ਜੌਗਰਫਿਕ, ਐਨੀਮਲ ਪਲੈਨਟ ਆਦਿ ਪ੍ਰਮੁੱਖ ਚੈਨਲਾਂ ਦੇ ਚੋਟੀ ਦੇ ਜੰਗਲੀ ਜੀਵ ਫੋਟੋਗ੍ਰਾਫਰਾਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਭ ਵਿਖੇ ਜੰਗਲੀ ਜੀਵ ਫੋਟੋਗ੍ਰਾਫਰਾਂ ਅਤੇ ਪੰਛੀ ਪ੍ਰੇਮੀ ਸੈਲਾਨੀਆਂ ਲਈ ਵਾਤਾਵਰਣ ਅਨੁਸਾਰ (ਈਕੋ ਫਰੈਂਡਲੀ) ਟਾਵਰ ਲਗਾਏ ਜਾਣਗੇ ਜਿਸ ਨਾਲ ਪੰਛੀਆਂ ਨੂੰ ਕੋਈ ਨੁਕਸਾਨ ਵੀ ਪੁੱਜੇਗਾ ਅਤੇ ਪਰਵਾਸੀ ਪੰਛੀਆਂ ਦੀ ਫੋਟੋਗ੍ਰਾਫੀ ਵੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਪੰਜਾਬ ਦੀਆਂ ਜਲਗਾਹਾਂ ਨੂੰ ਸੈਰ ਸਪਾਟਾ ਦੇ ਨਕਸ਼ੇ ਉਪਰ ਲੈ ਕੇ ਆਉਣਾ ਜਿਸ ਲਈ ਸੈਲਾਨੀਆਂ ਅਨੁਸਾਰ ਮਾਹੌਲ ਸਿਰਜਿਆ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਅਗਲੇ ਸਾਲ ਤੱਕ ਸੈਲਾਨੀਆਂ ਦੇ ਠਹਿਰਨ ਲਈ ਆਰਜ਼ੀ ਟੈਂਟਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਨਾਲ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿਖੇ ਜਾਣ ਵਾਲੇ ਸੈਲਾਨੀਆਂ ਲਈ ਜਲਗਾਹਾਂ ਨੂੰ ਠਹਿਰ ਬਣਾਇਆ ਜਾਵੇ। ਉਨ੍ਹਾਂ ਨੇ ਅੱਜ ਕੇਸ਼ੋਪੁਰ ਛੰਭ ਵਿਖੇ ਸੈਲਾਨੀਆਂ ਦੀ ਸਹਾਇਤਾ ਲਈ 5 ਕਰੋੜ ਰੁਪਏ ਦੀ ਲਾਗਤ ਦੇ ਬਣੇ ਵਿਆਖਿਆ ਕੇਂਦਰ ਦਾ ਵੀ ਉਦਘਾਟਨ ਕੀਤਾ। ਇਹ ਕੇਂਦਰ ਸੈਲਾਨੀਆਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਜਿਸ ਨਾਲ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨਾਂ ਗੁਰਦਾਸਪੁਰ ਤੋਂ ਕੇਸ਼ੋਪੁਰ ਛੰਭ ਨੂੰ ਜਾਂਦੀ ਸੜਕ ਲਈ 3 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ, ਮਨੀਪੁਰ ਤੋਂ ਬਾਅਦ ਦੂਜਾ ਸੂਬਾ ਹੈ ਜਿਸ ਨੇ ਸੱਭਿਆਚਾਰਕ ਨੀਤੀ ਬਣਾਈ ਹੈ। ਇਸ ਤੋਂ ਬਾਅਦ ਹੁਣ ਸੈਰ ਸਪਾਟਾ ਨੀਤੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਿਆ ਜਾਵੇ ਅਤੇ ਸੱਭਿਆਚਾਰ ਤੋਂ ਰੋਜ਼ਗਾਰ ਰਾਹੀਂ ਨੌਕਰੀ ਦੇ ਵਸੀਲੇ ਪੈਦਾ ਕੀਤੇ ਜਾਣ।’’
ਸ੍ਰੀ ਸਿੱਧੂ ਨੇ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਤੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਸੈਰ-ਸਪਟਾ ਵਿਭਾਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਉਨਾਂ ਪੂਰਨ ਭਰੋਸਾ ਹੈ ਕਿ ਸੈਰ ਸਪਾਟਾ ਵਿਭਾਗ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਨੇ ਦੇਸ਼ ਅੰਦਰ ਸ਼ਾਂਤੀ, ਖੁਸ਼ਹਾਲੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਦੇਸ਼ ਵਾਸੀਆਂ ਲਈ ਅੰਨ ਭੰਭਾਰ ਵਿਚ ਸਭ ਤੋ ਵੱਧ ਯੋਗਦਾਨ ਪਾਇਆ। ਮੰਤਰੀ ਨੇ ਕੈਸ਼ੋਪੁਰ ਛੰਬ ਲਈ 850 ਏਕੜ ਜ਼ਮੀਨ ਦੇਣ ਵਾਲੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਦਾਸਪੁਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਸਮੂਹਿਕ ਸਹਿਯੋਗ ਨਾਲ ਇਸ ਛੰਬ ਨੂੰ ਪ੍ਰਫੁਲਿਤ ਕੀਤਾ ਜਾਵੇਗੀ। ਇਸ ਮੌਕੇ ਸ. ਸਿੱਧੂ ਨੇ ਕੈਸ਼ੋਪੁਰ ਛੰਭ ਵਿਖੇ ਬਣੇ ਕੰਪਲੈਕਸ ਨੂੰ ਫਾਰਸਟ ਵਾਈਲਡ ਲਾਈਫ ਨੂੰ ਸੋਂਪਿਆਂ ਤੇ ਚਾਬੀ ਭੇਂਟ ਕੀਤੀ। ਸੈਰ ਸਪਾਟਾ ਵਿਭਾਗਾਂ ਵੱਲੋਂ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਛਪੀਆਂ ਕਿਤਾਬਾਂ ਵੀ ਸ. ਸਿੱਧੂ ਵਲੋਂ ਰਿਲੀਜ਼ ਕੀਤੀਆਂ। ਇਸ ਤੋਂ ਪਹਿਲਾਂ ਉਨਾਂ ਕੈਸ਼ੋਪੁਰ ਛੰਬ ਦਾ ਦੌਰਾ ਕਰਕੇ ਪ੍ਰਵਾਸੀ ਪੰਛੀਆਂ ਨੂੰ ਵੀ ਦੇਖਿਆ। ਉਨਾਂ ਸੈਲਫ ਹੈਲਪ ਗਰੁੱਪ ਵਲੋਂ ਤਿਆਰ ਕੀਤੀਆਂ ਘਰੈਲੂ ਵਸਤਾਂ ਦੀ ਪ੍ਰਦਰਸ਼ਨੀ ਵੇਖੀ ਤੇ ਉਨ੍ਹਾਂ ਦੀ ਕਲਾ ਦੀ ਤਾਰੀਫ ਕੀਤੀ। ਉਪਰੰਤ ਉਨਾਂ ਪੂਰੇ ਕੰਪਲੈਕਸ ਦਾ ਦੋਰਾ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕੈਬਨਿਟ ਮੰਤਰੀ ਸ੍ਰੀ ਸਿੱਧੂ ਅੱਜ ਕੈਸ਼ੋਪੁਰ ਛੰਭ ਦਾ ਦੌਰਾ ਕਰਨ ਆਏ ਹਨ ਅਤੇ ਉਨਾਂ ਦੀ ਬਦੋਲਤ ਇਸ ਨਾਯਾਬ ਕੁਦਰਤੀ ਤੋਹਫੇ ਨੂੰ ਪ੍ਰਫੁੱਲਿਤ ਕਰਨ ਵਿਚ ਮਦਦ ਮਿਲੀ ਹੈ ਤੇ ਲੋਕਾਂ ਨੂੰ ਇਹ ਖੂਬਸੂਰਤ ਕੰਪਲੈਕਸ ਵੇਖਣ ਦਾ ਮੌਕਾ ਮਿਲਿਆ ਹੈ। ਹਲਕਾ ਵਿਧਾਇਕ ਗੁਰਦਾਸਪੁਰ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਕੈਸ਼ੋਪੁਰ ਛੰਬ ਦੇ ਵਿਸਥਾਰ ਨਾਲ ਗੁਰਦਾਸਪੁਰ ਅੰਦਰ ਸੈਲਾਨੀਆਂ ਦੀ ਆਮਦ ਨੂੰ ਹੁਲਾਰਾ ਮਿਲੇਗਾ ਅਤੇ ਇਥੇ ਸੈਰ ਸਪਾਟਾ ਵਧਣ ਨਾਲ ਸ਼ਹਿਰ ਵਾਸੀਆਂ ਨੂੰ ਆਰਥਿਕ ਤੌਰ ਤੇ ਵੱਡਾ ਲਾਭ ਮਿਲੇਗਾ। ਉਨਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਸਿੱਧੂ ਦੇ ਯਤਨਾਂ ਸਦਕਾ ਸੈਰ ਸਪਾਟਾ ਵਿਭਾਗ ਨਵੀਆਂ ਸਿਖਰਾ ਨੂੰ ਛੂਹ ਰਿਹਾ ਹੈ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਸ੍ਰੀ ਸਿੱਧੂ ਦੀ ਰਹਿਨਮਾਈ ਹੇਠ ਪੰਜਾਬ ਦੇ ਅਮੀਰ ਵਿਰਸੇ ਨੂੰ ਸਾਂਭਣ ਤੇ ਪ੍ਰਫੁੱਲਿਤ ਕਰਨ ਵਿਚ ਕੋਈ ਕਮੀ ਨਹੀਂ ਰਹੇਗੀ। ਇਸ ਮੌਕੇ ਵਿਕਾਸ ਪ੍ਰਤਾਪ ਸਕੱਤਰ ਸੈਰ ਸਪਾਟਾ ਵਿਭਾਗ, ਸ਼ਿਵਦੁਲਾਰ ਸਿੰਘ ਢਿੱਲੋਂ ਡਾਇਰੈਕਟਰ, ਕੁਲਦੀਪ ਕੁਮਾਰ ਪ੍ਰਿੰਸੀਪਲ ਚੀਫ਼ ਕੰਜਰਵੈਟਿਵ ਫਾਰਸਟ ਵਾਈਲਡ ਲਾਈਫ, ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਕੇ.ਐਲ. ਮਲਹੋਤਰਾ ਐਸਸੀਐਫ, ਤਹਿਸੀਲਦਾਰ ਨਵਤੇਜ ਸਿੰਘ ਸੋਢੀ ਅਤੇ ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …