ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਤੇ ਵਿਸ਼ਾਲ ਖੂਨਦਾਨ ਕੈਂਪ

ਖੂਨਦਾਨ ਕੈਂਪ ਵਿੱਚ 1156 ਸ਼ਰਧਾਲੂਆਂ ਨੇ ਕੀਤਾ ਖੂਨਦਾਨ, ਖੂਨਦਾਨੀਆਂ ਨੂੰ ਸਨਮਾਨ ’ਚ ਦਿੱਤੇ ਦੇਸੀ ਘੀ ਦੀ ਪੰਜੀਰੀ ਦੇ ਡੱਬੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਬੀਬੀ ਦਲੇਰ ਕੌਰ ਪੰਡੋਰੀ ਖਾਸ ਵਾਲੀਆਂ ਬੀਬੀਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਨੇ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜੀਵਨ ਬ੍ਰਿਤਾਂਤ ਅਤੇ ਉਨ੍ਹਾਂ ਦੁਆਰਾ ਦੇਸ਼, ਕੌਮ ਅਤੇ ਧਰਮ ਖਾਤਰ ਅੰਗਰੇਜਾਂ ਨਾਲ ਕੀਤੀ ਜੰਗ ਵਿੱਚ ਇਸ ਅਸਥਾਨ ਤੇ ਹਜ਼ਾਰਾਂ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰਨ ਦਾ ਪੂਰਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਭਾਈ ਓਂਕਾਰ ਸਿੰਘ ਊਨਾ ਵਾਲਿਆਂ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ।
ਇਸ ਤੋਂ ਇਲਾਵਾ ਬੀਬੀ ਅਮਨਦੀਪ ਕੌਰ ਖਾਲਸਾ ਜਲੰਧਰ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜੱਥਾ, ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ, ਭਾਈ ਗੁਰਮੀਤ ਸਿੰਘ ਜੀ ਗੋਪਾਲ ਮੋਚਨ ਵਾਲੇ, ਭਾਈ ਨਛੱਤਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਭਾਈ ਕ੍ਰਿਪਾਲ ਸਿੰਘ ਜੀ ਹੈੱਡ ਗਰੰਥੀ ਸ੍ਰੀ ਹਜ਼ੂਰ ਸਾਹਿਬ ਜੀ, ਭਾਈ ਬੰਤਾ ਸਿੰਘ ਜੀ ਭਾਈ ਬਿਧੀ ਚੰਦ ਸੰਪ੍ਰਦਾਇ ਵਾਲੇ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਨਿਸ਼ਾਨ ਸਿੰਘ ਪਟਿਆਲਾ, ਸੰਤ ਮਹਿੰਦਰ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਭਾਈ ਪ੍ਰਿਤਪਾਲ ਸਿੰਘ, ਭਾਈ ਬਹਾਦਰ ਸਿੰਘ ਸੇਵਕ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜੂਰੀ ਜੱਥੇ ਭਾਈ ਗੁਰਮੀਤ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਹਰਬਖਸ਼ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ।
ਮੰਚ ਸੰਚਾਲਕ ਦੀ ਸੇਵਾ ਭਾਈ ਧੰਨਾ ਸਿੰਘ ਨੇ ਬਾਖ਼ੂਬੀ ਨਿਭਾਈ। ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਸੰਤ ਸਿੰਘ ਅਤੇ ਜੀਤ ਸਿੰਘ ਸਮੇਤ ਸਮੁੱਚੀ ਟੀਮ ਨੇ ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਹਰ ਵਿਭਾਗ ਦੇ ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦੀ ਅੰਦਰੋਂ ਵਿਸ਼ੇਸ਼ ਰੂਪ ਨਾਲ ਫੁੱਲਾਂ ਨਾਲ ਸਜਾਵਟ ਕੀਤੀ ਗਈ ਸੀ। ਸ੍ਰੀ ਦਰਬਾਰ ਸਾਹਿਬ ਜੀ ਨੂੰ ਬਾਹਰੋਂ ਅਤੇ ਗੇਟ ਤੱਕ ਦੇ ਰਸਤੇ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਜਾਰਾਂ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਕਈ ਤਰ੍ਹਾਂ ਦੀਆਂ ਮਠਿਆਈਆਂ, ਪਕਵਾਨਾਂ ਅਤੇ ਗੁਰੂ ਕਾ ਲੰਗਰ ਸੰਗਤਾਂ ਨੂੰ ਸਾਰਾ ਦਿਨ ਅਤੁੱਟ ਵਰਤਾਇਆ ਗਿਆ।
ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿੱਚ ਸਮੂਹ ਮਾਨਵਤਾ ਦੇ ਭਲੇ ਲਈ ਵਿਸ਼ਾਲ ਖੂਨਦਾਨ ਕੈਂਪ ਦੀ ਅਰੰਭਤਾ ਸਵੇਰੇ 7:30 ਵਜੇ ਕੀਤੀ ਗਈ। ਇਸ ਖੂਨਦਾਨ ਕੈਂਪ ਵਿੱਚ ਪੀ.ਜੀ.ਆਈ., ਜਨਰਲ ਹਸਪਤਾਲ ਸੈਕਟਰ 16, ਸਰਕਾਰੀ ਹਸਪਤਾਲ ਸੈਕਟਰ 32, ਰੋਟਰੀ ਬਲੱਡ ਬੈਂਕ ਸੈਕਟਰ 37, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ, ਸਿਵਲ ਹਸਪਤਾਲ ਮੋਹਾਲੀ, ਸਿਵਲ ਹਸਪਤਾਲ ਰੋਪੜ, ਸਿਵਲ ਹਸਪਤਾਲ ਖਰੜ, ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀਆਂ ਟੀਮਾਂ ਨੇ ਲੋੜਵੰਦਾਂ ਵਾਸਤੇ ਖੂਨ ਇਕੱਤਰ ਕੀਤਾ। ਸ਼ਰਧਾਲੂਆਂ ਵਿੱਚ ਖੂਨਦਾਨ ਕਰਨ ਲਈ ਬਹੁਤ ਹੀ ਉਤਸ਼ਾਹ ਸੀ। ਇਨ੍ਹਾਂ ਸਾਰੀਆਂ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ ਕੁੱਲ 1156 ਯੂਨਿਟ ਖੂਨ ਇਕੱਤਰ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸਾਰੇ ਖੂਨਦਾਨੀਆਂ ਵਾਸਤੇ ਦੁੱਧ, ਜੂਸ, ਪਿੰਨੀਆਂ ਅਤੇ ਕਈ ਤਰ੍ਹਾਂ ਦੇ ਫਲਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਸਾਰੇ ਖੂਨਦਾਨੀਆਂ ਨੂੰ ਹਰ ਵਾਰ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਦੇਸੀ ਘਿਓ ਦੀ ਪੰਜੀਰੀ, ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਖੂਨਦਾਨੀਆਂ ਨੂੰ ਆਪ ਆ ਕੇ ਆਸ਼ੀਰਵਾਦ ਦਿੱਤਾ। ਜਗਮੋਹਣ ਸਿੰਘ ਕਾਹਲੋਂ, ਭਾਈ ਸੁਰਜੀਤ ਸਿੰਘ ਜੀ, ਕਈ ਉੱਘੇ ਸਿਆਸੀ ਆਗੂ, ਧਾਰਮਿਕ ਸਖਸ਼ੀਅਤਾਂ, ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਉਚੇਚੇ ਤੌਰ ਤੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਨ ਲਈ ਪੁੱਜੇ ਹੋਏ ਸਨ। ਸਮੂਹ ਖੂਨਦਾਨੀਆਂ, ਡਾਕਟਰਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਸਾਰੇ ਸਮਾਗਮ ਦੀ ਕਈ ਟੀ ਵੀ ਚੈਨਲਾਂ ਵੱਲੋਂ ਰਿਕਾਰਡਿੰਗ ਕੀਤੀ ਗਈ, ਜੋ ਕਿ ਚੈਨਲਾ ਵੱਲੋਂ ਸੰਗਤਾਂ ਨੂੰ ਆਉਣ ਵਾਲੇ ਸਮੇਂ ਵਿੱਚ ਦਿਖਾਈ ਜਾਵੇਗੀ ।
ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਸੰਤ ਸਿੰਘ ਨੇ ਦੱਸਿਆ ਕਿ ਖੂਨਦਾਨ ਮਹਾਂ ਦਾਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਅਨਮੋਲ ਜਿੰਦਗੀਆਂ ਨੂੰ ਲੋੜ ਪੈਣ ਤੇ ਖੂਨ ਦੇ ਕੇ ਬਚਾਇਆ ਜਾ ਸਕੇ। ਉਨ੍ਹਾਂ ਨੇ ਇਸ ਦੇ ਨਾਲ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਇਸ ਦੇ ਨਾਲ ਨਾਲ ਨਸ਼ਿਆਂ ਤੋਂ ਵੀ ਬਚਾਅ ਰੱਖਣਾ ਚਾਹੀਦਾ ਹੈ ਤਾਂ ਜੋ ਇੱਕ ਸਿਹਤਮੰਦ ਅਤੇ ਨਰੋਏ ਸਮਾਜ ਦਾ ਨਿਰਮਾਣ ਹੋ ਸਕੇ। ਉਨ੍ਹਾਂ ਨੇ ਦੱਸਿਆ ਕਿ ਸਮਾਜ ਦੀ ਭਲਾਈ ਲਈ ਲੋਕਾਂ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਾਉਣ ਅਤੇ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਆਉਣ ਵਾਲੇ ਸਮੇਂ ਵਿੱਚ ਵੀ ਸਮੂਹ ਮਾਨਵਤਾ ਦੇ ਭਲੇ ਲਈ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਕੈਂਪਾਂ ਦਾ ਇਸ ਅਸਥਾਨ ਤੇ ਆਯੋਜਨ ਕੀਤਾ ਜਾਂਦਾ ਰਹੇਗਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਕਿਰਨਬੀਰ ਸਿੰਘ ਕੰਗ, ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਯੂਥ ਅਕਾਲੀ ਦਲ ਦੇ ਆਗੂ ਬੱਬੀ ਬਾਦਲ, ਸਾਬਕਾ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਪਰਵਿੰਦਰ ਸਿੰਘ ਸੋਹਾਣਾ, ਇੰਟਰਨੈਸ਼ਨਲ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ, ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੀ ਸਾਬਕਾ ਚੇਅਰਪਰਸਨ ਦਲਜੀਤ ਕੌਰ ਕੰਗ, ਜਗਮੋਹਨ ਸਿੰਘ ਕਾਹਲੋਂ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…