Share on Facebook Share on Twitter Share on Google+ Share on Pinterest Share on Linkedin ਜ਼ਿਲ੍ਹਾ ਮੁਹਾਲੀ ਵਿੱਚ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਾਮ ਵੇਲੇ ਸ਼ਰਧਾਲੂਆਂ ਨੇ ਵੱਖ ਵੱਖ ਗੁਰਦੁਆਰਿਆਂ ਵਿੱਚ ਦੀਵੇ ਜਲਾਏ, ਆਤਿਸ਼ਬਾਜ਼ੀ ਕੀਤੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ: ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁਹਾਲੀ ਸ਼ਹਿਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਗੁਰਧਾਮਾਂ ਵਿੱਚ ਰੌਣਕਾਂ ਲੱਗੀਆਂ ਰਹੀਆਂ ਅਤੇ ਸਾਰਾ ਦਿਨ ਹਜਾਰਾਂ ਸ਼ਰਧਾਲੂ ਨਤਮਸਤਕ ਹੋ ਕੇ ਆਪਣੀ ਸ਼ਰਧਾ ਦੇ ਫੁੱਲ ਭੇੱਟ ਕਰਦੇ ਰਹੇ। ਅੱਜ ਸਵੇਰੇ ਅੰਮ੍ਰਿਤ ਵੇਲੇ ਤੋੱ ਹੀ ਵੱਡੀ ਗਿਣਤੀ ਸ਼ਰਧਾਲੂ ਵੱਖ ਵੱਖ ਗੁਰਧਾਮਾਂ ਵਿਚ ਮੱਥਾ ਟੇਕਣ ਲਈ ਆਉਣੇ ਸ਼ੁਰੂ ਹੋ ਗਏ ਸਨ। ਸਾਰਾ ਦਿਨ ਹੀ ਵੱਖ ਵੱਖ ਗੁਰਧਾਮਾਂ ਵਿਚ ਗੁਰਪੁਰਬ ਸਬੰਧੀ ਵਿਸ਼ੇਸ ਦੀਵਾਨ ਸਜਾਏ ਗਏ। ਇਸ ਦੌਰਾਨ ਵੱਖ ਵੱਖ ਰਾਗੀ, ਢਾਡੀ ਜਥਿਆਂ, ਕਥਾ ਵਾਚਕਾਂ ਤੇ ਪ੍ਰਚਾਰਕਾਂ ਨੇ ਕਥਾ, ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਪੁਰਬ ਸਬੰਧੀ ਵੱਖ ਵੱਖ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਵਿਸ਼ੇਸ ਧਾਰਮਿਕ ਸਮਾਗਮ ਕਰਵਾਏ ਗਏ। ਗੁਰਪੁਰਬ ਸਬੰਧੀ ਸਾਰੇ ਹੀ ਗੁਰਧਾਮਾਂ ਨੂੰ ਸੁੰਦਰ ਲੜੀਆਂ ਅਤੇ ਹੋਰ ਚੀਜਾਂ ਨਾਲ ਸਜਾਇਆ ਹੋਇਆ ਹੈ। ਕਈ ਗੁਰਧਾਮਾਂ ਵਿੱਚ ਤਾਂ ਰਾਤ ਸਮੇਂ ਵੀ ਗੁਰਪੁਰਬ ਸਬੰਧੀ ਵਿਸ਼ੇਸ ਸਮਾਗਮ ਹੋ ਰਹੇ ਹਨ। ਸ਼ਾਮ ਵੇਲੇ ਸ਼ਰਧਾਲੂਆਂ ਨੇ ਵੱਖ ਵੱਖ ਗੁਰੂ ਘਰਾਂ ਵਿੱਚ ਦੀਵੇ ਜਲਾਏ ਅਤੇ ਦੇਰ ਰਾਤ ਤੱਕ ਆਤਿਸ਼ਬਾਜ਼ੀ ਕੀਤੀ। ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਫੇਜ 8 ਵਿਖੇ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ ਤੋੱ ਹੀ ਗੁਰਪੁਰਬ ਸਬੰਧੀ ਵਿਸ਼ੇਸ ਦੀਵਾਨ ਸਜਾਏ ਗਏ ਅਤੇ ਵੱਖ ਵੱਖ ਰਾਗੀ, ਢਾਡੀ ਜਥਿਆਂ ਨੇ ਜਿਥੇ ਮਨੋਹਰ ਕੀਰਤਨ ਅਤੇ ਵਾਰਾਂ ਰਾਹੀੱ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਹੀ ਵੱਖ ਵੱਖ ਕਥਾ ਵਾਚਕਾਂ ਅਤੇ ਪ੍ਰਚਾਰਕਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਦਿਤੀ। ਇਸ ਪਵਿੱਤਰ ਗੁਰਧਾਮ ਵਿਚ ਸਵੇਰ ਤੋੱ ਹੀ ਸੰਗਤਾਂ ਦਾ ਹੜ ਆ ਗਿਆ ਸੀ ਅਤੇ ਸਾਰਾ ਦਿਨ ਹੀ ਵੱਡੀ ਗਿਣਤੀ ਲੋਕ ਗੁਰਦੁਆਰਾ ਸਾਹਿਬ ਆ ਕੇ ਗੁਰੂ ਗਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦੇ ਰਹੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਗੁਰਦੁਆਰਾ ਸਾਹਿਬ ਨੇੜੇ ਲੱਗੀਆਂ ਦੁਕਾਨਾਂ ਉਪਰ ਵੀ ਕਾਫੀ ਰੌਣਕ ਵੇਖੀ ਗਈ ਅਤੇ ਸ਼ਰਧਾਲੂ ਖਾਸ ਕਰਕੇ ਬੱਚੇ ਇਹਨਾਂ ਦੁਕਾਨਾਂ ਉਪਰ ਖਰੀਦਦਾਰੀ ਕਰਦੇ ਵੀ ਵੇਖੇ ਗਏ। ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ 3ਬੀ1 ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਵਿਸ਼ੇਸ ਸਮਾਗਮ ਕੀਤੇ ਗਏ। ਇਸ ਮੌਕੇ ਇਸਤਰੀ ਕੀਰਤਨੀ ਜਥੇ, ਰਾਗੀ ਜਥਿਆਂ ਨੇ ਮਨੋਹਰ ਕੀਰਤਨ ਕੀਤਾ। ਵੱਡੀ ਗਿਣਤੀ ਸਕੂਲੀ ਬੱਚੇ ਵੀ ਇਸ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੁੰਦੇ ਵੇਖੇ ਗਏ। ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਵਿਚ ਵੱਡੀ ਗਿਣਤੀ ਅੌਰਤਾਂ, ਬੱਚੇ ਅਤੇ ਬਜੁਰਗ ਵੀ ਸ਼ਾਮਲ ਸਨ। ਦੁਪਹਿਰ ਸਮੇੱ ਇਸ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਵਾਲਿਆਂ ਸ਼ਰਧਾਲੂਆਂ ਦੀ ਲਾਈਨਾਂ ਜੌੜਾ ਘਰ ਤੱਕ ਪਹੁੰਚ ਗਈਆਂ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੀ। ਇਸ ਮੌਕੇ ਪਕੌੜੇ ਅਤੇ ਬ੍ਰੈਡ ਅਤੇ ਫਲਾਂ ਦਾ ਲੰਗਰ ਵੀ ਲਗਾਇਆ ਗਿਆ। ਗੁਰਦੁਆਰਾ ਰਾਮਗੜ੍ਹੀਆ ਫੇਜ 3 ਬੀ 1 ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋੱ ਹੀ ਗੁਰੂ ਗਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਕਥਾ ਕੀਰਤਨ ਹੋ ਰਹੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। ਇਸ ਮੌਕੇ ਵੱਖ ਵੱਖ ਰਾਗੀ ਢਾਡੀ ਜਥਿਆਂ ਵਲੋੱ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਸੰਗਤਾਂ ਨੂੰ ਸ਼ਰਵਣ ਕਰਵਾਈ ਜਾ ਰਹੀ ਸੀ। ਖਬਰ ਲਿਖੇ ਜਾਣ ਤੱਕ ਵੀ ਗੁਰਦੁਆਰਾ ਸਾਹਿਬ ਵਿਚ ਗੁਰਪੁਰਬ ਸਬੰਧੀ ਸਮਾਗਮ ਚਲ ਰਿਹਾ ਸੀ ਅਤੇ ਵੱਡੀ ਗਿਣਤੀ ਸੰਗਤਾਂ ਸ਼ਰਧਾ ਨਾਲ ਗੁਰੂ ਘਰ ਵਿਚ ਨਤਮਸਤਕ ਹੋ ਰਹੀਆਂ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੀ। ਇਸੇ ਤਰਾਂ ਫੇਜ਼ 7 ਦੇ ਗੁਰਦੁਆਰਾ ਬੀਬੀ ਭਾਨੀ ਜੀ, ਫੇਜ਼ 11 ਦੇ ਗੁਰਦੁਆਰਾ ਸਿੰਘ ਸਭਾ, ਫੇਜ਼ 1, ਫੇਜ਼ 2 ਅਤੇ ਫੇਜ਼ 4 ਦੇ ਗੁਰਦੁਆਰਾ ਸਾਹਿਬ ਸਮੇਤ ਸ਼ਹਿਰ ਦੇ ਹੋਰਨਾਂ ਗੁਰਧਾਮਾਂ ਵਿਚ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਅੱਜ ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂ ਹੋ ਗਏ ਸਨ ਜੋ ਕਿ ਖਬਰ ਲਿਖੇ ਜਾਣ ਤਕ ਜਾਰੀ ਸਨ। ਗੁਰਪੁਰਬ ਮੌਕੇ ਫੇਜ਼ 3ਬੀ1 ਦੀ ਜਨਤਾ ਮਾਰਕੀਟ ਵਿਚ ਮੋਹਤਬਰ ਆਗੂਆਂ ਵਲੋੱ ਲੰਗਰ ਲਗਾਇਆ ਗਿਆ। ਇਸ ਮੌਕੇ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਵੀ ਪਹੁੰਚ ਕੇ ਸੇਵਾ ਵਿੱਚ ਹਿਸਾ ਪਾਇਆ। ਇਸ ਮੌਕੇ ਸ੍ਰੀ ਪ੍ਰਿੰਸ ਨੇ ਕਿਹਾ ਕਿ ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਧਰਮਾਂ ਦੇ ਹੀ ਸਮਾਗਮਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਆਪਸੀ ਭਾਈਚਾਰਕ ਸਾਂਝ ਵਿਚ ਵਾਧਾ ਹੋਵੇ। ਇਸੇ ਤਰ੍ਹਾਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਈ ਭਗਤ ਸਿੰਘ ਆਜ਼ਾਦ ਅਤੇ ਮੀਆਂਪੁਰ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਬ੍ਰਿਤਾਂਤ ਢਾਡੀ ਵਾਰਾਂ ਵਿੱਚ ਸੰਗਤਾਂ ਨੂੰ ਵਿਸਥਾਰ ਵਿੱਚ ਸੁਣਾਇਆ। ਭਾਈ ਸੰਦੀਪ ਸਿੰਘ, ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੂਹ ਮਾਨਵਤਾ ਦੀ ਭਲਾਈ ਲਈ ਕੀਤੀਆਂ ਚਾਰੇ ਉਦਾਸੀਆਂ ਬਾਰੇ ਸੰਖੇਪ ਵਿੱਚ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਗੁਰਮੇਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਤੋੱ ਇਲਾਵਾ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂ, ਕਥਾਵਾਚਕਾਂ, ਕਵੀਸ਼ਰਾਂ ਅਤੇ ਗੁਰਮਤਿ ਪ੍ਰਚਾਰਕਾਂ ਵੱਲੋੱ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਨਿਹਾਲ ਕੀਤਾ। ਇੰਝ ਹੀ ਇੱਥੋਂ ਦੇ ਨੇੜਲੇ ਇਤਿਹਾਸਕ ਪਿੰਡ ਦਾਊਂ ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਸਰਧਾ ਅਨੂਸਾਰ ਮਨਾਇਆ ਗਿਆ। ਇਸ ਮੌਕੇ ਸਵੇਰੇ ਹੈਡ ਗਰੰਥੀ ਗਿਆਨ ਪੂਰਨ ਦੀ ਅਗਵਾਈ ’ਚ ਸ੍ਰੀ ਆਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਜਿਸ ਦੌਰਾਨ ਭਾਈ ਹਰਕ੍ਰਿਸ਼ਨ ਸਿੰਘ ਦੇ ਰਾਗੀ ਜੱਥੇ ਵੱਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਉਪਰੰਤ ਗਿਆਨੀ ਭਗਵੰਤ ਸਿੰਘ ਅਤੇ ਮਾਸਟਰ ਹਰਬੰਸ ਸਿੰਘ ਨੇ ਗੁਰਮਤਿ ਵਿਚਾਰਾਂ ਕੀਤੀਆਂ। ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਰਾਜ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਮੈਂਬਰ ਲਵਵਿੰਦਰ ਸਿੰਘ, ਬਲਜੀਤ ਸਿੰਘ, ਯਾਦਵਿੰਦਰ ਸਿੰਘ ਬਾਗੜੀ, ਬਲਬੀਰ ਸਿੰਘ ਘੋਲਾ, ਪੰਚ ਅਜਮੇਰ ਸਿੰਘ, ਦਰਸ਼ਨ ਸਿੰਘ , ਸਤਨਾਮ ਸਿੰਘ ਅਤੇ ਮਾਸਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ 11 ਪ੍ਰਭਾਤਫੇਰੀਆਂ ਦਾ ਸੰਚਾਲਨ ਕੀਤਾ ਗਿਆ। ਗੁਰੂ ਦਾ ਲੰਗਰ ਅਤੁੱਟ ਵਰਤਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ